Thursday, May 24, 2007

ਪੰਜਾਬ ਵਿਚ ਡੀਜ਼ਲ ਪੌਦੇ ਨੂੰ ਵਪਾਰਕ ਪੱਧਰ ’ਤੇ ਬੀਜਣ ਦੀ ਲੋੜ

ਜਟਰੋਫਾ (ਡੀਜ਼ਲ ਪੌਦਾ) ਇਕ ਕ੍ਰਿਸ਼ਮਈ ਪੌਦਾ ਹੈ ਜਿਸ ਤੋਂ ਡੀਜ਼ਲ ਤਿਆਰ ਕੀਤਾ ਜਾਂਦਾ ਹੈ। ਇਸ ਪੌਦੇ ਤੋਂ ਤਿਆਰ ਡੀਜ਼ਲ, ਪ੍ਰਚੱਲਿਤ ਡੀਜ਼ਲ ਦੇ ਮੁਕਾਬਲੇ 80 ਫੀਸਦੀ ਕਾਰਬਨ ਅਤੇ ਪੰਜਾਹ ਫੀਸਦੀ ਕਾਰਬਨ ਮੋਨੋਆਕਸਾਈਡ ਘੱਟ ਫੈਲਾਅ ਕੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਪੰਜਾਬ ਵਿਚ ਕੁਦਰਤੀ ਤੇਲ ਪੈਦਾ ਕਰਨ ਵਾਲੇ ਪੌਦੇ ਜਿਵੇਂ ਨਿੰਮ, ਮਹੂਆ ਅਤੇ ਅਰਿੰਡੀ ਦੀ ਪੈਦਾਵਾਰ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ ਜਦਕਿ ਇਨ੍ਹਾਂ ਤੋਂ ਤਿਆਰ ਤੇਲ ਦੀ ਮੰਡੀ ਵਿਚ ਕਾਫੀ ਮੰਗ ਹੈ ਅਤੇ ਕੀਮਤ ਵੀ ਚੰਗੀ ਮਿਲ ਜਾਂਦੀ ਹੈ। ਜਟਰੋਫੇ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਲਈ ਬੈਂਕਾਂ ਵੱਲੋਂ ਤੀਹ ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਸਰਕਾਰ ਵੱਲੋਂ ਵੀ ਕਿਸਾਨਾਂ ਅਤੇ ਤੇਲ ਉਤਪਾਦਕਾਂ ਨੂੰ ਪੰਝੀ ਰੁਪੲੇ ਪ੍ਰਤੀ ਲਿਟਰ ਦੇ ਹਿਸਾਬ ਨਾਲ ਸਹਾਇਕ ਕੀਮਤ ਅਦਾ ਕੀਤੀ ਜਾਂਦੀ ਹੈ ਤਾਂ ਕਿ ਬਾਇਉ ਡੀਜ਼ਲ ਪੈਦਾ ਕਰਨ ਵਾਲੇ ਇਸ ਪੌਦੇ ਨੂੰ ਬੀਜ ਕੇ ਧਰਤੀ ਉੱਪਰ ਸਵਰਗ ਸਿਰਜਿਆ ਜਾ ਸਕੇ।
ਕਿਉਂਕਿ ਜਟਰੋਫੇ ਦੇ ਬੀਜ ਸੌ ਰੁਪੲੇ ਕਿਲੋ ਮਿਲਦੇ ਹਨ ਅਤੇ ਨਾਲ ਹੀ ਇਸ ਪੌਦੇ ਤੋਂ ਪੈਦਾਵਾਰ ਲੈਣ ਲਈ ਦੋ ਸਾਲ ਦਾ ਸਮਾਂ ਲਗਦਾ ਹੈ, ਇਸ ਕਾਰਨ ਕਿਸਾਨ ਜਟਰੋਫੇ ਦੀ ਕਾਸ਼ਤ ਕਰਨ ਤੋਂ ਘਬਰਾਉਂਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਇਸ ਪੌਦੇ ਦੀ ਕਾਸ਼ਤ ਕਰਨ ਨਾਲ ਅੱਗੇ ਕਿੰਨੇ ਗੁਣਾ ਮੁਨਾਫ਼ਾ ਹੋਣਾ ਹੈ ਅਤੇ ਮਨੁੱਖਤਾ ਦਾ ਕਿੰਨਾ ਭਲਾ ਹੋਣਾ ਹੈ। ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਵਾਤਾਵਰਨ ਪ੍ਰੇਮੀ ਨੇ ਇਸ ਬਾਇਉ ਡੀਜ਼ਲ ਪੌਦੇ ਦੀ ਕਾਸ਼ਤ ਵੱਲ ਪਹਿਲਕਦਮੀ ਕੀਤੀ ਹੈ। ਜਟਰੋਫੇ ਦੀ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਹੈ। ਬਾਇਓ ਡੀਜ਼ਲ ਤਿਆਰ ਕਰਨ ਵਾਲਾ ਪ੍ਰਾਜੈਕਟ ਬੇਕਨਜ਼ ਨੇ ਲਾ ਲਿਆ ਹੈ, ਜਿਸ ਦੀ ਤਕਨੀਕ ਹੋਰ ਨਵਿਆਉਣ ਲਈ ਕੰਪਨੀ ਨੇ ਆਸਟਰੀਆ ਨਾਲ ਗੰਢ ਪਾਈ ਹੈ। ਕਿਉਂਕਿ ਬਾਇਉ ਡੀਜ਼ਲ ਪੌਦੇ ਦੀ ਕਾਸ਼ਤ ਮੁਨਾਫੇ ਵਾਲਾ ਕੰਮ ਹੈ, ਇਸ ਕਾਰਨ ਬਹੁਤ ਸਾਰੀਆਂ ਕੰਪਨੀਆਂ ਕਿਸਾਨਾਂ ਨੂੰ ਕੰਟਰੈਕਟ ਫਾਰਮਿੰਗ ਲਈ ਪ੍ਰੇਰ ਰਹੀਆਂ ਹਨ। ਉਮੀਦ ਹੈ ਨਿਕਟ ਭਵਿੱਖ ਵਿਚ ਪੰਜਾਬ ਦੇ ਕਿਸਾਨ ਵੀ ਬਾਇਉ ਡੀਜ਼ਲ ਪੌਦੇ ਦੀ ਕਾਸ਼ਤ ਲਈ ਅੱਗੇ ਆਉਣਗੇ ਅਤੇ ਇਸ ਨੂੰ ਵਪਾਰਕ ਲੀਹਾਂ ’ਤੇ ਪੈਦਾ ਕਰਕੇ ਪੰਜਾਬ ਦੀ ਜਰਖੇਜ਼ ਜ਼ਮੀਨ ਨੂੰ ਪ੍ਰਦੂਸ਼ਣ ਮੁਕਤ ਕਰਨਗੇ। ਇਸ ਉਪਰਾਲੇ ਨਾਲ ਪੰਜਾਬ ਦੇ ਮਜ਼ਦੂਰ ਕਿਸਾਨ ਅਤੇ ਸਾਰੇ ਲੋਕਾਂ ਦਾ ਭਲਾ ਹੋਵੇਗਾ। ਪੰਜਾਬ ਖੁਸ਼ਹਾਲ ਹੋਵੇਗਾ।
-ਜਰਨੈਲ ਸਿੰਘ ਬੱਧਣ,
527, ਅਰਬਨ ਅਸਟੇਟ, ਫੇਸ ਨੰ: 2, ਜਲੰਧਰ।
(ਰੋਜ਼ਾਨਾ ਅਜੀਤ ਜਲੰਧਰ)

No comments: