Sunday, May 13, 2007

ਖੇਤੀ ਨੂੰ ਵਿਗਿਆਨਿਕ ਲੀਹਾਂ ’ਤੇ ਕਿਵੇਂ ਤੋਰੀੲੇ?

ਜ਼ਮੀਨ ਅਤੇ ਪਾਣੀ ਦੋ ਮੁੱਖ ਸੋਮੇ ਹਨ, ਜਿਨ੍ਹਾਂ ਨੂੰ ਬੜੀ ਲਿਆਕਤ ਨਾਲ ਵਰਤਣ ਦੀ ਲੋੜ ਹੈ। ਦੇਸ਼ ਦਾ ਅਨਾਜ ਭੰਡਾਰ ਬਣਦੇ-ਬਣਦੇ ਆਪਣੇ ਕੁਦਰਤੀ ਖਜ਼ਾਨਿਆਂ ਦੇ ਭੜੋਲੇ ਖਾਲੀ ਨਾ ਕਰੀੲੇ। ਪੰਜਾਬ ਦੀਆਂ ਜ਼ਮੀਨਾਂ ਵਿਚ ਘਟ ਰਿਹਾ ਜੀਵਕ ਮਾਦਾ ਫਸਲ ਦਾ ਉਤਪਾਦਨ ਵੀ ਘਟਾਵੇਗਾ। ਜ਼ਮੀਨ ਵਿਚ ਅਨਾਜ ਪੈਦਾ ਕਰਨ ਵਾਲੇ ਸ਼ਕਤੀਸ਼ਾਲੀ ਤੱਤ ਖੇਤੀ ਘਣਤਾ ਕਾਰਨ ਖੁਰ ਰਹੇ ਹਨ। ਢੈਂਚਾ, ਸਣ ਅਤੇ ਗੁਆਰਾ ਬੀਜ ਕੇ ਹਰੀ ਖਾਦ ਰਾਹੀਂ ਇਹ ਤੱਤ ਨਾਲੋ-ਨਾਲ ਜ਼ਮੀਨ ਵਿਚ ਵਧਾਓ। ਦੇਸੀ ਰੂੜੀ ਨੂੰ ਵੀ ਲਗਾਤਾਰ ਵਰਤੋ। ਰਾੲੀਜ਼ੋਬੀਅਮ ਅਤੇ ਅਜੋਟੋਬੈਕਟਰ ਵਰਗੀਆਂ ਬਾਇਓ ਖਾਦਾਂ ਨੂੰ ਵਰਤੋ। ਖੰਡ ਮਿੱਲਾਂ ਦੀ ਮੈਲ ਵੀ ਖਾਦ ਵਾਂਗ ਵਰਤੀ ਜਾ ਸਕਦੀ ਹੈ।
ਜਲ ਸੋਮਿਆਂ ਨੂੰ ਲਗਾਤਾਰ ਖੋਰਨ ਵਾਲੇ ਝੋਨੇ ਨੂੰ ਸਮੇਂ ਸਿਰ ਬੀਜਣ ਦੀ ਆਦਤ ਪਾਓ। ਸਿਆਣੇ ਆਖਦੇ ਨੇ, ੲੇਕ ਨੇ ਕਹੀ ਦੂਸਰੇ ਨੇ ਮਾਨੀ, ਦੋਵੇਂ ਬਣ ਗੲੇ ਬ੍ਰਹਮਗਿਆਨੀ। ਅੱਜ ਦਾ ਬ੍ਰਹਮ ਗਿਆਨ ਇਹੀ ਹੈ ਕਿ ਪ੍ਰਮਾਤਮਾ ਵੱਲੋਂ ਦਿੱਤੇ ਕੁਦਰਤੀ ਸੋਮਿਆਂ ਨੂੰ ਸੰਕੋਚ ਨਾਲ ਵਰਤੀੲੇ, ਬੇਰਹਿਮੀ ਨਾਲ ਨਹੀਂ। ਇਹ ਗੱਲ ਵੀ ਚੇਤੇ ਰੱਖੀੲੇ ਕਿ ਬਾਸਮਤੀ ਦੀ ਫਸਲ ਘੱਟ ਪਾਣੀ ਮੰਗਦੀ ਹੈ। ਅੰਤਰਰਾਸ਼ਟਰੀ ਮੰਡੀ ਵਿਚ ਸਾਡੀ ਬਾਸਮਤੀ ਨੂੰ ਪਹਿਲ ਦੇ ਆਧਾਰ ’ਤੇ ਖਰੀਦਿਆ ਜਾਂਦਾ ਹੈ। ਅਸੀਂ ਉਸ ਰਾਹ ਤੁਰੀੲੇ।
ਇਹ ਗੱਲ ਵੀ ਬਹੁਤ ਧਿਆਨ ਮੰਗਦੀ ਹੈ ਕਿ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਵੀ ਅਸੀਂ ਖੇਤਾਂ ਵਿਚ ਨਾ ਸਾੜੀੲੇ, ਕਿਉਂਕਿ ਇਹ ਸਿਰਫ ਮੌਸਮ ਨੂੰ ਹੀ ਪਲੀਤ ਨਹੀਂ ਕਰਦੀ ਸਗੋਂ ਅਗਲੀ ਫਸਲ ਦੀ ਉਪਜ ’ਤੇ ਵੀ ਮੰਦਾ ਅਸਰ ਪਾਉਂਦੀ ਹੈ।
ਖਾਦਾਂ ਦੀ ਬੇਲੋੜੀ ਵਰਤੋਂ ਵੀ ਰੋਕੋ। ਮਿੱਟੀ, ਪਾਣੀ ਪਰਖ ਦੇ ਆਧਾਰ ’ਤੇ ਫੈਸਲੇ ਲੈਣ ਦੀ ਆਦਤ ਪਾਓ। ਇਸ ਵੇਲੇ ਦੇਸ਼ ਵਿਚ ਖਾਦਾਂ ਦੀ ਔਸਤ ਵਰਤੋਂ 85 ਕਿਲੋ ਪ੍ਰਤੀ ਹੈਕਟੇਅਰ ਪ੍ਰਤੀ ਸਾਲ ਹੈ ਪਰ ਅਸੀਂ ਪੰਜਾਬ ਵਿਚ 213 ਕਿਲੋ ਪ੍ਰਤੀ ਹੈਕਟੇਅਰ ਪ੍ਰਤੀ ਸਾਲ ਵਰਤ ਰਹੇ ਹਾਂ। ਇਹ ਵੀ ਖੇਤੀ ਖਰਚੇ ਵਧਾਉਂਦੀ ਹੈ। ਨਾੲੀਟ੍ਰੇਟ ਤੱਤ ਦਾ ਪਾਣੀ ਰਾਹੀਂ ਖੁਰ-ਖੁਰ ਕੇ ਹੇਠਾਂ ਜਾਣਾ ਸਾਡੇ ਲੲੀ ਵੱਡੀਆਂ ਮੁਸੀਬਤਾਂ ਦਾ ਸੁਨੇਹਾ ਹੈ। ਜੇ ਧਰਤੀ ਹੇਠਲੇ ਪਾਣੀ ਨੂੰ ਪੀਣ ਲੲੀ ਹੀ ਨਾ ਵਰਤਿਆ ਜਾ ਸਕਿਆ ਤਾਂ ਕਿਧਰ ਜਾਵਾਂਗੇ?
ਫਸਲਾਂ ਨੂੰ ਕੀੜਿਆਂ ਤੋਂ ਬਚਾਉਣ ਲੲੀ ਸਰਬਪੱਖੀ ਕੀਟ ਕੰਟਰੋਲ ਵਿਧੀ ਵਿਕਸਿਤ ਹੋ ਚੁੱਕੀ ਹੈ, ਉਸ ਨੂੰ ਵਰਤੀੲੇ। ਕੀਟਨਾਸ਼ਕ ਜ਼ਹਿਰਾਂ ਦਾ ਭਾਰ ਫਸਲਾਂ ਤੋਂ ਘਟਾੲੀੲੇ। ਸਰਬਪੱਖੀ ਕੀਟ ਕੰਟਰੋਲ ਵਿਧੀ ਦੇ ਨਾਲ-ਨਾਲ ਨਰਮੇ ਦੀਆਂ ਬੀ. ਟੀ. ਕਿਸਮਾਂ ਨੇ ਵੀ ਨਰਮਾ ਪੱਟੀ ਵਾਲੇ ਜ਼ਿਲ੍ਹਿਆਂ ਵਿਚ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਘਟਾੲੀ ਹੈ। ਇਸ ਨੂੰ ਹੋਰ ਘਟਾਇਆ ਜਾ ਸਕਦਾ ਹੈ ਜੇਕਰ ਅਸੀਂ ਹੋਰ ਸੁਚੇਤ ਹੋੲੀੲੇ। ਨਰਮੇ ਦੇ ਕੀੜਿਆਂ ਤੋਂ ਇਲਾਵਾ ਨਦੀਨ ਮਾਰਨ ਲੲੀ ਵੀ ਬਹੁਤੀਆਂ ਨਦੀਨ ਨਾਸ਼ਕਾਂ ਦੀ ਥਾਂ ਫਸਲ-ਚੱਕਰ ਬਦਲ ਕੇ ਵੀ ਨਦੀਨ ਘਟਾੲੀੲੇ। ਹੱਥੀਂ ਗੋਡੀ ਕਰਨ ਦੀ ਆਦਤ ਨੂੰ ਵਿਸਾਰੀੲੇ ਨਾ।
ਫਸਲਾਂ ਦੀ ਰਹਿੰਦ-ਖੂੰਹਦ ਨੂੰ ਪੈਲੀਆਂ ਵਿਚ ਵਾਹ ਕੇ ਅਸੀਂ ਆਪਣੀ ਧਰਤੀ ਨੂੰ ਸਿਹਤਮੰਦ ਬਣਾ ਸਕਦੇ ਹਾਂ। ਇਸ ਵੇਲੇ 18 ਮਿਲੀਅਨ ਟਨ ਝੋਨੇ ਦੀ ਪਰਾਲੀ ਅਤੇ 4 ਮਿਲੀਅਨ ਟਨ ਕਣਕ ਦਾ ਨਾੜ ਹਰ ਸਾਲ ਸਾੜਦੇ ਹਾਂ। ਇਹ ਕੰਮ ਨਾ ਕਰਿਆ ਕਰੀੲੇ, ਕਿਉਂਕਿ ਇਹ ਆਤਮਘਾਤੀ ਰਾਹ ਹੈ। ਪਰਾਲੀ ਅਤੇ ਨਾੜ ਨੂੰ ਅੱਗ ਲਾਉਣ ਨਾਲ ਸਾਹ ਦੀਆਂ ਸਮੱਸਿਆਵਾਂ ਵਧਦੀਆਂ ਹਨ ਅਤੇ ਇਸ ਪਰਾਲੀ ਨੂੰ ਅਗਲੀ ਫਸਲ ਬੀਜਣ ਵੇਲੇ ਜ਼ਮੀਨ ਢਕਣ ਲੲੀ ਵਰਤਿਆ ਜਾ ਸਕਦਾ ਹੈ। ਹੈਪੀ ਸੀਡਰ ਰਾਹੀਂ ਝੋਨੇ ਵਾਲੀਆਂ ਪੈਲੀਆਂ ਵਿਚ ਕਣਕ ਦੀ ਕਾਸ਼ਤ ਹੁਣ ਸੰਭਵ ਹੈ।
ਆਪਣੀ ਉਪਜ ਦੇ ਪਕਵਾਨ ਬਣਾਉਣੇ ਵੀ ਸਿੱਖੀੲੇ। ਛੋਟੇ-ਛੋਟੇ ਐਗਰੋ ਪ੍ਰੋਸੈਸਿੰਗ ਯੂਨਿਟ ਲਾ ਕੇ ਝੋਨੇ ਤੋਂ ਚੌਲ, ਕਣਕ ਤੋਂ ਆਟਾ ਅਤੇ ਮਸਾਲਾ ਪੀਸਣ ਵਾਲੀਆਂ ਮਸ਼ੀਨਾਂ ਰਾਹੀਂ ਆਪਣੇ ਇਲਾਕੇ ਵਿਚ ਨਵੀਆਂ ਮੰਡੀਆਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ। ਇਵੇਂ ਹੀ ਫਲਾਂ ਤੋਂ ਅਚਾਰ, ਮੁਰੱਬੇ, ਚਟਣੀਆਂ ਬਣ ਸਕਦੀਆਂ ਹਨ। ਸ਼ਹਿਦ ਦੀ ਡੱਬਾਬੰਦੀ ਕੀਤੀ ਜਾ ਸਕਦੀ ਹੈ। ਆਪਣੀ ਉਪਜ ਨੂੰ ਮੰਡੀ ਵਿਚ ਸੁੱਟੀੲੇ ਨਾ, ਪੂਰਾ ਮੁੱਲ ਵੱਟ ਕੇ ਵੇਚੀੲੇ।
ਪੌਸ਼ਟਿਕ ਬਗੀਚੀ ਦਾ ਸੰਕਲਪ ਪਛਾਣੀੲੇ। ਮਾਚਸ ਦੀ ਡੱਬੀ ਅਤੇ ਲੂਣ ਤੋਂ ਬਗੈਰ ਰਸੋੲੀ ਵਿਚ ਵਰਤਿਆ ਜਾਣ ਵਾਲਾ ਹਰ ਸੌਦਾ ਤੁਹਾਡੀ ਤਿੰਨ ਕਨਾਲ ਦੀ ਬਗੀਚੀ ਵਿਚ ਬੀਜਿਆ ਜਾ ਸਕਦਾ ਹੈ। ਜੇਕਰ ਸੂਬੇ ਦੇ 10 ਲੱਖ ਖੇਤੀ ਕਰਦੇ ਪਰਿਵਾਰਾਂ ਨੂੰ ਤਿੰਨ ਕਨਾਲ ਜ਼ਮੀਨ ਵਿਚ ਪੌਸ਼ਟਿਕ ਬਗੀਚੀ ਬੀਜਣ ਦੀ ਸੋਚ ਆ ਜਾਵੇ ਤਾਂ ਕਣਕ-ਝੋਨਾ ਫਸਲ ਚੱਕਰ ਹੇਠੋਂ 1.5 ਲੱਖ ਹੈਕਟੇਅਰ ਰਕਬਾ ਸਹਿਜੇ ਹੀ ਕੱਢਿਆ ਜਾ ਸਕਦਾ ਹੈ।
ਮਹਿੰਗੇ ਮੁੱਲ ਵਾਲੀ ਮਸ਼ੀਨਰੀ ਨੂੰ ਆਪ ਖਰੀਦਣ ਦੀ ਹੋੜ ਵੀ ਤਿਆਗੀੲੇ। ਥੋੜ੍ਹੀਆਂ ਜ਼ਮੀਨਾਂ ਵਾਲੇ ਕਿਸਾਨ ਭਰਾ ਸੋਚ ਦਾ ਪੱਲਾ ਫੜਨ। ਸਹਿਕਾਰੀ ਸਭਾਵਾਂ ਦੇ ਮੈਂਬਰ ਬਣ ਕੇ ਮਹਿੰਗੀ ਮਸ਼ੀਨਰੀ ਨੂੰ ਘੱਟ ਪੈਸਿਆਂ ਵਿਚ ਵਰਤੀੲੇ। ਬੈਂਕ ਦੇ ਵਿਆਜ ਤਾਰਦਿਆਂ ਉਮਰ ਗੁਜ਼ਾਰਨ ਦੀ ਥਾਂ ਥੋੜ੍ਹੇ ਖਰਚੇ ਨਾਲ ਮਸ਼ੀਨੀ ਖੇਤੀ ਦਾ ਮਾਰਗ ਧਾਰਨ ਕਰੀੲੇ। ਆਪਣੀ ਉਪਜ ਨੂੰ ਨਿੱਕੇ-ਨਿੱਕੇ ਗਰੁੱਪ ਬਣਾ ਕੇ ਵੇਚਣ ਵੱਲ ਤੁਰੀੲੇ। ਇਸ ਨਾਲ ਕਮਾੲੀ ਵੀ ਵਧੇਗੀ ਅਤੇ ਖਰਚੇ ਵੀ ਘਟਣਗੇ। ਬਠਿੰਡਾ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਦੇ ਮਧੂਮੱਖੀ ਪਾਲਕ ਕਿਸਾਨਾਂ ਨੇ ਇਸ ਮਾਰਗ ’ਤੇ ਤੁਰ ਕੇ ਕਾਮਯਾਬੀ ਦੇ ਝੰਡੇ ਗੱਡੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹਲਦੀ ਉਤਪਾਦਕਾਂ ਨੇ ਹਲਦੀ ਦੀ ਪ੍ਰਾਸੈਸਿੰਗ ਨੂੰ ਸਹਿਕਾਰੀ ਪੱਧਰ ’ਤੇ ਅਪਣਾਇਆ ਹੈ। ਮੁਨਾਫਾ ਵਧਾਇਆ ਹੈ। ਅਸੀਂ ਤੁਸੀਂ ਕਿਉਂ ਨਹੀਂ ਕਰ ਸਕਦੇ?

-ਡਾ: ਨਛੱਤਰ ਸਿੰਘ ਮੱਲ੍ਹੀ,
ਨਿਰਦੇਸ਼ਕ, ਪਸਾਰ ਸਿੱਖਿਆ।
(ਧੰਨਵਾਦ ਸਹਿਤ ਅਜੀਤ ਜਲੰਧਰ-)

No comments: