Sunday, May 13, 2007

ਮਿੱਟੀ ਦੀ ਪਰਖ ਦੇ ਫਾਇਦੇ ਅਤੇ ਮਹੱਤਵ

ਫਸਲ ਬੀਜਣ ਤੋਂ ਪਹਿਲਾਂ ਮਿੱਟੀ ਦੀ ਪਰਖ, ਭੂਮੀ ਦੀ ਉਪਜਾਊ ਸ਼ਕਤੀ ਜਾਨਣ ਦਾ ਸਭ ਤੋਂ ਵਧੀਆ ਅਤੇ ਸੌਖਾ ਢੰਗ ਹੈ।
ਮਿੱਟੀ ਦੀ ਪਰਖ-(ੳ) ਫਸਲਾਂ ਨੂੰ ਖਾਦਾਂ ਦੀ ਸਿਫਾਰਸ਼ ਵਾਸਤੇ ਜ਼ਮੀਨ ਦੀ ਉਪਰਲੀ 6 ਇੰਚ ਸਤਹ ਦੇ ਨਮੂਨੇ ਦੀ ਹੇਠ ਲਿਖੀਆਂ ਵਿਸ਼ੇਸ਼ਤਾੲੀਆਂ ਲੲੀ ਪਰਖ ਕੀਤੀ ਜਾਂਦੀ ਹੈ :
• ਮਿੱਟੀ ਦੀ ਬਣਤਰ-ਇਸ ਤੋਂ ਮਿੱਟੀ ਦੇ ਕਣਾਂ ਦੇ ਨਾਪ ਦਾ ਪਤਾ ਲਗਦਾ ਹੈ। ਜ਼ਮੀਨ ਵਿਚ ਰੇਤਲੇ, ਭਲ ਅਤੇ ਚੀਕਣੇ ਤਿੰਨ ਤਰ੍ਹਾਂ ਦੇ ਕਣ ਹੁੰਦੇ ਹਨ ਅਤੇ ਇਨ੍ਹਾਂ ਤੋਂ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਭੌਤਿਕ ਕਿਰਿਆਵਾਂ ਜਿਵੇਂ ਕਿ ਜ਼ਮੀਨ ਦੀ ਹਵਾਖੋਰੀ, ਪਾਣੀ ਦਾ ਜ਼ੀਰਨਾ ਅਤੇ ਪਾਣੀ ਦੇ ਸੰਭਾਲਣ ਦੀ ਸ਼ਕਤੀ ਦਾ ਪਤਾ ਲਗਦਾ ਹੈ।
• ਜ਼ਮੀਨ ਦਾ ਖਾਰੀ ਅੰਗ-ਇਸ ਤੋਂ ਜ਼ਮੀਨ ਦੇ ਤੇਜ਼ਾਬੀ ਅਤੇ ਖਾਰੇਪਣ ਦਾ ਪਤਾ ਲਗਦਾ ਹੈ, ਜਿਨ੍ਹਾਂ ਜ਼ਮੀਨਾਂ ਦਾ ਖਾਰੀ ਅੰਗ 6.5 ਤੋਂ ਘੱਟ ਹੋਵੇ, ਉਹ ਜ਼ਮੀਨਾਂ ਤੇਜ਼ਾਬੀ ਹੁੰਦੀਆਂ ਹਨ ਅਤੇ ਫਸਲਾਂ ਦਾ ਠੀਕ ਝਾੜ ਲੈਣ ਵਾਸਤੇ ਇਨ੍ਹਾਂ ਜ਼ਮੀਨਾਂ ਵਿਚ ਚੂਨਾ ਪਾਉਣਾ ਪੈਂਦਾ ਹੈ। ਠੀਕ ਜ਼ਮੀਨਾਂ ਦਾ ਖਾਰੀ ਅੰਗ 6.5 ਤੋਂ 8.7 ਹੁੰਦਾ ਹੈ। ਜਿਨ੍ਹਾਂ ਜ਼ਮੀਨਾਂ ਦਾ ਖਾਰੀ ਅੰਗ 8.8 ਤੋਂ 9.3 ਹੁੰਦਾ ਹੈ, ਉਨ੍ਹਾਂ ਨੂੰ ਹਲਕੀਆਂ ਖਾਰੀ ਜ਼ਮੀਨਾਂ ਕਿਹਾ ਜਾਂਦਾ ਹੈ। ਇਨ੍ਹਾਂ ਜ਼ਮੀਨਾਂ ਤੋਂ ਚੰਗਾ ਝਾੜ ਲੈਣ ਵਾਸਤੇ ਸਮੇਂ-ਸਮੇਂ ’ਤੇ ਖਾਰੇ ਅੰਗ ਦੀ ਪਰਖ, ਹਰੀ ਖਾਦ ਅਤੇ ਖਿਲੇਰੇ ਵਾਲੀਆਂ ਜੀਵਕ ਖਾਦਾਂ ਦੇ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜੇਕਰ ਜ਼ਮੀਨ ਦਾ ਖਾਰੀ ਅੰਗ 9.3 ਤੋਂ ਉੱਪਰ ਹੋਵੇ ਤਾਂ ਜ਼ਮੀਨ ਬੁਰੀ ਤਰ੍ਹਾਂ ਖਾਰੀ ਹੁੰਦੀ ਹੈ, ਜਿਸ ਵਿਚ ਜਿਪਸਮ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਖਾਰੀਆਂ ਜ਼ਮੀਨਾਂ ਵਿਚ ਜ਼ਿੰਕ ਦੀ ਘਾਟ ਆਮ ਆਉਂਦੀ ਹੈ ਅਤੇ ਜ਼ਿੰਕ ਸਲਫੇਟ ਦੀ ਵਰਤੋਂ ਦੀ ਸਿਫਾਰਸ਼ ਕੀਤੀ ਜਾਂਦੀ ਹੈ।
• ਘੁਲਣਸ਼ੀਲ ਲੂਣ-ਇਨ੍ਹਾਂ ਤੋਂ ਜ਼ਮੀਨ ਦੇ ਲੂਣੇਪਣ ਦਾ ਪਤਾ ਲਗਦਾ ਹੈ। ਜੇਕਰ 1 : 2 ਅਨੁਪਾਤ ਵਿਚ ਲੲੇ ਗੲੇ ਮਿੱਟੀ ਦੇ ਘੋਲ ਦੀ ਚਾਲਕਿਤਾ 0.8 ਮਿਲੀ ਮਹੋਜ਼ੀ\ਸੈਂਟੀਮੀਟਰ ਤੋਂ ਘੱਟ ਹੋਵੇ ਤਾਂ ਜ਼ਮੀਨ ਠੀਕ ਹੈ ਪਰ ਇਸ ਤੋਂ ਉੱਪਰ ਵਾਲੀ ਚਾਲਕਿਤਾ ਵਾਲੀਆਂ ਜ਼ਮੀਨਾਂ ਨੂੰ ਲੂਣੀਆਂ ਜ਼ਮੀਨਾਂ ਕਿਹਾ ਜਾਂਦਾ ਹੈ। ਇਨ੍ਹਾਂ ਜ਼ਮੀਨਾਂ ਤੋਂ ਪੂਰਾ ਝਾੜ ਲੈਣ ਵਾਸਤੇ ਫਸਲ ਦੀ ਠੀਕ ਚੋਣ, ਸਿੰਚਾੲੀ ਅਤੇ ਜ਼ਮੀਨ ਦੀ ਤਿਆਰੀ ਆਦਿ ਦੇ ਯੋਗ ਢੰਗ ਅਪਣਾੲੇ ਜਾਂਦੇ ਹਨ। ਹਰੀ ਖਾਦ, ਜੈਵਿਕ ਖਾਦਾਂ ਅਤੇ ਫਸਲ ਦੇ ਰਹਿੰਦ-ਖੂੰਹਦ ਦੀ ਵਰਤੋਂ ਇਨ੍ਹਾਂ ਜ਼ਮੀਨਾਂ ਵਾਸਤੇ ਕਾਫੀ ਲਾਹੇਵੰਦ ਹੈ।
• ਜੀਵਕ ਮਾਦਾ-ਮਿੱਟੀ ਪਰਖ ਦੇ ਉਦੇਸ਼ ਨਾਲ ਇਸ ਨੂੰ ਮਿਲਣਯੋਗ ਨਾੲੀਟ੍ਰੋਜਨ ਦਾ ਸੂਚਕ ਮੰਨਿਆ ਜਾਂਦਾ ਹੈ, ਭਾਵੇਂ ਕਿ ਇਹ ਹੋਰ ਤੱਤਾਂ ਦੀ ਪ੍ਰਾਪਤੀ ਅਤੇ ਕੲੀ ਹੋਰ ਭੌਤਿਕ-ਰਸਾਇਣਕ ਕਿਰਿਆਵਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜੀਵਕ ਮਾਦੇ ਦੇ ਆਧਾਰ ’ਤੇ ਨਾੲੀਟ੍ਰੋਜਨ ਅਤੇ ਫਾਸਫੋਰਸ ਤੱਤ ਵਾਲੀਆਂ ਖਾਦਾਂ ਦੀ ਮਿਕਦਾਰ ਵਧਾੲੀ ਜਾਂ ਘਟਾੲੀ ਜਾ ਸਕਦੀ ਹੈ। ਜ਼ਮੀਨਾਂ ਜਿਨ੍ਹਾਂ ਵਿਚ ਜੀਵਕ ਮਾਦੇ ਦੀ ਮਾਤਰਾ 0.4 ਫੀਸਦੀ ਤੋਂ ਘੱਟ, 0.40 ਤੋਂ 0.75 ਫੀਸਦੀ ਅਤੇ 0.75 ਫੀਸਦੀ ਤੋਂ ਵੱਧ ਹੋਵੇ, ਨੂੰ ਕ੍ਰਮਵਾਰ ਘੱਟ, ਦਰਮਿਆਨੀਆਂ ਅਤੇ ਵੱਧ ਜੀਵਕ ਮਾਦੇ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ। ਪੰਜਾਬ ਵਿਚ ਜ਼ਿਆਦਾਤਰ ਜ਼ਮੀਨਾਂ ਵਿਚ ਇਸ ਦੀ ਮਾਤਰਾ ਘੱਟ ਤੋਂ ਦਰਮਿਆਨੀ ਹੈ।
• ਪ੍ਰਾਪਤ ਹੋਣ ਵਾਲਾ ਫਾਸਫੋਰਸ-ਇਸ ਤੋਂ ਜ਼ਮੀਨ ਤੋਂ ਪ੍ਰਾਪਤ ਹੋਣ ਵਾਲੇ ਫਾਸਫੋਰਸ ਬਾਰੇ ਪਤਾ ਲਗਦਾ ਹੈ। ਫਾਸਫੋਰਸ ਦੇ ਆਧਾਰ ’ਤੇ ਜ਼ਮੀਨਾਂ ਨੂੰ ਚਾਰ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ। ਪੰਜ ਕਿਲੋ ਪ੍ਰਤੀ ੲੇਕੜ ਤੱਕ ਫਾਸਫੋਰਸ ਵਾਲੀਆਂ ਜ਼ਮੀਨਾਂ ਨੂੰ ਘੱਟ, 5 ਤੋਂ 9 ਕਿਲੋ ਪ੍ਰਤੀ ੲੇਕੜ ਵਾਲੀਆਂ ਮੱਧਮ, 9 ਤੋਂ 20 ਕਿਲੋ ਪ੍ਰਤੀ ੲੇਕੜ ਵਾਲੀਆਂ ਜ਼ਿਆਦਾ ਅਤੇ 20 ਕਿਲੋ ਪ੍ਰਤੀ ੲੇਕੜ ਤੋਂ ਵੱਧ ਵਾਲੀਆਂ ਜ਼ਮੀਨਾਂ ਨੂੰ ਬਹੁਤ ਜ਼ਿਆਦਾ ਫਾਸਫੋਰਸ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ। ਬਹੁਤ ਜ਼ਿਆਦਾ ਫਾਸਫੋਰਸ ਤੱਤ ਵਾਲੀਆਂ ਜ਼ਮੀਨਾਂ ਵਿਚ ਫਾਸਫੋਰਸ ਖਾਦ ਦੀ ਵਰਤੋਂ 2-3 ਸਾਲ ਤੱਕ ਛੱਡੀ ਜਾ ਸਕਦੀ ਹੈ ਅਤੇ ਉਸ ਤੋਂ ਬਾਅਦ ਜ਼ਮੀਨ ਦੀ ਪਰਖ ਦੇ ਆਧਾਰ ’ਤੇ ਹੀ ਫਾਸਫੋਰਸ ਦੀ ਵਰਤੋਂ ਸ਼ੁਰੂ ਕਰਨੀ ਚਾਹੀਦੀ ਹੈ। ਜੇਕਰ ਜੀਵਕ ਮਾਦੇ ਦੀ ਮਾਤਰਾ 0.6 ਫੀਸਦੀ ਤੋਂ ਵੱਧ ਹੋਵੇ ਤਾਂ ਫਾਸਫੋਰਸ ਖਾਦ ਦੀ ਸਿਫਾਰਸ਼ ਘਟਾੲੀ ਜਾ ਸਕਦੀ ਹੈ।
• ਪ੍ਰਾਪਤ ਹੋਣ ਵਾਲੀ ਪੋਟਾਸ਼-ਮਿੱਟੀ ਦੇ ਪੋਟਾਸ਼ੀਅਮ ਤੱਤ ਦੇ ਆਧਾਰ ’ਤੇ ਜਿਨ੍ਹਾਂ ਜ਼ਮੀਨਾਂ ਵਿਚ ਤੱਤ 55 ਕਿਲੋ ਪ੍ਰਤੀ ੲੇਕੜ ਤੋਂ ਘੱਟ ਹੋਵੇ, ਨੂੰ ਘਾਟ ਵਾਲੀਆਂ ਅਤੇ ਇਸ ਤੋਂ ਉੱਪਰ ਚੋਖੇ ਪੋਟਾਸ਼ੀਅਮ ਵਾਲੀਆਂ ਜ਼ਮੀਨਾਂ ਵਿਚ ਵੰਡ ਕੀਤੀ ਜਾਂਦੀ ਹੈ। ਆਲੂ ਅਤੇ ਗਾਜਰਾਂ ਨੂੰ ਛੱਡ ਕੇ ਬਾਕੀ ਫਸਲਾਂ ਲੲੀ ਪੋਟਾਸ਼ੀਅਮ ਦੀ ਘਾਟ ਵਾਲੀਆਂ ਜ਼ਮੀਨਾਂ ਵਿਚ ਪੋਟਾਸ਼ੀਅਮ ਖਾਦ ਦੀ ਵਰਤੋਂ ਨਾ ਕਰਕੇ ਪੈਸੇ ਬਚਾੲੇ ਜਾ ਸਕਦੇ ਹਨ। ਵੱਡੇ ਤੱਤਾਂ ਦੇ ਨਾਲ-ਨਾਲ ਖੇਤੀਬਾੜੀ ਯੂਨੀਵਰਸਿਟੀ ਲਘੂ ਤੱਤਾਂ ਦੀ ਵੀ ਪਰਖ ਕਰਦੀ ਹੈ ਅਤੇ ਜੇਕਰ ਘਾਟ ਹੋਵੇ ਤਾਂ ਜ਼ਿੰਕ, ਲੋਹੇ ਅਤੇ ਮੈਗਨੀਜ਼ ਦੀ ਵਰਤੋਂ ਦੀ ਸਿਫਾਰਸ਼ ਕਰਦੀ ਹੈ। ਮਿੱਟੀ ਪਰਖ ਰਿਪੋਰਟ ਵਿਚ ਵੱਖ-ਵੱਖ ਫਸਲਾਂ ਨੂੰ ਖਾਦ ਪਾਉਣ ਦੇ ਢੰਗ ਅਤੇ ਸਮੇਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਮਿੱਟੀ ਪਰਖ ਰਿਪੋਰਟ ਦੇ ਪਦ ਸੰਕੇਤ ਰੂੜੀ ਅਤੇ ਹਰੀ ਖਾਦ ਦੀ ਵਰਤੋਂ ਨਾਲ ਖੁਰਾਕੀ ਤੱਤਾਂ ਦੀ ਬੱਚਤ ਅਤੇ ਬਰਾਨੀ ਹਾਲਤਾਂ ਵਿਚ ਖਾਦਾਂ ਦੀਆਂ ਸਿਫਾਰਸ਼ਾਂ ਬਾਰੇ ਵੀ ਜਾਣਕਾਰੀ ਦਿੰਦੇ ਹਨ।
-ਜੋਗਿੰਦਰ ਸਿੰਘ ਬਰਾੜ ਅਤੇ ਗੁਰਬਚਨ ਸਿੰਘ ਸਰੋਆ,
ਭੂਮੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

(ਧੰਨਵਾਦ ਸਹਿਤ ਅਜੀਤ ਜਲੰਧਰ)

No comments: