Monday, May 28, 2007

ਕਿਸਾਨਾਂ ਲਈ ਜੂਨ ਮਹੀਨੇ ਦੇ ਖੇਤੀ ਰੁਝੇਵੇਂ

ਝੋਨਾ-ਅੱਧ-ਮਈ ਵਿਚ ਬੀਜੀ ਗਈ ਝੋਨੇ ਦੀ ਪਨੀਰੀ ਨੂੰ ਨਾਈਟ੍ਰੋਜਨ ਦੀ ਦੂਸਰੀ ਖੁਰਾਕ ਦੇ ਦਿਉ ਤਾਂ ਜੋ ਖੇਤ ਵਿਚ ਲਗਾਉਣ ਤੱਕ ਪਨੀਰੀ ਵਧੀਆ ਤਿਆਰ ਹੋ ਜਾਵੇ। ਝੋਨੇ ਦੀਆਂ ਪੀ. ੲੇ. ਯੂ.-201, ਪੀ. ਆਰ.-118, ਪੀ. ਆਰ.-116, ਪੀ. ਆਰ.-114, ਪੀ. ਆਰ.-111, ਪੀ. ਆਰ.-106, ਪੀ. ਆਰ.-108, ਪੀ. ਆਰ.-113 ਕਿਸਮਾਂ ਨੂੰ ਅੱਧ ਜੂਨ ਤੋਂ ਅਤੇ ਪੀ. ਆਰ. 115 ਨੂੰ 20 ਜੂਨ ਤੋਂ ਖੇਤਾਂ ਵਿਚ ਲਗਾਉਣਾ ਸ਼ੁਰੂ ਕਰ ਦਿਉ। ਝੋਨੇ ਦੀ ਪੀ. ਆਰ. 115 ਕਿਸਮ ਜਲਦੀ ਹੀ ਖੇਤ ਖਾਲੀ ਕਰ ਦਿੰਦੀ ਹੈ ਅਤੇ ਆਲੂ, ਮਟਰ ਅਤੇ ਬਰਸੀਮ ਦੀਆਂ ਫਸਲਾਂ ਦੀ ਸਮੇਂ ਸਿਰ ਬਿਜਾਈ ਹੋ ਜਾਂਦੀ ਹੈ। ਆਮ ਕਰਕੇ ਹਲਕੀਆਂ ਜ਼ਮੀਨਾਂ ’ਤੇ ਝੋਨੇ ਦੀ ਪਨੀਰੀ ਪੀਲੀ ਜਾਂ ਚਿੱਟੀ ਜਿਹੀ ਹੋ ਜਾਂਦੀ ਹੈ। ਇਸ ਦੀ ਰੋਕਥਾਮ ਲਈ 0.5 ਤੋਂ 1 ਕਿਲੋ ਫੈਰਸ ਸਲਫੇਟ, 100 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਚਾਰ-ਚਾਰ ਦਿਨਾਂ ਦੇ ਵਕਫੇ ’ਤੇ ਇਹ ਘੋਲ 3-4 ਵਾਰੀ ਦੁਹਰਾਓ। ਝੋਨੇ ਦੀ ਪਨੀਰੀ ਨੂੰ ਖੇਤ ਵਿਚ ਲਗਾਉਣ ਸਮੇਂ ਦਰਮਿਆਨੀਆਂ ਜ਼ਮੀਨਾਂ ਵਿਚ 37 ਕਿਲੋ ਯੂਰੀਆ ਪ੍ਰਤੀ ੲੇਕੜ ਦੇ ਹਿਸਾਬ ਪਾਓ। ਜਿਥੇ ਕਣਕ ਤੋਂ ਬਾਅਦ ਝੋਨਾ ਬੀਜਿਆ ਹੋਵੇ ਅਤੇ ਫਾਸਫੋਰਸ ਦੀ ਸਿਫਾਰਸ਼ ਖੁਰਾਕ ਕਣਕ ਨੂੰ ਪਾਈ ਹੋਵੇ ਤਾਂ ਇਹ ਹੋਰ ਨਾ ਪਾਓ। ਮਿੱਟੀ ਪਰਖ ’ਤੇ ਜਿਨ੍ਹਾਂ ਖੇਤਾਂ ਵਿਚ ਫਾਸਫੋਰਸ ਘੱਟ ਹੈ, ਉਥੇ 75 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ੲੇਕੜ ਦੇ ਹਿਸਾਬ ਪਾਓ। ਆਮ ਤੌਰ ’ਤੇ ਝੋਨੇ ਵਿਚ ਜ਼ਿੰਕ ਦੀ ਘਾਟ ਆ ਜਾਂਦੀ ਹੈ, ਇਸ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਪ੍ਰਤੀ ੲੇਕੜ ਦੇ ਹਿਸਾਬ ਪਾਓ। ਜੇਕਰ ਹਰੀ ਖਾਦ ਲਈ ਢੈਂਚਾ ਬੀਜਿਆ ਹੈ ਤਾਂ ਇਸ ਨੂੰ ਕੱਦੂ ਕਰਨ ਸਮੇਂ ਖੇਤ ਵਿਚ ਹੀ ਵਾਹ ਦਿਉ। ਨਦੀਨਾਂ ਦੀ ਰੋਕਥਾਮ ਲਈ 45 ਗ੍ਰਾਮ ਟੋਪਸਟਾਰ 80 ਤਾਕਤ ਜਾਂ 60 ਗ੍ਰਾਮ ਪਾਈਰੋਜ਼ੋਸਲ ਫੂਰਾਨ ਈਥਾਈਲ 10 ਤਾਕਤ (ਸਾਥੀ) ਜਾਂ 1200 ਮਿਲੀਲਿਟਰ ਕੋਈ ਵੀ ਸਿਫਾਰਸ਼ ਕੀਤੀ ਨਦੀਨਨਾਸ਼ਕ ਬੂਟਾਕਲੋਰ 50 ਤਾਕਤ ਜਾਂ 500 ਮਿਲੀਲਿਟਰ ਅਨੀਲੋਫਾਸ 30 ਤਾਕਤ ਜਾਂ ਪਰੋਟੀਲਾਕਲੋਰ 50 ਤਾਕਤ 600 ਮਿਲੀਲਿਟਰ ਜਾਂ ਸਟੌਂਪ 30 ਤਾਕਤ 1000-1200 ਮਿਲੀਲਿਟਰ ਪ੍ਰਤੀ ੲੇਕੜ ਨੂੰ 60 ਕਿਲੋ ਰੇਤ ਵਿਚ ਮਿਲਾ ਕੇ ਪ੍ਰਤੀ ੲੇਕੜ ਦੇ ਹਿਸਾਬ ਨਾਲ ਵਰਤੋ। ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ ਦੋ-ਤਿੰਨ ਦਿਨਾਂ ਦੇ ਵਿਚ ਖੜ੍ਹੇ ਪਾਣੀ ਵਿਚ ਇਨ੍ਹਾਂ ਵਿਚੋਂ ਕੋਈ ਇਕ ਨਦੀਨਨਾਸ਼ਕ ਦਾ ਇਕਸਾਰ ਛੱਟਾ ਦਿਉ।
• ਝੁਲਸ ਰੋਗ ਤੋਂ ਬਚਣ ਲਈ ਪੀ. ੲੇ. ਯੂ.-201, ਪੀ. ਆਰ.-118, ਪੀ. ਆਰ.-116, ਪੀ. ਆਰ.-114, ਪੀ. ਆਰ.-111 ਅਤੇ ਪੀ. ਆਰ.-113 ਕਿਸਮਾਂ ਦੀ ਬਿਜਾਈ ਨੂੰ ਪਹਿਲ ਦਿਉ।
ਬਾਸਮਤੀ 386 ਅਤੇ ਬਾਸਮਤੀ 370 ਪ੍ਰਕਾਸ਼ ਸੰਸਲੇਸ਼ਨ ਨੂੰ ਮੰਨਦੀਆਂ ਹਨ ਅਤੇ ਠੰਢੇ ਤਾਪਮਾਨ ਵਿਚ ਪੱਕਦੀਆਂ ਹਨ। ਇਸ ਲਈ ਇਨ੍ਹਾਂ ਦੀ ਪਨੀਰੀ ਜੂਨ ਦੇ ਦੂਸਰੇ ਪੰਦਰਵਾੜੇ ਵਿਚ ਹੀ ਬੀਜੋ। ਸੁਪਰ ਬਾਸਮਤੀ ਅਤੇ ਪੂਸਾ ਸੁਗੰਧ-2 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਬੀਜੋ।
(ਰੋਜ਼ਾਨਾ ਅਜੀਤ ਜਲੰਧਰ)

No comments: