Sunday, May 13, 2007

ਝੋਨੇ ਵਿਚ ਪਾਣੀ ਦੀ ਬੱਚਤ ਲੲੀ ਯੰਤਰ ਟੈਂਸ਼ੀਓਮੀਟਰ

ਪਹਿਲਾਂ-ਪਹਿਲ ਝੋਨੇ ਦੀ ਕਾਸ਼ਤ ਲੲੀ ਨਿਰੰਤਰ ਪਾਣੀ ਖੜ੍ਹਾ ਰੱਖ ਕੇ ਕਾਫੀ ਬਿਜਲੀ ਅਤੇ ਪਾਣੀ ਦਾ ਖਰਚ ਕਰਨਾ ਪੈਂਦਾ ਸੀ। ਖੇਤੀ ਮਾਹਿਰਾਂ ਦੀ ਸੁਘੜ ਅਗਵਾੲੀ ਵਿਚ ਸਿਰਫ ਪਹਿਲੇ ਦੋ ਹਫਤੇ ਪਾਣੀ ਖੜ੍ਹਾ ਰੱਖਣ ਉਪਰੰਤ ਪਾਣੀ ਜ਼ੀਰਨ ਤੋਂ ਦੋ ਦਿਨਾਂ ਬਾਅਦ ਸਿੰਚਾੲੀ ਕਰਨ ਦੀ ਵਿਧੀ ਨੇ ਪਾਣੀ ਦੀ ਲੋੜੀਂਦੀ ਮਾਤਰਾ 34 ਫੀਸਦੀ ਘਟਾ ਦਿੱਤੀ। ਹੁਣ ਵਿਗਿਆਨੀਆਂ ਨੇ ਟੈਂਸ਼ੀਓਮੀਟਰ ਦੀ ਵਰਤੋਂ ਕਰਕੇ ਝੋਨੇ ਲੲੀ ਲੋੜੀਂਦੇ ਪਾਣੀ ਦੀ ਮਾਤਰਾ 20 ਫੀਸਦੀ ਹੋਰ ਘਟਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਭੂਮੀ ਵਿਚਲੇ ਪਾਣੀ ਦੀ ਪੌਦੇ ਦੀਆਂ ਜੜ੍ਹਾਂ ਤੱਕ ਪਹੁੰਚ ਮਿੱਟੀ ਦੀ ਬਣਤਰ ’ਤੇ ਨਿਰਭਰ ਕਰਦੀ ਹੈ। ਭਾਰੀਆਂ ਅਤੇ ਮੈਰਾ ਜ਼ਮੀਨਾਂ ਵਿਚ ਇਕੋ ਜਿੰਨਾ ਪਾਣੀ ਹੋਣ ਦੇ ਬਾਵਜੂਦ ਫਸਲ ਨੂੰ ਪਾਣੀ ਦੀ ਉਪਲਬਧੀ ਮੈਰਾ ਜ਼ਮੀਨਾਂ ਵਿਚ ਜ਼ਿਆਦਾ ਹੁੰਦੀ ਹੈ। ਫਸਲ ਨੂੰ ਪਾਣੀ ਦੀ ਪ੍ਰਾਪਤੀ ਜ਼ਮੀਨ ਵਿਚਲੇ ਪਾਣੀ ਦੀ ਕੁਲ ਮਾਤਰਾ ’ਤੇ ਨਹੀਂ, ਸਗੋਂ ਜ਼ਮੀਨ ਦੀ ਪਾਣੀ ਨੂੰ ਖਿੱਚਣ ਦੀ ਸਮਰੱਥਾ (ਸਕਸ਼ਨ) ’ਤੇ ਨਿਰਭਰ ਕਰਦੀ ਹੈ। ਕਿਸੇ ਵੀ ਇਕ ਸਕਸ਼ਨ ਤੇ ਜ਼ਮੀਨ ਵਿਚਲੇ ਕੁਲ ਪਾਣੀ ਦੀ ਮਾਤਰਾ ਭਾਰੀਆਂ ਮਿੱਟੀਆਂ ਵਿਚ ਮੈਰਾ ਜਾਂ ਰੇਤਲੀਆਂ ਜ਼ਮੀਨਾਂ ਨਾਲੋਂ ਜ਼ਿਆਦਾ ਹੋਵੇਗੀ। ਫਸਲ ਦੀ ਸਿੰਚਾੲੀ ਲੲੀ ਢੁਕਵਾਂ ਸਮਾਂ ਪਤਾ ਕਰਨ ਲੲੀ ਇਹ ਵਿਧੀ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਾਸਤੇ ਲਾਹੇਵੰਦ ਹੈ।
ਟੈਂਸ਼ੀਓਮੀਟਰ ਸੈਰਾਮਿਕ ਕੱਪ, ਪਾਰਦਰਸ਼ੀ ਟਿਊਬ ਅਤੇ ਗੇਜ਼ ਦੀ ਵਰਤੋਂ ਕਰਕੇ ਤਿਆਰ ਕੀਤਾ ਇਕ ਸਾਧਾਰਨ ਯੰਤਰ ਹੈ। ਬਰੀਕ-ਬਰੀਕ ਸੁਰਾਖਾਂ ਵਾਲੇ (ਸੈਰਾਮਿਕ) ਕੱਪ ਨੂੰ ਪਾਰਦਰਸ਼ੀ ਟਿਊਬ ਰਾਹੀਂ ਗੇਜ਼ ਨਾਲ ਜੋੜ ਕੇ ਕਸ਼ੀਦ ਕੀਤੇ ਪਾਣੀ ਨਾਲ ਭਰ ਦਿੱਤਾ ਜਾਂਦਾ ਹੈ। ਯੰਤਰ ਵਿਚਲਾ ਪਾਣੀ ਬਰੀਕ ਸੁਰਾਖਾਂ ਵਾਲੇ ਕੱਪ ਰਾਹੀਂ ਆਲੇ-ਦੁਆਲੇ ਦੀ ਮਿੱਟੀ ਨਾਲ ਸੰਤੁਲਨ ਵਿਚ ਰਹਿੰਦਾ ਹੈ। ਜਿਉਂ-ਜਿਉਂ ਮਿੱਟੀ ਵਿਚ ਪਾਣੀ ਘਟਦਾ ਹੈ, ਤਿਉਂ-ਤਿਉਂ ਯੰਤਰ ਵਿਚਲਾ ਪਾਣੀ ਮਿੱਟੀ ਵਿਚ ਚਲਿਆ ਜਾਂਦਾ ਹੈ ਅਤੇ ਸਿੱਟੇ ਵਜੋਂ ਪੈਦਾ ਹੋੲੀ ਸਕਸ਼ਨ ਗੇਜ਼ ’ਤੇ ਪੜ੍ਹੀ ਜਾ ਸਕਦੀ ਹੈ। ਟੈਂਸ਼ੀਓਮੀਟਰ ਨੂੰ ਮਿੱਟੀ ਵਿਚ ਲਗਾਉਣ ਲੲੀ ਯੰਤਰ ਦੇ ਬਰਾਬਰ ਦੀ ਮੋਟਾੲੀ ਵਾਲੀ ਟਿਊਬ ਨੂੰ ਧਰਤੀ ਵਿਚ 15-20 ਸੈਂਟੀਮੀਟਰ ਤੱਕ ਗੱਡ ਕੇ ਲੰਬਾ ਸੁਰਾਖ ਬਣਾ ਲਿਆ ਜਾਂਦਾ ਹੈ। ਸੁਰਾਖ ਵਿਚ ਮਿੱਟੀ ਦਾ ਘੋਲ ਪਾਉਣ ਉਪਰੰਤ ਟੈਂਸ਼ੀਓਮੀਟਰ ਨੂੰ ਇਸ ਸੁਰਾਖ ਵਿਚ ਇਸ ਤਰ੍ਹਾਂ ਰੱਖ ਦਿੱਤਾ ਜਾਂਦਾ ਹੈ ਕਿ ਯੰਤਰ ਹੇਠਲਾ ਕੱਪ ਘੋਲ ਤੱਕ ਡੂੰਘਾ ਚਲਿਆ ਜਾਵੇ। ਪਾਣੀ ਨੂੰ ਸੁਰਾਖ ਵਿਚ ਜਾਣ ਤੋਂ ਰੋਕਣ ਲੲੀ ਯੰਤਰ ਦੇ ਆਲੇ-ਦੁਆਲੇ ਦੀ ਥਾਂ ਨੂੰ ਮਿੱਟੀ ਦੇ ਘੋਲ ਵਿਚ ਭਰ ਦਿੱਤਾ ਜਾਂਦਾ ਹੈ। ਮਿੱਟੀ ਵਿਚਲੀ ਸਕਸ਼ਨ ਜਾਣਨ ਲੲੀ ਯੰਤਰ ਨੂੰ ਸਵੇਰੇ ਸੂਰਜ ਚੜ੍ਹਨ ਉਪਰੰਤ ਪੜ੍ਹ ਕੇ ਗੇਜ਼ ਦੀ ਪੜ੍ਹਤ 150 ਸੈਂਟੀਮੀਟਰ ਤੱਕ ਪਹੁੰਚਣ ’ਤੇ ਹੀ ਪਾਣੀ ਲਾਇਆ ਜਾਂਦਾ ਹੈ। ਜਦੋਂ ਪਾਰਦਰਸ਼ੀ ਟਿਊਬ ਵਿਚਲੇ ਪਾਣੀ ਦੀ ਸਤਹਿ ਦੋ ਸੈਂਟੀਮੀਟਰ ਹੇਠਾਂ ਚਲੀ ਜਾਵੇ ਤਾਂ ਉਸ ਨੂੰ ਮੁੜ ਤੋਂ ਕਸ਼ੀਦ ਕੀਤੇ ਪਾਣੀ ਨਾਲ ਭਰ ਦਿੱਤਾ ਜਾਂਦਾ ਹੈ। ਕਿਸਾਨ ਵੀਰਾਂ ਦੀ ਸਹੂਲਤ ਲੲੀ ਵਿਗਿਆਨੀਆਂ ਨੇ ਗੇਜ਼ ਦੀ ਥਾਂ ਦੋ ਰੰਗਾਂ ਵਾਲੀ ਪੱਟੀ ਦਾ ਪ੍ਰਯੋਗ ਕੀਤਾ ਹੈ। ਜਦ ਤੱਕ ਟੈਂਸ਼ੀਓਮੀਟਰ ਦੇ ਅੰਦਰਲੀ ਛੋਟੀ ਨਾਲੀ ਵਿਚ ਪਾਣੀ ਦਾ ਪੱਧਰ ਹਰੀ ਪੱਟੀ ਵਿਚ ਰਹਿੰਦਾ ਹੈ ਤਾਂ ਝੋਨੇ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਅਤੇ ਪਾਣੀ ਦਾ ਪੱਧਰ ਹਰੀ ਤੋਂ ਪੀਲੀ ਪੱਟੀ ਵਿਚ ਆਉਣ ’ਤੇ ਹੀ ਪਾਣੀ ਲਾਉਣਾ ਚਾਹੀਦਾ ਹੈ।
ਚੇਤੇ ਰਹੇ ਕਿ ਟੈਂਸ਼ੀਓਮੀਟਰ ਦੀ ਵਰਤੋਂ ਸਮੇਂ ਯੰਤਰ ਵਿਚ ਹਵਾ ਨਾ ਦਾਖਲ ਹੋਣ ਦੇਣਾ ਅਤੇ ਖੇਤ ਵਿਚ ਤ੍ਰੇੜਾਂ ਨਾ ਪੈਣ ਦੇਣ ਲੲੀ ਵਿਸ਼ੇਸ਼ ਸਾਵਧਾਨੀ ਵਰਤਣੀ ਅਤਿ ਜ਼ਰੂਰੀ ਹੈ। ਇਸ ਵਿਧੀ ਨਾਲ ਪੁਰਾਣੀ ਵਿਧੀ ਭਾਵ ਪਾਣੀ ਜ਼ੀਰਨ ਤੋਂ ਦੋ ਦਿਨਾਂ ਬਾਅਦ ਸਿੰਚਾੲੀ ਕਰਨ ਜਿੰਨਾ ਹੀ ਝਾੜ ਪ੍ਰਾਪਤ ਕਰਕੇ ਪਾਣੀ ਦੀ 20 ਫੀਸਦੀ ਬੱਚਤ ਕੀਤੀ ਜਾ ਸਕਦੀ ਹੈ।

-ਗੁਰਦੇਵ ਸਿੰਘ ਹੀਰਾ, ਅਜਮੇਰ ਸਿੰਘ ਸਿੱਧੂ ਅਤੇ ਸੁਰਿੰਦਰ ਸਿੰਘ ਕੁੱਕਲ,
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)

No comments: