Monday, May 28, 2007

ਝੋਨੇ ਦੀਆਂ ਕੁਝ ਅਹਿਮ ਤੇ ਪ੍ਰਮਾਣਿਤ ਕਿਸਮਾਂ

ਦਰਮਿਆਨਾ ਸਮਾਂ ਲੈਣ ਵਾਲੀ ਕਿਸਮਾਂ :
ਪਰਮਲ ਦੀਆਂ ਕਿਸਮਾਂ
ਪੀ. ੲੇ. ਯੂ.-201 : ਇਹ ਝੋਨੇ ਦੀ ਅਰਧ-ਬੌਣੀ ਕਿਸਮ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਅਤੇ ਖੜ੍ਹਵੇਂ ਹੁੰਦੇ ਹਨ ਜੋ ਫਸਲ ਪੱਕਣ ਤੱਕ ਹਰੇ ਰਹਿੰਦੇ ਹਨ। ਇਸ ਦਾ ਔਸਤਨ ਕੱਦ 101 ਸੈਂਟੀਮੀਟਰ ਹੈ। ਇਹ ਬੀਜਣ ਉਪਰੰਤ 144 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦੇ ਚੌਲ ਪਤਲੇ, ਲੰਬੇ ਅਤੇ ਰਿੱਝਣ ਲਈ ਵਧੀਆ ਹੁੰਦੇ ਹਨ। ਇਹ ਕਿਸਮ ਪੰਜਾਬ ਵਿਚ ਝੁਲਸ ਰੋਗ ਦੇ ਜੀਵਾਣੂ ਦੀਆਂ ਲਗਭਗ ਸਾਰੀਆਂ ਕਿਸਮਾਂ ਦੇ ਹਮਲੇ ਦਾ ਟਾਕਰਾ ਕਰ ਸਕਦੀ ਹੈ। ਇਹ ਚਿੱਟੀ ਪਿੱਠ ਵਾਲੇ ਟਿੱਡੇ ਦੇ ਹਮਲੇ ਨੂੰ ਕਾਫੀ ਹੱਦ ਤੱਕ ਸਹਾਰਦੀ ਹੈ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ੲੇਕੜ ਹੈ।
ਪੀ. ਆਰ.-116 : ਇਕ ਅਰਧ-ਬੌਣੀ, ਸਖਤ ਪਰਾਲ ਅਤੇ ਹਲਕੇ ਹਰੇ, ਖੜ੍ਹਵੇਂ ਪੱਤਿਆਂ ਵਾਲੀ ਕਿਸਮ ਜਿਸ ਦੀ ਔਸਤਨ ਉਚਾਈ 108 ਸੈਂਟੀਮੀਟਰ ਹੈ। ਇਹ ਬਿਜਾਈ ਤੋਂ 144 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦੇ ਚੌਲ ਪਤਲੇ, ਲੰਮੇ ਅਤੇ
ਪਕਾਉਣ ਵਿਚ ਬਹੁਤ ਵਧੀਆ ਹੁੰਦੇ ਹਨ। ਇਹ ਝੁਲਸ ਰੋਗ ਦੇ ਜੀਵਾਣੂੰ ਦੀਆਂ ਕੁਝ ਕਿਸਮਾਂ ਦੇ ਹਮਲੇ ਦਾ ਟਾਕਰਾ ਕਰ ਸਕਦੀ ਹੈ। ਇਸ ਵਿਚ ਝੂਠੀ ਕਾਂਗਿਆਰੀ ਨੂੰ ਸਹਿਣ ਦੀ ਸਮਰੱਥਾ ਨਹੀਂ ਹੈ। ਇਸ ਦਾ ਔਸਤਨ ਝਾੜ 28 ਕੁਇੰਟਲ ਪ੍ਰਤੀ ੲੇਕੜ ਹੈ।
ਪੀ. ਆਰ.-114 : ਇਹ ਝੋਨੇ ਦੀ ਇਕ ਅਰਧ-ਬੌਣੀ ਕਿਸਮ ਹੈ ਜਿਸ ਦੇ ਪੱਤੇ ਘੱਟ ਚੌੜੇ, ਖੜ੍ਹਵੇਂ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਕੱਦ 102 ਸੈਂਟੀਮੀਟਰ ਹੁੰਦਾ ਹੈ। ਇਹ ਬੀਜਣ ਉਪਰੰਤ ਤਕਰੀਬਨ 145 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਚੌਲ ਪਤਲੇ ਅਤੇ ਲੰਮੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਕੁਝ ਕਿਸਮਾਂ ਦੇ ਹਮਲੇ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤਨ ਝਾੜ 27.5 ਕੁਇੰਟਲ\ੲੇਕੜ ਹੈ।
ਪੀ. ਆਰ.-111 : ਇਹ ਇਕ ਮਧਰੀ, ਸਖਤ ਪਰਾਲ ਅਤੇ ਸਿੱਧੇ ਪੱਤਿਆਂ ਵਾਲੀ ਕਿਸਮ ਹੈ। ਇਹ ਕਿਸਮ 97 ਸੈਂਟੀਮੀਟਰ ਤੱਕ ਵਧ ਜਾਂਦੀ ਹੈ। ਬਿਜਾਈ ਤੋਂ ਤਕਰੀਬਨ 138 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦੇ ਦਾਣੇ ਲੰਮੇ, ਪਤਲੇ ਅਤੇ ਸਾਫ ਹੁੰਦੇ ਹਨ। ਪੀ. ਆਰ.-111 ਝੁਲਸ ਰੋਗ ਦੇ ਜੀਵਾਣੂੰ ਦੀਆਂ ਲਗਭਗ ਸਾਰੀਆਂ ਕਿਸਮਾਂ ਦਾ ਟਾਕਰਾ ਕਰ ਸਕਦੀ ਹੈ। ਔਸਤਨ ਝਾੜ 27 ਕੁਇੰਟਲ\ੲੇਕੜ ਨਿਕਲ ਆਉਂਦਾ ਹੈ।
ਪੀ. ਆਰ.-108 : ਇਹ ਮਧਰੀ ਅਤੇ ਖੜ੍ਹਵੇਂ ਪੱਤਿਆਂ ਵਾਲੀ ਕਿਸਮ ਹੈ। ਇਹ ਕਿਸਮ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਅਤੇ ਚਿੱਟੀ ਪਿੱਠ ਵਾਲੇ ਟਿੱਡੇ ਦੇ ਹਮਲੇ ਦਾ ਟਾਕਰਾ ਕਰ ਸਕਦੀ ਹੈ, ਪਰ ਇਹ ਕਿਸਮ ਝੁਲਸ ਰੋਗ ਦਾ ਟਾਕਰਾ ਨਹੀਂ ਕਰ ਸਕਦੀ। ਇਸ ਦੇ ਦਾਣੇ ਲੰਮੇ, ਪਤਲੇ, ਚਿੱਟੇ ਅਤੇ ਪਕਾਉਣ ਵਿਚ ਬਹੁਤ ਵਧੀਆ ਬਣਦੇ ਹਨ। ਬੂਟੇ ਦਾ ਕੱਦ ਤਕਰੀਬਨ 117 ਸੈਂਟੀਮੀਟਰ ਹੋ ਜਾਂਦਾ ਹੈ ਅਤੇ ਬਿਜਾਈ ਤੋਂ ਤਕਰੀਬਨ 145 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 26.5 ਕੁਇੰਟਲ\ੲੇਕੜ ਆਉਂਦਾ ਹੈ।
ਪੀ. ਆਰ.-106 : ਇਹ ਮਧਰੇ ਕੱਦ ਅਤੇ ਸਖਤ ਪਰਾਲ ਵਾਲੀ ਕਿਸਮ ਹੈ। ਇਸ ਦੇ ਦਾਣੇ ਲੰਮੇ, ਪਤਲੇ ਤੇ ਸਾਫ ਹੁੰਦੇ ਹਨ ਅਤੇ ਚੌਲ ਬਹੁਤ ਚੰਗੇ ਬਣਦੇ ਹਨ। ਇਹ ਕਿਸਮ ਤਕਰੀਬਨ 107 ਸੈਂਟੀਮੀਟਰ ਤੱਕ ਵਧ ਜਾਂਦੀ ਹੈ ਅਤੇ ਬੀਜਣ ਤੋਂ 145 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਝਾੜ 26.0 ਕੁਇੰਟਲ\ੲੇਕੜ ਤੱਕ ਨਿਕਲ ਆਉਂਦਾ ਹੈ ਪਰ ਇਹ ਕਿਸਮ ਝੁਲਸ ਰੋਗ ਦਾ ਟਾਕਰਾ ਨਹੀਂ ਕਰ ਸਕਦੀ।

ਲੰਮਾ ਸਮਾਂ ਲੈਣ ਵਾਲੀ ਕਿਸਮ :
ਪੀ. ਆਰ.-118 : ਇਹ ਇਕ ਅਰਧ-ਬੌਣੀ ਗੂੜ੍ਹੇ ਹਰੇ ਪੱਤਿਆਂ ਵਾਲੀ ਕਿਸਮ ਹੈ। ਇਸ ਦਾ ਔਸਤਨ ਕੱਦ 104 ਸੈਂਟੀਮੀਟਰ ਹੈ ਅਤੇ ਇਹ ਬੀਜਣ ਉਪਰੰਤ ਤਕਰੀਬਨ 158 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਪਕਾਉਣ ਵਿਚ ਵਧੀਆ ਹੁੰਦੇ ਹਨ। ਪੀ. ਆਰ.-118 ਵਿਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਕੁਝ ਕਿਸਮਾਂ ਦੇ ਹਮਲੇ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ੲੇਕੜ ਹੈ।
ਘੱਟ ਸਮਾਂ ਲੈਣ ਵਾਲੀ ਕਿਸਮ :
ਪੀ. ਆਰ.-115 : ਇਹ ਨਾ ਢਹਿਣ ਵਾਲੀ, ਮਧਰੇ ਕੱਦ ਅਤੇ ਗੂੜ੍ਹੇ ਹਰੇ ਪੱਤਿਆਂ ਵਾਲੀ ਕਿਸਮ ਹੈ। ਇਸ ਦਾ ਸਿਰੇ ਵਾਲਾ ਪੱਤਾ ਲੰਮਾ ਹੁੰਦਾ ਹੈ ਜੋ ਮੁੰਜਰਾਂ ਨੂੰ ਪੰਛੀਆਂ ਦੇ ਨੁਕਸਾਨ ਤੋਂ ਬਚਾਉਂਦਾ ਹੈ। ਇਹ ਥੋੜ੍ਹੇ ਸਮੇਂ ਵਿਚ ਤਿਆਰ ਹੋਣ ਵਾਲੀ ਕਿਸਮ ਤਕਰੀਬਨ 125 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਬੂਟੇ ਦਾ ਕੱਦ ਤਕਰੀਬਨ 100 ਸੈਂਟੀਮੀਟਰ ਤੱਕ ਹੁੰਦਾ ਹੈ। ਇਹ ਕਿਸਮ ਪੰਜਾਬ ਵਿਚ ਪ੍ਰਚੱਲਿਤ ਝੁਲਸ ਰੋਗ ਦੀਆਂ ਲਗਭਗ ਸਾਰੀਆਂ ਕਿਸਮਾਂ ਦਾ ਟਾਕਰਾ ਕਰ ਸਕਦੀ ਹੈ। ਚੌਲ ਪਤਲੇ, ਲੰਬੇ ਅਤੇ ਪਕਾਉਣ ਲਈ ਵਧੀਆ ਹੁੰਦੇ ਹਨ। ਇਹ ਕਿਸਮ ਔਸਤਨ 25 ਕੁਇੰਟਲ\ੲੇਕੜ ਝਾੜ ਦਿੰਦੀ ਹੈ।

ਮੋਟੇ ਦਾਣਿਆਂ ਵਾਲੀ ਕਿਸਮ :

ਪੀ. ਆਰ.-113 : ਇਹ ਇਕ ਮੋਟੇ, ਭਾਰੇ ਦਾਣਿਆਂ ਵਾਲੀ ਮਧਰੇ ਕੱਦ ਦੀ ਕਿਸਮ ਹੈ। ਇਸ ਦੇ ਪੱਤੇ ਖੜ੍ਹਵੇਂ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਬੂਟੇ ਦਾ ਕੱਦ ਤਕਰੀਬਨ 105 ਸੈਂਟੀਮੀਟਰ ਹੁੰਦਾ ਹੈ ਅਤੇ ਬੀਜਣ ਤੋਂ ਤਕਰੀਬਨ 142 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਝਾੜ ਤਕਰੀਬਨ 28.0 ਕੁਇੰਟਲ\ੲੇਕੜ ਤੱਕ ਨਿਕਲ ਆਉਂਦਾ ਹੈ। ਇਹ ਕਿਸਮ ਪੰਜਾਬ ਵਿਚ ਪਾੲੇ ਜਾਣ ਵਾਲੇ ਝੁਲਸ ਰੋਗ ਦੇ ਲਗਭਗ ਸਾਰੇ ਜੀਵਾਣੂਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ।

ਧਿਆਨਯੋਗ ਨੁਕਤੇ : • ਪਾਣੀ ਦੀ ਬੱਚਤ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ. ਆਰ.-115 ਅਤੇ ਪੀ. ਆਰ.-111 ਦੀ ਕਾਸ਼ਤ ਕਰੋ।
• ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਹੀ ਬੀਜੋ। ਸਿਫਾਰਸ਼ ਕੀਤੇ ਸਮੇਂ ’ਤੇ ਪਨੀਰੀ ਬੀਜਣ ਅਤੇ ਖੇਤ ਵਿਚ ਲਾਉਣ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਤਣੇ ਦੇ ਗੜੂੰੲੇ ਦਾ ਹਮਲਾ ਵੀ ਘੱਟ ਹੁੰਦਾ ਹੈ।
ਝੁਲਸ ਰੋਗ ਨੂੰ ਟਾਕਰਾ ਦੇਣ ਵਾਲੀਆਂ ਕਿਸਮਾਂ ਪੀ. ੲੇ. ਯੂ.-201, ਪੀ. ਆਰ.-118, ਪੀ. ਆਰ.-116, ਪੀ. ਆਰ.-114, ਪੀ. ਆਰ.-113 ਅਤੇ ਪੀ. ਆਰ.-111 ਬੀਜੋ
ਪਿਛੇਤੀ ਬਿਜਾਈ ਲਈ ਕੇਵਲ ਪੀ. ਆਰ.-115 ਕਿਸਮ ਦੀ ਚੋਣ ਕਰੋ।
• ਤਣੇ ਦੇ ਝੁਲਸ ਰੋਗ ਦੇ ਹਮਲੇ ਦੀ ਸੰਭਾਵਨਾ ਵਾਲੇ ਇਲਾਕੇ ਵਿਚ ਪੀ. ਆਰ.-108 ਕਿਸਮ ਹੀ ਬੀਜੋ।
• ਚਿੱਟੀ ਪਿੱਠ ਵਾਲੇ ਟਿੱਡੇ ਦੇ ਹਮਲੇ ਦੀ ਸੰਭਾਵਨਾ ਵਾਲੇ ਇਲਾਕਿਆਂ ਵਿਚ ਪੀ. ਆਰ.-108 ਅਤੇ ਪੀ. ੲੇ. ਯੂ.-201 ਹੀ ਬੀਜੋ।


-ਤੇਜਿੰਦਰ ਸਿੰਘ ਭਾਰਜ, ਨਵੀਨ ਸਿੰਘ ਅਤੇ ਰੁਪਿੰਦਰ ਕੌਰ,
ਪਲਾਂਟ ਬਰੀਡਿੰਗ, ਜੈਨੇਟਿਕਸ ਅਤੇ
ਬਾਇਓਟੈਕਨਾਲੋਜੀ ਵਿਭਾਗ।
(ਰੋਜ਼ਾਨਾ ਅਜੀਤ ਜਲੰਧਰ)

No comments: