Sunday, May 13, 2007

ਝੋਨੇ ਦੀ ਅਗੇਤੀ ਬਿਜਾੲੀ ਭਵਿੱਖ ਦੀ ਤਬਾਹੀ

1993-2003 ਦੇ ਅੰਕੜਿਆਂ ਅਨੁਸਾਰ ਕੇਂਦਰੀ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਹਰ ਸਾਲ ਤਕਰੀਬਨ 55 ਸੈਂਟੀਮੀਟਰ ਦੀ ਦਰ ਨਾਲ ਥੱਲੇ ਜਾ ਰਿਹਾ ਸੀ ਜਦਕਿ ਪਿਛਲੇ ਸਾਲ ਇਹ ਗਿਰਾਵਟ ਵਧ ਕੇ 74 ਸੈਂਟੀਮੀਟਰ ਹੋ ਗੲੀ ਹੈ। ਇਸ ਦਾ ਮੁੱਖ ਕਾਰਨ ਝੋਨੇ ਦੀ ਅਗੇਤੀ ਬਿਜਾੲੀ ਹੈ। 10 ਮੲੀ ਨੂੰ ਲਗਾੲੇ ਗੲੇ ਝੋਨੇ ਕਾਰਨ ਪਾਣੀ ਦੀ ਸਤਹਿ ਸਾਲਾਨਾ 60 ਸੈਂਟੀਮੀਟਰ ਹੇਠਾਂ ਜਾਂਦੀ ਹੈ ਜਦਕਿ 10 ਜੂਨ ਨੂੰ ਲਗਾੲੇ ਝੋਨੇ ਵਿਚ ਇਹ ਗਿਰਾਵਟ ਸਿਰਫ 10 ਸੈਂਟੀਮੀਟਰ ਹੀ ਰਹਿ ਜਾਂਦੀ ਹੈ ਪਰ 20 ਜੂਨ ਨੂੰ ਲਗਾੲੇ ਝੋਨੇ ਵਿਚ ਇਹ ਗਿਰਾਵਟ ਬਿਲਕੁਲ ਖਤਮ ਹੋ ਜਾਂਦੀ ਹੈ ਅਤੇ 1 ਜੁਲਾੲੀ ਨੂੰ ਲਗਾੲੇ ਝੋਨੇ ਵਿਚ ਪਾਣੀ ਦੀ ਸਤਹਿ 10 ਸੈਂਟੀਮੀਟਰ ਉੱਪਰ ਚੜ੍ਹ ਜਾਂਦੀ ਹੈ। ਇਸੇ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀ ਲੁਆੲੀ 10 ਜੂਨ ਦੀ ਥਾਂ 15 ਜੂਨ ਤੋਂ ਸ਼ੁਰੂ ਕਰਨ ਦੀ ਸਿਫਾਰਸ਼ ਕੀਤੀ ਹੈ। ਝੋਨੇ ਦੀ ਅਗੇਤੀ ਬਿਜਾੲੀ ਨੇ ਪੰਜਾਬ ਵਿਚ ਜੂਨ ਮਹੀਨੇ ਦੇ ਵਾਤਾਵਰਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਖੇਤੀ ਮਾਹਿਰਾਂ ਦਾ ਸਰਵੇਖਣ ਦੱਸਦਾ ਹੈ ਕਿ 1970 ਵਿਚ ਜਦੋਂ ਝੋਨੇ ਦੀ ਬਿਜਾੲੀ ਜੁਲਾੲੀ ਵਿਚ ਹੁੰਦੀ ਸੀ, ਉਸ ਦੇ ਮੁਕਾਬਲੇ ਹੁਣ ਹਵਾ ਦੀ ਨਮੀ ਬਹੁਤ ਵਧ ਗੲੀ ਹੈ, ਜਿਸ ਕਾਰਨ ਝੋਨੇ ਦੀਆਂ ਬਿਮਾਰੀਆਂ ਵੀ ਬਹੁਤ ਵਧੀਆਂ ਹਨ। ਇਹ ਵੀ ਦੇਖਣ ਵਿਚ ਆਇਆ ਹੈ ਕਿ ਝੋਨੇ ਦੀ ਅਗੇਤੀ ਬਿਜਾੲੀ ਪਾਣੀ ਦੇ ਨੁਕਸਾਨ ਦੇ ਨਾਲ-ਨਾਲ ਝੋਨੇ ਦੀ ਫਸਲ ਉੱਤੇ ਤਣੇ ਦੇ ਗੜੂੰੲੇਂ ਦੇ ਹਮਲੇ ਨੂੰ ਵੀ ਵਧਾਉਂਦੀ ਹੈ। ਖੋਜ ਨਤੀਜੇ ਦਰਸਾਉਂਦੇ ਹਨ ਕਿ ਝੋਨੇ ਦੀ ਅਗੇਤੀ ਬਿਜਾੲੀ ਕਾਰਨ ਜੁਲਾੲੀ-ਅਗਸਤ ਤੱਕ ਤਣੇ ਦੇ ਗੜੂੰੲੇਂ ਦੀਆਂ 5-6 ਪੀੜ੍ਹੀਆਂ ਵਿਕਸਿਤ ਹੋ ਜਾਂਦੀਆਂ ਹਨ ਅਤੇ ਸਮੇਂ-ਸਿਰ ਬਿਜਾੲੀ ਕਰਨ ਵਾਲੇ ਕਿਸਾਨ ਲੲੀ ਵੱਡੀ ਜਨਸੰਖਿਆ ਵਿਚ ਵਧੇ ਕੀੜੇ ਦਾ ਟਾਕਰਾ ਕਰਨਾ ਸਮੱਸਿਆ ਬਣ ਜਾਂਦਾ ਹੈ। ਅਗੇਤੀ ਬਿਜਾੲੀ ਕਰਨ ਵਾਲੇ ਕਿਸਾਨ ਪਾਣੀ ਦੀ ਵੱਧ ਵਰਤੋਂ ਕਰਕੇ ਦੇਸ਼ ਦੇ ਸੁਰੱਖਿਅਤ ਭਵਿੱਖ ਨਾਲ ਹੀ ਖਿਲਵਾੜ ਨਹੀਂ ਕਰਦੇ, ਸਗੋਂ ਠੀਕ ਸਮੇਂ ’ਤੇ ਬਿਜਾੲੀ ਕਰਨ ਵਾਲੇ ਕਿਸਾਨਾਂ ਦੀ ਫਸਲ ਦੇ ਹਮਲਾਵਰ ਕੀੜੇ ਪੈਦਾ ਕਰਕੇ ਉਨ੍ਹਾਂ ਦਾ ਝਾੜ ਵੀ ਘਟਾ ਦਿੰਦੇ ਹਨ। ਅਗੇਤੀ ਫਸਲ ’ਤੇ ਪੈਦਾ ਹੋੲੇ ਕੀੜਿਆਂ ਦੇ ਠੀਕ ਸਮੇਂ ’ਤੇ ਬੀਜੀ ਫਸਲ ਉੱਪਰ ਹਮਲੇ ਕਾਰਨ ਘਟਣ ਵਾਲੇ ਝਾੜ ਤੋਂ ਬਚਣ ਲੲੀ ਹੀ ਬਹੁਤੇ ਕਿਸਾਨ ਫਸਲ ਦੀ ਬਿਜਾੲੀ ਪਹਿਲਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਮਾਜਿਕ ਆਗੂਆਂ ਨੂੰ ਚਾਹੀਦਾ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ 15 ਜੂਨ ਤੋਂ ਅਗੇਤੀ ਬਿਜਾੲੀ ਕਰਨ ਵਾਲੇ ਕਿਸਾਨਾਂ ਨੂੰ ਭਾੲੀਚਾਰਕ ਪ੍ਰੇਰਨਾ ਦੇ ਕੇ ਠੀਕ ਸਮੇਂ ’ਤੇ ਬਿਜਾੲੀ ਕਰਵਾਉਣ ਲੲੀ ਰਜ਼ਾਮੰਦ ਹੋਣ।
ਸਾਲ 1973 ਵਿਚ ਪੰਜਾਬ ਦੇ ਸਿਰਫ 3 ਫੀਸਦੀ ਇਲਾਕੇ ਵਿਚ ਹੀ ਪਾਣੀ ਦੀ ਸਤਹਿ 30 ਫੁੱਟ ਤੋਂ ਹੇਠਾਂ ਸੀ। ਹੁਣ ਮੱਧ ਪੰਜਾਬ ਦੇ 30 ਫੀਸਦੀ ਤੋਂ ਵੱਧ ਇਲਾਕੇ ਵਿਚ ਇਹ ਸਤਹ 70 ਫੁੱਟ ਤੋਂ ਵੀ ਹੇਠਾਂ ਜਾ ਚੁੱਕੀ ਹੈ ਅਤੇ 2023 ਤੱਕ ਇਹ ਸਤਹ ਦੇ 160 ਫੁੱਟ ਤੋਂ ਵੀ ਹੇਠਾਂ ਚਲੇ ਜਾਣ ਦਾ ਅਨੁਮਾਨ ਹੈ। ਮੱਧ ਪੰਜਾਬ ਦੇ ਘਰਾਂ ਵਿਚ ਲੱਗੇ ਬਹੁਤੇ ਨਲਕੇ ਪਹਿਲਾਂ ਹੀ ਜਵਾਬ ਦੇ ਚੁੱਕੇ ਹਨ, ਜੇ ਹਾਲਾਤ ਇੰਜ ਹੀ ਰਹੇ ਤਾਂ ਖੇਤੀ ਤਾਂ ਦੂਰ ਰਹੀ, ਪੰਜਾਬ ਦੇ ਲੋਕ ਪੀਣ ਲੲੀ ਪਾਣੀ ਨੂੰ ਵੀ ਤਰਸਣਗੇ।
ਸਬਮਰਸੀਬਲ ਪੰਪਾਂ ਨਾਲ ਪਾਣੀ ਕੱਢਣਾ ਨਾ ਕੋੲੀ ਸਦੀਵੀ ਹੱਲ ਹੈ ਅਤੇ ਨਾ ਹੀ ਸਿਆਣਪ। ਪੰਜਾਬ ਦੇ 40 ਫੀਸਦੀ ਰਕਬੇ (ਪੱਛਮੀ-ਦੱਖਣੀ ਜ਼ਿਲ੍ਹਿਆਂ) ਵਿਚ ਹੇਠਲੇ ਪਾਣੀ ਮਾੜੇ ਹਨ ਅਤੇ ਸਿੰਚਾੲੀ ਯੋਗ ਨਹੀਂ। ਸਬਮਰਸੀਬਲ ਪੰਪਾਂ ਨਾਲ ਡੂੰਘੀ ਸਤਹਿ ਤੋਂ ਪਾਣੀ ਕੱਢ ਕੇ ਕੀਤੀ ਸਿੰਜਾੲੀ ਸਾਡੀਆਂ ਜ਼ਮੀਨਾਂ ਨੂੰ ਮੁੜ ਤੋਂ ਕਲਰਾਠੀਆਂ ਬਣਾ ਦੇਵੇਗੀ। ਪਿਛਲੇ ਦਹਾਕਿਆਂ ਵਿਚ ਪੰਜਾਬ ਵਿਚ ਕੱਲਰ ਦਾ ਖਾਤਮਾ ਚੰਗੇ ਪਾਣੀ ਦੀ ਉਪਲਬਧੀ ਕਾਰਨ ਹੀ ਸੰਭਵ ਹੋ ਸਕਿਆ ਸੀ। ਹੁਣ ਜਦੋਂ ਪਾਣੀ ਹੀ ਕੱਲਰ ਵਾਲਾ ਨਿਕਲ ਆਵੇਗਾ ਤਾਂ ਜ਼ਮੀਨ ਬੰਜਰ ਹੋ ਕੇ ਰਹਿ ਜਾਵੇਗੀ। ਮੱਧ ਪੰਜਾਬ ਵਿਚ ਪਾਣੀ ਦੀ ਤੇਜ਼ੀ ਨਾਲ ਡਿਗਦੀ ਸਤਹ ਦੇ ਕਾਰਨ ਦੱਖਣੀ-ਪੱਛਮੀ ਜ਼ਿਲ੍ਹਿਆਂ ਦੇ ਧਰਤੀ ਹੇਠਲੇ ਮਾੜੇ ਪਾਣੀ ਦਾ ਵਹਾਅ ਮੱਧ ਪੰਜਾਬ ਵੱਲ ਹੋ ਜਾਣ ਦੀ ਸੰਭਾਵਨਾ ਹੈ। ਮੱਧ ਪੰਜਾਬ ਦੇ ਪਾਣੀ ’ਤੇ ਇਨ੍ਹਾਂ ਮਾਰੂ ਪ੍ਰਭਾਵਾਂ ਦਾ ਅਸਰ ਮੋਗਾ ਜ਼ਿਲ੍ਹੇ ਦੇ ਬਲਾਕ ਨਿਹਾਲ ਸਿੰਘ ਵਾਲਾ ਵਿਚ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਸਾਲ 1997 ਦੇ ਅੰਕੜਿਆਂ ਮੁਤਾਬਿਕ ਇਸ ਬਲਾਕ ਦੇ ਸਿਰਫ 11 ਫੀਸਦੀ ਪਾਣੀ ਮਾੜੇ ਸਨ ਜੋ ਕਿ 2004 ਚਿ ਵਧ ਕੇ 30 ਫੀਸਦੀ ਤੱਕ ਪਹੁੰਚ ਗੲੇ ਹਨ। ਇਸ ਲੲੀ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਭਵਿੱਖ ਵਿਚ ਆਉਣ ਵਾਲੇ ਮਾੜੇ ਨਤੀਜਿਆਂ ਤੋਂ ਸੁਚੇਤ ਰਹਿਣ। ਅਸੀਂ ਇਹ ਚਿਤਾਵਨੀ ਦੇਣੀ ਵੀ ਜ਼ਰੂਰੀ ਸਮਝਦੇ ਹਾਂ ਕਿ ਪਾਣੀ ਸੰਕਟ ਇਕੱਲਾ ਹੀ ਨਹੀਂ ਆਵੇਗਾ, ਸਗੋਂ ਆਪਣੇ ਨਾਲ ਬਿਜਲੀ ਸੰਕਟ ਵੀ ਲੈ ਕੇ ਆਵੇਗਾ। ਚੇਤੇ ਰਹੇ ਕਿ 12 ਮੀਟਰ ਡੂੰਘੀ ਸਤਹ ਤੋਂ ਪਾਣੀ ਕੱਢਣ ਲੲੀ 6 ਮੀਟਰ ਡੂੰਘੀ ਸਤਹ ਦੇ ਮੁਕਾਬਲੇ ਡੇਢ ਗੁਣਾ ਵੱਧ ਬਿਜਲੀ ਦੀ ਜ਼ਰੂਰਤ ਹੁੰਦੀ ਹੈ ਅਤੇ ਜੇ ਇਹੀ ਸਤਹ 30 ਮੀਟਰ ਡੂੰਘੀ ਚਲੀ ਗੲੀ ਤਾਂ ਤਿੰਨ ਗੁਣਾ ਵਧੇਰੇ ਬਿਜਲੀ ਦੀ ਲੋੜ ਪਵੇਗੀ। ਸਾਡੀਆਂ ਮੌਜੂਦਾ ਮੋਟਰਾਂ ਜਵਾਬ ਦੇ ਜਾਣਗੀਆਂ ਅਤੇ 5-10 ਹਾਰਸ ਪਾਵਰ ਦੀ ਥਾਂ ਘੱਟੋ-ਘੱਟ 15-20 ਹਾਰਸ ਵਾਪਰ ਦੀਆਂ ਮੋਟਰਾਂ ਵਰਤਣੀਆਂ ਪੈਣਗੀਆਂ। ਮੋਟਰਾਂ ਦਾ ਬੰਦੋਬਸਤ ਤਾਂ ਵੱਡੇ ਕਿਸਾਨ ਕਰ ਲੈਣਗੇ ਪਰ ੲੇਨੀ ਬਿਜਲੀ ਕਿਥੋਂ ਆਵੇਗੀ? ਇਸ ਦੇ ਮਾਰੂ ਪ੍ਰਭਾਵ ਸਨਅਤੀ ਖੇਤਰ ’ਤੇ ਵੀ ਪੈਣਗੇ। ਸਿੱਟੇ ਵਜੋਂ ਸਨਅਤਕਾਰ ਪੰਜਾਬ ਵਿਚ ਕਾਰਖਾਨੇ ਲਾਉਣ ਤੋਂ ਗੁਰੇਜ਼ ਕਰਨਗੇ ਅਤੇ ਬੇਰੁਜ਼ਗਾਰੀ ਹੋਰ ਵਧੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਪਾਣੀ ਦੀ ਯੋਗ ਵਰਤੋਂ ਯਕੀਨੀ ਬਣਾਉਣ ਲੲੀ ਵਿਧੀ-ਵਿਧਾਨ ਅਮਲ ਵਿਚ ਲਿਆਵੇ। ਕਿਸਾਨ ਕਲੱਬਾਂ, ਪੰਚਾਇਤਾਂ ਅਤੇ ਸਮਾਜ-ਸੇਵੀ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ 15 ਮੲੀ ਤੋਂ ਅਗੇਤੀ ਝੋਨੇ ਦੀ ਪਨੀਰੀ ਬੀਜਣ ਵਾਲੇ ਕਿਸਾਨਾਂ ਖਿਲਾਫ ਲਾਮਬੰਦ ਹੋਣ।
-ਗੁਰਦੇਵ ਸਿੰਘ ਹੀਰਾ ਅਤੇ ਵਰਿੰਦਰਪਾਲ ਸਿੰਘ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

(ਧੰਨਵਾਦ ਸਹਿਤ ਅਜੀਤ ਜਲੰਧਰ)

No comments: