ਪੰਜਾਬ ਦਾ ਪੇਂਡੂ ਸਮਾਜ ਇਸ ਸਮੇਂ ਗੰਭੀਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੀੜ੍ਹੀ-ਦਰ-ਪੀੜ੍ਹੀ ਜ਼ਮੀਨਾਂ ਵੰਡੀਆਂ ਜਾਣ ਕਾਰਨ ਬਹੁਤੇ ਕਿਸਾਨਾਂ ਕੋਲ 2 ਤੋਂ 3 ਕਿਲੇ ਤੱਕ ਹੀ ਜ਼ਮੀਨ ਰਹਿ ਗਈ ਹੈ। ਇਨ੍ਹਾਂ ਪਰਿਵਾਰਾਂ ਦਾ ਗੁਜ਼ਾਰਾ ਹੁਣ ਇਸ ਜ਼ਮੀਨ ਦੇ ਸਿਰ ’ਤੇ ਨਹੀਂ ਹੋ ਰਿਹਾ। ਉੱਪਰੋਂ ਲਾਪਰਵਾਹੀ ਵਾਲਾ ਕਿਸਾਨੀ ਸੁਭਾਅ। ਰਹਿਣ-ਸਹਿਣ, ਖਰਚ ਅਤੇ ਨਸ਼ੇ-ਪੱਤੇ ਪਹਿਲਾਂ ਵਾਂਗ ਹੀ ਨਹੀਂ ਸਗੋਂ ਕੁਝ ਵਧ ਹੀ ਗੲੇ ਹਨ। ਪਿੰਡਾਂ ਵਿਚ ਸਿੱਖਿਆ ਤੇ ਬਿਹਤਰ ਸਿਹਤ ਸਹੂਲਤਾਂ ਦਾ ਲਗਭਗ ਭੋਗ ਹੀ ਪੈ ਗਿਆ ਹੈ। ਅਜਿਹੀਆਂ ਵਿਸਫੋਟਕ ਸਥਿਤੀਆਂ ਵਿਚ ਹੋ ਰਹੀਆਂ ਹਨ ਵੱਡੀ ਗਿਣਤੀ ਵਿਚ ਗ਼ੈਰ-ਕੁਦਰਤੀ ਮੌਤਾਂ। ਪੰਜਾਬ ਦੇ ਦਿਹਾਤੀ ਸਮਾਜ ਦੀ ਇਸ ਗੰਭੀਰ ਸਥਿਤੀ ਸਬੰਧੀ ਰੌਸ਼ਨੀ ਪਾ ਰਹੇ ਹਨ, ਇਸ ਦੋ ਕਿਸ਼ਤਾਂ ਵਿਚ ਛਪਣ ਵਾਲੇ ਲੇਖ ਵਿਚ ਡਾ: ਮਹਿਲ ਸਿੰਘ।
ਕਿਸਾਨੀ ਵਿਚ ਆਤਮ-ਹੱਤਿਆਵਾਂ ਕਿੰਨੀਆਂ ਕੁ ਹਨ? ਇਹ ਕਿਵੇਂ ਦੀਆਂ ਹਨ? ਇਹ ਕਿਉਂ ਹਨ? ਇਹ ਸਾਰੇ ਪੱਖ ਘੋਖਣ ਤੇ ਜਾਣਨ ਦੀ ਲੋੜ ਹੈ। ਇਸ ਸਬੰਧੀ ਕਾਲਜ ਦੇ ਕੁਝ ਵਿਦਿਆਰਥੀਆਂ ਵੱਲੋਂ ਇਕ ਸਰਵੇ ਕਰਵਾਇਆ ਗਿਆ ਸੀ। ਇਹ ਸਰਵੇ ਸਾਲ 2006 ਸਬੰਧੀ ਹੈ। ਇਕ ਫਾਰਮ ਤਿਆਰ ਕਰਕੇ ਵਿਦਿਆਰਥੀਆਂ ਨੂੰ ਦਿੱਤਾ ਗਿਆ ਸੀ। ਇਸ ਫਾਰਮ ਵਿਚ ਪਿੰਡ ਵਿਚ ਹੋਈਆਂ ਕੁੱਲ ਮੌਤਾਂ ਦੀ ਜਾਣਕਾਰੀ ਦਿੱਤੀ ਗਈ ਸੀ। ਫਿਰ ਅੱਗੇ ਕਰਜ਼ੇ, ਦਾਜ ਅਤੇ ਘਰੇਲੂ ਕਲੇਸ਼ ਜਾਂ ਲੜਾਈ-ਝਗੜੇ ਕਾਰਨ ਹੋਈਆਂ ਮੌਤਾਂ ਸਬੰਧੀ ਵੱਖ-ਵੱਖ ਵੇਰਵੇ ਲੲੇ ਗੲੇ। ਨਾਲ ਹੀ ਪਿੰਡ ਵਿਚ ਕੁੱਲ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਦੱਸੀ ਗਈ। ਇਹ ਜਾਣਕਾਰੀ ਅਧਿਆਪਕ ਸਾਹਿਬਾਨ ਦੀ ਅਗਵਾਈ ਹੇਠ ਇਕੱਤਰ ਕੀਤੀ ਗਈ ਸੀ। ਇਸ ਫਾਰਮ ਉਤੇ ਜਾਣਕਾਰੀ ਇਕੱਤਰ ਕਰਨ ਵਾਲੇ ਵਿਦਿਆਰਥੀ ਦਾ ਪੂਰਾ ਪਤਾ ਨੋਟ ਹੈ। ਇਹ ਫਾਰਮ ਪਿੰਡ ਦੇ ਸਰਪੰਚ ਵੱਲੋਂ ਵੀ ਤਸਦੀਕ ਕੀਤਾ ਗਿਆ ਹੈ। ਇਹ ਰਿਪੋਰਟ ਤਰਨ ਤਾਰਨ ਜ਼ਿਲ੍ਹੇ ਅਤੇ ਵਿਸ਼ੇਸ਼ ਕਰਕੇ ਪੱਟੀ ਤਹਿਸੀਲ ਦੇ 72 ਪਿੰਡਾਂ ਸਬੰਧੀ ਹੈ। ਇਨ੍ਹਾਂ 72 ਪਿੰਡਾਂ ਵਿਚ ਕੁੱਲ ਮੌਤਾਂ ਦੀ ਗਿਣਤੀ 1770 ਹੈ। ਇਸ ਵਿਚੋਂ 35 ਕਿਸਾਨਾਂ ਨੇ ਆਤਮ-ਹੱਤਿਆਵਾਂ ਕੀਤੀਆਂ ਹਨ। ਦਾਜ ਕਾਰਨ 27 ਮੌਤਾਂ ਹਨ। ਘਰੇਲੂ ਕਲੇਸ਼ ਜਾਂ ਆਪਸੀ ਲੜਾਈ ਵਿਚ ਹੋਈਆਂ ਮੌਤਾਂ ਦੀ ਗਿਣਤੀ 90 ਦੇ ਕਰੀਬ ਹੈ। ਨਸ਼ੇ ਕਾਰਨ 342 ਮੌਤਾਂ ਹੋਈਆਂ ਹਨ। ਕਰਜ਼ੇ ਕਾਰਨ ਆਤਮ-ਹੱਤਿਆਵਾਂ ਦੀ ਗਿਣਤੀ ਪੂਰੇ ਸਾਲ ਵਿਚ ਪੈਂਤੀ ਹੈ। ਇਹ ਕੁੱਲ ਮੌਤਾਂ (1770) ਦਾ 2 ਫ਼ੀਸਦੀ ਹੈ। ਤਕਰੀਬਨ ਇਸਦੇ ਨੇੜੇ-ਤੇੜੇ ਹੀ ਦਾਜ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਹੈ। ਪਰ ਇਸ ਤੋਂ 10 ਗੁਣਾਂ ਵੱਧ ਮੌਤਾਂ ਨਸ਼ੇ ਕਾਰਨ ਹਨ। ਇਹ ਕੁੱਲ ਮੌਤਾਂ ਦਾ 19 ਫੀਸਦੀ ਹੈ। ਇਕ ਰਿਪੋਰਟ ਮੁਤਾਬਿਕ ਅੱਠਾਂ ਸਾਲਾਂ (1998-05) ਵਿਚ ਕਰਜ਼ੇ ਕਾਰਨ ਹੋਈਆਂ ਆਤਮ-ਹੱਤਿਆਵਾਂ ਦੀ ਗਿਣਤੀ 2116 ਹੈ। ਇਹ ਗਿਣਤੀ ਪ੍ਰਤੀ ਸਾਲ ਤਕਰੀਬਨ 264 ਹੈ। ਇਹ ਅੰਕੜਾ ਪੂਰੇ ਪੰਜਾਬ ਸਬੰਧੀ ਹੈ। ਪੰਜਾਬ ਦੇ ਕੁੱਲ 12329 ਪਿੰਡ ਹਨ। ਇਹ ਪੰਜਾਂ ਪਿੰਡਾਂ ਪਿੱਛੇ ਪ੍ਰਤੀ ਸਾਲ ਇਕ ਮੌਤ (ਆਤਮ-ਹੱਤਿਆ) ਬਣਦੀ ਹੈ। ਵਿਦਿਆਰਥੀਆਂ ਦੇ ਸਰਵੇਖਣ ਦੀ ਫੀਸਦੀ ਵੱਧ ਹੈ। ਇਹ ਦੋ ਪਿੰਡਾਂ ਪਿੱਛੇ ਇਕ ਆਤਮ-ਹੱਤਿਆ ਹੈ। ਇਸ ਵੱਡੇ ਅੰਕੜੇ ਨੂੰ ਹੀ ਵੱਡਾ ਸੱਚ ਮੰਨ ਲਿਆ ਜਾਵੇ ਤਾਂ ਵੀ ਇਹ ਆਤਮ-ਹੱਤਿਆਵਾਂ ਬਾਕੀ ਮੌਤਾਂ ਤੋਂ ਵੱਧ ਨਹੀਂ ਹਨ, ਖਾਸ ਕਰਕੇ ਨਸ਼ੇ ਕਾਰਨ ਹੋਈਆਂ ਮੌਤਾਂ ਤੋਂ।
ਪਰ ਇਹ ਵਰਤਾਰਾ ਕਿਉਂ ਹੈ? ਇਸ ਦਾ ਮੁੱਖ ਕਾਰਨ ਤਾਂ ਆਰਥਿਕ ਸੰਕਟ ਹੈ। ਨਾਲ ਸਮਾਜਿਕ ਤੇ ਭਾਵੁਕ ਪੱਖ ਵੀ ਹਨ। ਮੌਤਾਂ ਇਸ ਦਾ ਪ੍ਰਮਾਣ ਹਨ, ਕਾਰਨ ਨਹੀਂ। ਅੱਠਵੇਂ ਦਹਾਕੇ ਤੋਂ ਬਾਅਦ ਝੋਨੇ-ਕਣਕ ਦੀ ਉਪਜ ਵਿਚ ਖੜੋਤ ਹੈ। ਹਰੇ ਇਨਕਲਾਬ ਦੀ ਉਮਰ ਹੰਢ ਚੁੱਕੀ ਹੈ। ਹੁਣ ਇਹ ਬੁਢਾਪੇ ਵਿਚ ਕਈ ਸਮੱਸਿਆਵਾਂ ਦਾ ਕਾਰਨ ਹੈ। ਇਸ ਨੇ ਸਾਡਾ ਕੁਦਰਤੀ ਤਵਾਜਨ ਖਰਾਬ ਕਰ ਦਿੱਤਾ ਹੈ। ਪਾਣੀ ਮੁੱਕ ਰਿਹਾ ਹੈ। ਦਰੱਖਤਾਂ ਦੀ ਬਲੀ ਦੇ ਦਿੱਤੀ ਗਈ ਹੈ। ਖੇਤੀ ਫਸਲਾਂ ਦੀ ਵੰਨ-ਸੁਵੰਨਤਾ ਖਤਮ ਹੋ ਗਈ ਹੈ। ਕੁਦਰਤੀ ਹਰਿਆਵਲ ਨੂੰ ਹਰੀ ਕ੍ਰਾਂਤੀ ਦਾ ਡਾਕਾ ਪੈ ਚੁੱਕਾ ਹੈ। ਪੰਛੀਆਂ, ਜਾਨਵਰਾਂ ਦੇ ਰੈਣ-ਬਸੇਰੇ ਖਤਮ ਹੋ ਗੲੇ ਹਨ। ਨਾਲ ਖਤਮ ਹੋ ਰਹੇ ਹਨ ਬੈਲ, ਗਾਵਾਂ, ਮੱਝਾਂ ਤੇ ਖੇਤੀ ਸਹਾਇਕ ਪਸ਼ੂ। ਪਿੰਡਾਂ ਵਿਚ ਵੀ ਹੁਣ ਬਾਹਰੋਂ ਆੲੇ ਗੁੱਜਰ ਮੱਝਾਂ ਦੇ ਇੱਜੜਾਂ ਨਾਲ ਦੁੱਧ ਵੇਚ ਰਹੇ ਹਨ। ਪਸ਼ੂ-ਪੰਛੀਆਂ ਦੇ ਇਸ ਖਾਤਮੇ ਤੋਂ ਬਾਅਦ ਹੁਣ ਮਨੁੱਖ ਦੀ ਵਾਰੀ ਹੈ। ਪਾਣੀ ਜ਼ਹਿਰੀਲਾ ਹੋ ਗਿਆ ਹੈ। ਖਾਦਾਂ ਤੇ ਦਵਾਈਆਂ ਨੇ ਜ਼ਹਿਰ ਫੈਲਾਅ ਦਿੱਤਾ ਹੈ। ਕੁਦਰਤੀ ਵਰਤਾਰਾ ਉੱਜੜ ਗਿਆ ਹੈ। ਹੁਣ ਮਨੁੱਖੀ ਹੋਂਦ ਦਾ ਉਜਾੜਾ ਸ਼ੁਰੂ ਹੋ ਗਿਆ ਹੈ। ਬਰਬਾਦੀ ਵਿਚੋਂ ਬਰਬਾਦੀ ਹੀ ਨਿਕਲਣੀ ਸੀ। ਇਹ ਸਾਂਵਾ ਤੋਲ ਸ਼ੁਰੂ ਹੋ ਚੁੱਕਾ ਹੈ। ‘ਜੇਹਾ ਬੀਜੋ ਤੇਹਾ ਵੱਢੋ।’ ਖੇਤੀ ਗ਼ੈਰ-ਕੁਦਰਤੀ ਹੀ ਨਹੀਂ ਖਰਚੀਲੀ ਵੀ ਹੋ ਗਈ ਹੈ। ਪਰ ਪਿਛਲੇ ਦੋ ਦਹਾਕਿਆਂ ਤੋਂ ਖੇਤੀ ਪ੍ਰਤੀ ਲਾਗਤਾਂ ਵਧ ਰਹੀਆਂ ਹਨ। ਜ਼ਮੀਨ ਪੀੜ੍ਹੀ-ਦਰ-ਪੀੜ੍ਹੀ ਘਟ ਰਹੀ ਹੈ। ਛੋਟੀ ਕਿਸਾਨੀ ਨੂੰ ਕੇਵਲ ਮੁਸ਼ਕਿਲਾਂ ਹੀ ਨਹੀਂ ਹਨ, ਸਗੋਂ ਇਸ ਦੀ ਹੋਂਦ ਹੀ ਖਤਰੇ ਵਿਚ ਹੈ। ਇਹ ਕਿਵੇਂ ਜੀਵੰਤ ਰਹੇ? ਇਸ ਦਾ ਧੰਦਾ ਕਿਵੇਂ ਰੋਟੀ-ਰੋਜ਼ੀ ਦੇਵੇ? ਇਹ ਕਿਵੇਂ ਹੋਰ ਪਾਸੇ ਲੱਗੇ? ਇਹ ਅਹਿਮ ਮੁੱਦੇ ਹਨ। ਹੁਣ ਦੋ ਤੋਂ ਚਾਰ-ਪੰਜ ਕਿੱਲੇ ਵਾਲੇ ਕਿਸਾਨ ਦੀ ਦਰ-ਗੁਜ਼ਰ ਮੁਸ਼ਕਿਲ ਹੀ ਨਹੀਂ ਅਸੰਭਵ ਹੋ ਗਈ ਹੈ। ਨਾਲੇ ਫਿਰ ਇਹ ਕਿਸਾਨੀ ਹੈ। ਇਸ ਵਿਚ ਭਾਵਨਾਵਾਂ, ਜਜ਼ਬਿਆਂ ਤੇ ਸੰਸਕਾਰਾਂ ਦਾ ਹੜ੍ਹ ਹੈ। ਇਸ ਨੇ ਬੁੜ੍ਹੇ-ਬੁੜ੍ਹੀ ਦੇ ਮਰਨੇ ਨੂੰ ਚਾਰ ਚੰਨ ਵੀ ਲਾਉਣੇ ਹੁੰਦੇ ਹਨ। ਵਿਆਹ ਵੀ ਮੈਰਿਜ ਪੈਲੇਸਾਂ ਵਿਚ ਕਰਨੇ ਹੋੲੇ। ਹੁਣ ਅੰਗਰੇਜ਼ੀ ਸ਼ਰਾਬ ਦਾ ਵੀ ਫੈਸ਼ਨ ਹੈ। ਪਿੰਡਾਂ ਵਿਚ ਜੋ ਸ਼ਾਮ ਨੂੰ ਸਬਜ਼ੀ ਖਰੀਦਣ ਤੋਂ ਅਸਮਰੱਥ ਹਨ, ਉਹ ਵੀ ਦਾਜ ਵਿਚ ਸਕੂਟਰ\ਮੋਟਰ ਸਾਈਕਲ ਦੇਣ ਦੀ ਦੌੜ ਵਿਚ ਹਨ। ਛੋਟੀ ਕਿਸਾਨੀ ਦਾ ਆਮਦਨ ਵਸੀਲਾ ਬਹੁਤ ਸੀਮਤ ਹੈ। ਮੰਨ ਲਓ ਇਕ ਚਾਰ ਕਿੱਲੇ ਵਾਲਾ ਕਿਸਾਨ ਹੈ। ਇਕ ਕਿੱਲੇ ਦੀ ਕਣਕ ਉਸ ਨੇ ਘਰ ਖਾਣ ਨੂੰ ਤੇ ਬੀਜ ਪਾਉਣ ਲਈ ਰੱਖਣੀ ਹੈ। ਇਕ ਕਿੱਲੇ ਦੀ ਕਣਕ ਦਾ ਖਾਦ, ਦਵਾਈਆਂ ਜਾਂ ਵਾਹੀ ਉਤੇ ਖਰਚ ਹੋ ਗਿਆ ਹੈ। ਅੱਧਾ ਕਿੱਲਾ ਪੱਠੇ ਬੀਜ ਲੲੇ। ਬਾਕੀ ਰਹਿ ਗਿਆ ਡੇਢ ਕਿੱਲਾ ਕਣਕ ਦਾ। ਇਸ ਵਿਚੋਂ ਕਣਕ ਨਿਕਲੀ ਪੱਚੀ ਕੁਇੰਟਲ। ਛੇ ਮਹੀਨੇ ਵਿਚ ਉਪਜ ਹੋਈ ਇੱਕੀ ਹਜ਼ਾਰ ਦੀ। ਮੰਨ ਲਓ ਇਕ ਕਿਸਾਨ ਦਾ ਮਹੀਨੇ ਦਾ ਖਰਚ ਢਾਈ-ਤਿੰਨ ਹਜ਼ਾਰ ਰੁਪੲੇ ਹੈ। ਇਹ ਖਰਚ ਛੇ ਮਹੀਨੇ ਦਾ ਬਣਿਆ ਲਗਭਗ ਅਠਾਰਾਂ ਹਜ਼ਾਰ ਰੁਪੲੇ। ਇਹ ਆਮ ਰੋਜ਼ਾਨਾ ਦਾ ਖਰਚ ਹੈ। ਹੁਣ ਕਿਸਾਨੀ ਬਾਕੀ ਸਮਾਜਿਕ ਝਮੇਲਿਆਂ ਨਾਲ ਕਿਵੇਂ ਨਿਪਟੇ? ਇਕ ਭੱਠੇ ਉਤੇ ਇਕ ਆਮ ਪਥੇਰੇ ਦੀ ਘੱਟੋ-ਘੱਟ ਮਜ਼ਦੂਰੀ ਸਾਲ ਵਿਚ ਪੰਜਾਹ ਹਜ਼ਾਰ ਬਣਦੀ ਹੈ। ਕਈ ਪਥੇਰਿਆਂ ਦੀ 70-80 ਹਜ਼ਾਰ ਵੀ ਮਜ਼ਦੂਰੀ ਬਣ ਜਾਂਦੀ ਹੈ। ਇਸ ਤਰ੍ਹਾਂ ਛੋਟੀ ਕਿਸਾਨੀ ਦੀ ਹਾਲਤ ਮਜ਼ਦੂਰ ਜਾਂ ਪਥੇਰੇ ਨਾਲੋਂ ਕਿਤੇ ਮਾੜੀ ਹੋਈ ਪਈ ਹੈ। ਹਾਂ, ਇਸ ਕੋਲ ਵਿਹਲ ਦੀ ਸਰਦਾਰੀ ਜ਼ਰੂਰ ਹੈ। ਕਿਸਾਨੀ ਵਿਚ ਮੁੰਡਿਆਂ ਦੇ ਮੋਬਾਈਲ ਤੇ ਮੋਟਰ ਸਾਈਕਲ ਦੇ ਖਰਚੇ ਵੱਖਰੇ ਹਨ। ਬਿਮਾਰੀ ਵੱਖਰੀ, ਬੁੜ੍ਹੇ-ਬੁੜ੍ਹੀ ਦਾ ਮਰਨਾ ਵੱਖਰਾ। ਬੱਚਿਆਂ ਦੇ ਵਿਆਹ-ਸ਼ਾਦੀ ਉਤੇ ਵੀ ਖਰਚ ਕਰਨੇ ਹੋੲੇ। ਜਿਨ੍ਹਾਂ ਨੂੰ ਨਹਾਉਣ ਲੱਗਿਆਂ ਸਰ੍ਹੋਂ ਦਾ ਤੇਲ ਨਸੀਬ ਨਹੀਂ ਹੁੰਦਾ, ਉਨ੍ਹਾਂ ਨੇ ਜੰਝ ਸਮੇਂ ਰਾਜਕੁਮਾਰ ਵਾਂਗ ਘੋੜੀ ’ਤੇ ਵੀ ਚੜ੍ਹਨਾ ਹੋਇਆ। ਜੱਟ ਨੇ ਜਟਕੀ ਹਉਮੈ ਤਹਿਤ ਕਦੇ ਬੜ੍ਹਕ ਵੀ ਮਾਰਨੀ ਹੋਈ। ਇਸ ਕਰਕੇ ਸ਼ਰਾਬ ਵੀ ਪੀਣੀ ਹੋਈ। ਫਿਰ ਥਾਣੇ-ਕਚਹਿਰੀ ਵੀ ਜੱਟਾਂ ਸਿਰੋਂ ਹੀ ਚੱਲਣੇ ਹੋੲੇ। ਮਹਿਕਮਿਆਂ ਦੀ ਵੰਗਾਰ ਵੱਖਰੀ ਹੋਈ। ਅਜਿਹੇ ਕੰਮਾਂ ਦੀ ਲਈ ਜੋ ਫੜ-ਫੜਾ ਕੇ ਜਾਂ ਕਰਜ਼ੇ ਲੈ ਕੇ ਖਰਚ ਕੀਤਾ ਜਾਂਦਾ ਹੈ, ਉਸ ਨੂੰ ਮੋੜਨ ਦੀ ਇਸ ਵਿਚ ਤੌਫ਼ੀਕ ਜਾਂ ਸਮਰੱਥਾ ਕਿੱਥੇ ਹੈ। ਜੱਟ ਕਰੇ ਕੀ? ਹੋਰ ਕਿਹੜਾ ਧੰਦਾ ਅਪਣਾਵੇ? ਕੀ ਵੱਖਰਾ ਬੀਜੇ? ਉਸ ਦੀ ਨਵੀਂ ਪੀੜ੍ਹੀ ਕਰੇ ਕੀ? ਕਿਸਾਨੀ ਦੀ ਸਥਿਤੀ ਨੂੰ ਜੂੜ ਵੱਜਾ ਹੋਇਆ ਹੈ। ਜਦ ਰਾਹ ਜਾਂ ਹੱਲ ਸੰਭਵ ਨਹੀਂ ਤਾਂ ਨਿਰਾਸ਼ਾ ਹੁੰਦੀ ਹੈ। ਵਿਹਲ, ਨਿਰਾਸ਼ਾ ਤੇ ਕਬਾਇਲੀ ਸੰਸਕਾਰਾਂ ਕਾਰਨ ਨਸ਼ੇ ਹਨ। ਨਸ਼ਾ ਆਮ ਲੋੜਾਂ ਤੋਂ ਵੱਖਰਾ ਤੇ ਵੱਧ ਖਰਚ ਹੈ। ਜੋ ਕਿਸਾਨੀ ਵਿਚ ਲਾਹਨਤ ਤੇ ਮੰਦਹਾਲੀ ਦਾ ਰੂਪ ਬਣ ਚੁੱਕਾ ਹੈ। ਇਸ ਕਾਰਨ ਵੱਧ ਮੌਤਾਂ ਵੀ ਹਨ ਤੇ ਆਰਥਿਕ ਗੁਰਬਤ ਵੀ। ਕਿਸਾਨੀ ਕਿੱਤਾ ਪਛੜੇਵੇਂ ਵਿਚ ਹੈ। ਖੇਤੀ ਦੇ ਛੋਟੇ ਯੂਨਿਟ ਤਾਂ ਅਸਲੋਂ ਹੀ ਸਾਹ ਵਰੋਲ ਰਹੇ ਹਨ। ਇਕ ਤਾਂ ਅਜਿਹੀ ਕਿਸਾਨੀ ਦੇ ਸਾਧਨ ਸੀਮਤ ਹਨ। ਦੂਜਾ ਇਨ੍ਹਾਂ ਦੀਆਂ ਆਦਤਾਂ ਖਰਚੀਲੀਆਂ ਹਨ। ਇਨ੍ਹਾਂ ਦਾ ਸੁਭਾਅ ਬੌਧਿਕ ਨਾਲੋਂ ਲਾਹਪ੍ਰਵਾਹ ਵਧੇਰੇ ਹੈ। ਇਹ ਬਹਾਦਰ\ਦਲੇਰ ਵੱਧ ਹਨ, ਪਰ ਸਿਆਣੇ ਇਸ ਤੋਂ ਘੱਟ। ਇਹ ਵਿੱਤ ਨਹੀਂ ਵਾਹ-ਵਾਹ ਖੱਟਣ ਮੁਤਾਬਿਕ ਚਲਦੇ ਹਨ। ਕਿਸਾਨੀ ਦੇ ਸੱਭਿਆਚਾਰਕ ਤੇ ਮਾਨਸਿਕ ਮਸਲੇ ਵਿਸ਼ੇਸ਼ ਹਨ। ਜਿਨ੍ਹਾਂ ਦਾ ਕਿਸੇ ਇਕ ਅੱਧ ਆਸਰੇ ਨਾਲ ਹੱਲ ਹੋਣਾ ਮੁਸ਼ਕਿਲ ਹੈ। ਇਸ ਲਈ ਕਿਸੇ ਵੱਡੇ ਬਹੁਪੱਖੀ ਮਾਸਟਰ ਪਲਾਨ ਦੀ ਜ਼ਰੂਰਤ ਹੈ ਜਿਸ ਵਿਚ ਗਰੀਬ ਕਿਸਾਨੀ ਦੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਸਹੂਲਤ ਹੋਵੇ। ਕਿਸੇ ਪ੍ਰੋਫੈਸ਼ਨਲ ਸਿੱਖਿਆ ਨਾਲ ਇਨ੍ਹਾਂ ਦਾ ਕਿੱਤਾ ਤਬਦੀਲ ਹੋ ਸਕੇ। ਇਨ੍ਹਾਂ ਨੂੰ ਬਿਨਾਂ ਵਿਆਜ ਕਰਜ਼ੇ ਦੀ ਸੁਵਿਧਾ ਹੋਵੇ। ਛੋਟੀ ਕਿਸਾਨੀ ਦੀ ਵਾਹੀ ਲਈ ਸੰਦਾਂ ਸਾਧਨਾਂ ਦੇ ਪੱਖ ਤੋਂ ਕੋਈ ਸਰਕਾਰੀ ਸਹਾਰਾ ਹੋਵੇ। ਨਾਲ ਦੀ ਨਾਲ ਇਨ੍ਹਾਂ ਲਈ ਸਿਖਲਾਈ ਜਾਂ ਕੋਚਿੰਗ ਕੇਂਦਰ ਵੀ ਹੋਣ, ਜਿਨ੍ਹਾਂ ਰਾਹੀਂ ਕਿਸਾਨੀ ਦਾ ਇਨ੍ਹਾਂ ਦੇ ਵਿੱਤ ਮੁਤਾਬਿਕ ਮਨ (ਮਾੲੀਂਡ) ਸੈੱਟ ਕੀਤਾ ਜਾ ਸਕੇ। ਭਾਵ ਇਸ ਛੋਟੀ ਕਿਸਾਨੀ ਦਾ ਜਿਹੜੇ ਕਿੱਤਿਆਂ ਤੇ ਰਸਮਾਂ ਵਿਚ ਭਲਾ ਹੈ? ਇਸ ਨੂੰ ਵਿਹਾਰੀ ਤੇ ਪ੍ਰੈਕਟੀਕਲ ਬਣਾਇਆ ਜਾਵੇ। ਇਸ ਦੇ ਜ਼ਮੀਨ ਤੋਂ ਪੈਰ ਉੱਖੜ ਚੁੱਕੇ ਹਨ। ਪਰ ਇਹ ਹਵਾ ਵਿਚ ਉੱਡਣ ਦੀ ਕੋਸ਼ਿਸ਼ ਕਰਦੀ ਹੈ। ਇਸ ਕਰਕੇ ਕਿਸਾਨੀ ਗਰੀਬ ਤੋਂ ਕੰਗਾਲ ਬਣ ਰਹੀ ਹੈ। ਪਿੰਡਾਂ ਵਿਚ ਸਭ ਤੋਂ ਵੱਡਾ ਸੰਕਟ ਵਿਦਿਆ ਦਾ ਹੈ। ਪਿੰਡ ਵਿਚ ਵਿਦਿਅਕ ਸੰਸਥਾਵਾਂ ਅਲੋਪ ਹੋ ਰਹੀਆਂ ਹਨ। ਵਿਦਿਆ ਤੇ ਖਾਸ ਕਰਕੇ ਕਿੱਤਾ ਮੁਖੀ ਵਿਦਿਆ ਨਾਲ ਹੀ ਗਰੀਬੀ ਦਾ ਕੋਹੜ ਦੂਰ ਕੀਤਾ ਜਾ ਸਕਦਾ ਹੈ। ਪਰ ਵਿਦਿਆ ਪੱਖੋਂ ਪਿੰਡ ਤੇ ਸ਼ਹਿਰ ਦੀ ਦੁਨੀਆ ਬਿਲਕੁਲ ਹੀ ਵੱਖਰੀ ਤੇ ਨਿਆਰੀ ਹੈ। ਪਿੰਡ ਵਿਦਿਆ ਪੱਖੋਂ ਬੁਰੀ ਤਰ੍ਹਾਂ ਹਨੇਰੇ ਵਿਚ ਘਿਰਦੇ ਜਾ ਰਹੇ ਹਨ। ਇਸ ਦੀ ਵੱਡੀ ਮਾਰ ਪਿੰਡਾਂ ਜਾਂ ਕਿਸਾਨੀ ਨੂੰ ਪੈ ਰਹੀ ਹੈ।
ਕਿਸਾਨੀ ਨੂੰ ਨਸ਼ਿਆਂ ਦੀ ਵੱਖਰੀ ਮਾਰ ਹੈ। ਨਸ਼ੇ ਗਰੀਬੀ ਦੀ ਉਪਜ ਵੀ ਹਨ ਤੇ ਕਾਰਨ ਵੀ। ਇਹ ਗਰੀਬੀ ਵਿਚ ਵਕਤੀ ਰੁਮਾਂਸ ਹਨ। ਝਟਪਟ ਦਾ ਮਨਪਰਚਾਵਾ ਹਨ। ਜੀਵਨ ਜਿਊਣਯੋਗ ਹੋਣ ਦਾ ਦਿਲਾਸਾ ਹਨ। ਇਹ ਨਿਰਾਸ਼ਾਵਾਂ ਵਿਚ ਪਲਚਵੇਂ ਸੁਪਨੇ ਹਨ। ਇਹ ਸਮਰੱਥਾ ਨਹੀਂ ਥੁੜ੍ਹ ਦੀ ਉਪਜ ਹਨ। ਇਹ ਗਰੀਬੀ ਦੇ ਕੁਝ ਅਮੀਰੀ ਪਲ ਹਨ ਕਿਉਂਕਿ ਇਹ ਆਰਥਿਕ ਪਹੁੰਚ ਤੋਂ ਬਾਹਰ ਹਨ। ਇਸ ਕਰਕੇ ਪੁਆੜੇ ਦੀ ਜੜ੍ਹ ਹਨ। ਘਰੇਲੂ ਕਲੇਸ਼ ਦਾ ਕਾਰਨ ਹਨ। ਉਜਾੜੇ ਦਾ ਆਧਾਰ ਹਨ। ਸਮਾਜਿਕਤਾ ਤੇ ਆਰਥਿਕਤਾ ਲਈ ਖਤਰਨਾਕ ਹਨ। ਪਰ ਇਹ ਸਮਾਜ ਵਿਚ ਖੁੱਲ੍ਹੇ ਗੱਫੇ ਹਨ। ਇਹ ਕਿੱਥੋਂ ਆਉਂਦੇ ਹਨ? ਕੌਣ ਲਿਆਉਂਦੇ ਹਨ? ਕੌਣ ਵੇਚਦੇ ਹਨ? ਕੀ ਇਹ ਆਮ ਬੰਦੇ ਦਾ ਧੰਦਾ ਜਾਂ ਕਿੱਤਾ ਹੈ? ਇਸ ਪਿੱਛੇ ਕਿਹੜੀਆਂ ਸ਼ਕਤੀਆਂ ਤੇ ਤਾਕਤਾਂ ਹਨ? ਕਾਨੂੰਨੀ ਰੂਪ ਵਿਚ ਇਨ੍ਹਾਂ ਦੀ ਮਨਾਹੀ ਹੈ। ਇਸ ਕਾਨੂੰਨ ਦੀ ਰਾਖੀ ਲਈ ੲੇਡੀ ਵੱਡੀ ਫੋਰਸ ਹੈ। ਇਕ ਨਹੀਂ ਕਈ ਫੋਰਸਾਂ ਹਨ। ਅਦਾਲਤਾਂ ਹਨ। ਜੱਜ ਤੇ ਵਕੀਲ ਵੀ। ਗੱਲ ਕੀ ਬਹੁਤ ਵੱਡਾ ਸਰਕਾਰੀ-ਤੰਤਰ ਹੈ। ਭਾਵ ਲੰਮਾ-ਚੌੜਾ ਪ੍ਰਬੰਧਕੀ ਤਾਣਾ-ਬਾਣਾ ਹੈ। ਇਸ ਤਾਣੇ-ਬਾਣੇ ਦੀਆਂ ਵਿਰਲਾਂ ਵਿਚੋਂ ਕਿਰ-ਕੇ ਨਸ਼ੇ ਸਮਾਜ ਦਾ ਅਹਿਮ ਹਿੱਸਾ ਹਨ। ਇਹ ਕੁਝ ਲਈ ਬਹੁਤ ਵੱਡਾ ਵਪਾਰਕ ਕਿੱਤਾ ਹਨ। ਇਹ ਪਹੁੰਚ ਵਾਲਿਆਂ ਦੀ ਕਰਾਮਾਤ ਵੀ ਹਨ ਤੇ ਕਾਰਨਾਮਾ ਵੀ। ਇਨ੍ਹਾਂ ਨੂੰ ਨਮੋਸ਼ੀ ਨਹੀਂ ਸ਼ਾਨ ਵਜੋਂ ਪ੍ਰਚਾਰਿਆ ਜਾਂਦਾ ਹੈ। ਸਾਡੇ ਸਟੇਜੀ ਗਾਇਕ ਇਸ ਪਾਸੇ ਲੱਗੇ ਹੋੲੇ ਹਨ। ਇਨ੍ਹਾਂ ਦਾ ਇਸ ਪਾਸੇ ਨਿਕੰਮਾ ਕੰਮ ਬੜਾ ਕਮਾਲ ਦਾ ਹੈ। ਸਾਡੇ ਭਾਵ ਬੋਧ ਵਿਚ ਇਹ ਸ਼ਾਨ ਸਮਝੇ ਜਾਂਦੇ ਹਨ।
(ਬਾਕੀ ਅਗਲੇ ਐਤਵਾਰ)
-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਸਰਹਾਲੀ (ਤਰਨ ਤਾਰਨ)।
(ਰੋਜ਼ਾਨਾ ਅਜੀਤ ਵਿੱਚੋਂ)
Sunday, May 20, 2007
Subscribe to:
Post Comments (Atom)
No comments:
Post a Comment