Wednesday, June 4, 2008

ਟਾਹਲੀ - ਇੱਕ ਦਰਖਤ, ਇਹ ਸੱਭਿਆਚਾਰ

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ
ਹੇਠ ਵਗੇ ਦਰਿਆ
ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ
ਬਗਲਾ ਬਣ ਕੇ ਆ।

ਗੀਤ ਦੇ ਬੋਲ ਗੁਣਗੁਣਾਉਣੇ ਜਾਂ ਸੁਣਨ ਲੲੀ ਬੜੇ ਰਸਭਿੰਨੇ ਤੇ ਸੋਹਣੇ ਜਾਪਦੇ ਹਨ ਪਰ ਗੀਤ ਦੁਆਰਾ ਬਿਆਨ ਕੀਤੀ ਸਥਿਤੀ ਪੰਜਾਬ ਵਿਚੋਂ ਦਿਨ-ਬਦਿਨ ਘਟਦੀ ਜਾ ਰਹੀ ਹੈ। ਮਨੁੱਖ ਦੁਆਰਾ ਆਪਣੇ ਨਿੱਜੀ ਸਵਾਰਥਾਂ ਸਦਕਾ ਕੀਤੇ ਕਾਰਜਾਂ ਕਰਕੇ ਟਾਹਲੀਆਂ, ਕਿੱਕਰਾਂ ਤੇ ਹੋਰ ਅਨੇਕਾਂ ਰੁੱਖਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਕਾਫੀ ਜ਼ਿਆਦਾ ਤਾਦਾਦ ਵਿਚ ਟਾਹਲੀਆਂ ਪੰਜ-ਸੱਤ ਸਾਲ ਪਹਿਲਾਂ ਪੲੀ ਅਣਪਛਾਤੀ ਬਿਮਾਰੀ ਦੀ ਭੇਟ ਚੜ੍ਹ ਗੲੀਆਂ। ਰਹਿੰਦੀ-ਖੂੰਹਦੀ ਕਸਰ ਕਿਸਾਨ ਹਰ ਸਾਲ ਹਾੜ੍ਹੀ-ਸਾਉਣੀ ਕਣਕ-ਝੋਨੇ ਦੀ ਨਾੜ ਨੂੰ ਅੱਗ ਲਾਉਣ ਸਮੇਂ ਕੱਢ ਰਿਹਾ ਹੈ। ਅੱਗ ਲਾਉਣ ਸਦਕਾ ਟਾਹਲੀਆਂ, ਕਿੱਕਰਾਂ ਤੇ ਹੋਰ ਰੁੱਖ ਹੀ ਅਗਨ ਭੇਟ ਨਹੀਂ ਹੋ ਰਹੇ ਬਲਕਿ ਉਨ੍ਹਾਂ ਉੱਪਰ ਬਸੇਰਾ ਕਰਦੇ ਅਨੇਕਾਂ ਪੰਛੀ ਉਨ੍ਹਾਂ ਦੇ ਬੋਟ ਅਤੇ ਅੰਡੇ ਤੱਕ ਵੀ ਮਨੁੱਖਤਾ ਦਾ ਸ਼ਿਕਾਰ ਹੋ ਰਹੇ ਹਨ। ਟਾਹਲੀ ਨੂੰ ਪੰਜਾਬ ਦਾ ਰਾਜ ਦਰੱਖਤ ਹੋਣ ਦਾ ਮਾਣ ਮਿਲਿਆ ਹੋਇਆ ਹੈ ਅਤੇ ਇਹ ਉੱਨੀਵੀਂ ਸਦੀ ਦੇ ਪੰਜਾਬ ਦੀਆਂ ਸੜਕਾਂ ਕੰਢੇ ਲੱਗਿਆ ਸਭ ਤੋਂ ਬਿਹਤਰ ਅਤੇ ਗੁਣਕਾਰੀ ਰੁੱਖ ਹੈ।
ਹਿਮਾਲਿਆ ਪਰਬਤ ਦੀਆਂ ਹੇਠਲੀਆਂ ਪਹਾੜੀਆਂ ਤੋਂ ਲੈ ਕੇ ਪੰਜਾਬ, ਮਹਾਰਾਸ਼ਟਰ, ਕਰਨਾਟਕ ਅਤੇ ਦੱਖਣੀ ਸੂਬੇ ਕੇਰਲ, ਤਾਮਿਲਨਾਡੂ ਤੱਕ ਮਿਲਣ ਵਾਲਾ ਦਰਮਿਆਨੇ ਤੋਂ ਵੱਡੇ ਆਕਾਰ ਦਾ ਟਾਹਲੀ ਨਾਮੀ ਰੁੱਖ ਸੰਸਾਰ ਪੱਧਰ ’ਤੇ ਸ਼ੀਸ਼ਮ, ਬਲੈਕਵੁੱਡ, ਰੋਜ਼ਵੁੱਡ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਦਾ ਵਿਗਿਆਨਕ ਨਾਂਅ Dalbergia Sissoo ਹੈ। ਕੁਝ-ਕੁਝ ਦਿਲ ਦੀ ਸ਼ਕਲ ਵਾਲੇ ਪੱਤੇ ਰੁੱਖ ਉੱਪਰੋਂ ਸਰਦੀ ਦੇ ਦਿਨੀਂ ਝੜ ਜਾਂਦੇ ਹਨ ਅਤੇ ਫਰਵਰੀ ਅੰਤ ਜਾਂ ਮਾਰਚ ਦੇ ਸ਼ੁਰੂ ਵਿਚ ਰੁੱਖ ਦੁਬਾਰਾ ਹਰਾ-ਭਰਾ ਹੋਣਾ ਸ਼ੁਰੂ ਹੋਣ ਦੇ ਨਾਲ ਹੀ ਅੱਧ ਮਾਰਚ ਦੇ ਕਰੀਬ ਬਹੁਤ ਹੀ ਛੋਟੇ-ਛੋਟੇ ਸਫੈਦ-ਕਰੀਮ ਰੰਗ ਦੇ ਫੁੱਲਾਂ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ। ਬਹੁਤ ਹਲਕੀ ਜਿਹੀ ਸੁਗੰਧੀ ਵਾਲੇ ਫੁੱਲ ਰੁੱਖ ਉੱਪਰ ਜ਼ਿਆਦਾ ਸਮਾਂ ਦਿਖਾੲੀ ਨਹੀਂ ਦਿੰਦੇ ਅਤੇ ਜਲਦੀ ਹੀ ਫੀਤੀਆਂ ਵਰਗੀ ਦਿੱਖ ਰੱਖਣ ਵਾਲੀਆਂ ਚਪਟੀਆਂ ਫਲੀਆਂ ਰੂਪੀ ਫਲਾਂ ਵਿਚ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। ਚਾਬੀਆਂ ਦੇ ਗੁੱਛਿਆਂ ਦੀ ਤਰ੍ਹਾਂ ਦਿੱਖ ਰੱਖਣ ਵਾਲੀਆਂ ਫਲੀਆਂ ਕਾਫੀ ਮਹੀਨਿਆਂ ਤੱਕ ਰੁੱਖ ਉੱਪਰ ਲਟਕਦੀਆਂ ਦਿਖਾੲੀ ਦਿੰਦੀਆਂ ਹਨ। ਰੁੱਖ ਦਾ ਬੀਜ ਹਵਾ ਅਤੇ ਪਾਣੀ ਦੋਵਾਂ ਸਾਧਨਾਂ ਰਾਹੀਂ ਵੱਖ-ਵੱਖ ਦਿਸ਼ਾਵਾਂ ਵਿਚ ਵੰਡਿਆ ਜਾਂਦਾ ਹੈ ਅਤੇ ਸਿੱਲ੍ਹਾ ਵਾਤਾਵਰਨ ਇਸ ਰੁੱਖ ਲੲੀ ਪਸੰਦੀਦਾ ਹੋਣ ਕਰਕੇ ਅਕਸਰ ਟਾਹਲੀਆਂ ਦਰਿਆਵਾਂ ਅਤੇ ਵਗਦੇ ਪਾਣੀਆਂ ਦੇ ਕੰਢੇ ਜ਼ਿਆਦਾ ਗਿਣਤੀ ਵਿਚ ਦੇਖਣ ਨੂੰ ਮਿਲਦੀਆਂ ਹਨ। ਟਾਹਲੀ ਦੇ ਪੌਦੇ ਬੀਜ ਅਤੇ ਜੜ੍ਹਾਂ ਤੋਂ ਫੁੱਟੀਆਂ ਹੌੲੀਆਂ ਸ਼ਾਖਾਂ ਤੋਂ ਤਿਆਰ ਕੀਤੇ ਜਾਂਦੇ ਹਨ। ਪਨੀਰੀ ਤਿਆਰ ਕਰਨ ਲੲੀ ਫਰਵਰੀ ਜਾਂ ਬਰਸਾਤ ਰੁੱਤ ਬਿਲਕੁਲ ਢੁਕਵੀਂ ਹੁੰਦੀ ਹੈ। ਚੰਗੇ ਜਲ ਨਿਕਾਸ ਵਾਲੀਆਂ ਜ਼ਮੀਨਾਂ ਵਿਚ ਤਿਆਰ ਪਨੀਰੀ ਲਗਭਗ 9-10 ਮਹੀਨਿਆਂ ਦੌਰਾਨ ਢੁਕਵੇਂ ਸਥਾਨਾਂ ’ਤੇ ਲਾਉਣ ਯੋਗ ਹੋ ਜਾਂਦੀ ਹੈ।
ਟਾਹਲੀ ਦੀ ਲੱਕੜ ਦਾ ਗੁਣਾਂ ਵਜੋਂ ਕੋੲੀ ਜਵਾਬ ਨਹੀਂ ਹੈ ਅਤੇ ਭਾਰਤ ਵਿਚ ਮਿਲਣ ਵਾਲੀਆਂ ਅਤਿਅੰਤ ਮਜ਼ਬੂਤ ਅਤੇ ਉਪਯੋਗੀ ਲੱਕੜਾਂ ਵਿਚੋਂ ਇਕ ਹੈ। ਇਸ ਦੀ ਲੱਕੜ ਛੋਟੇ ਸੰਦਾਂ ਤੋਂ ਲੈ ਕੇ ਇਮਾਰਤੀ ਅਤੇ ਫਰਨੀਚਰ ਆਦਿ ਹਰ ਕੰਮਾਂ ਵਿਚ ਵਰਤੀ ਜਾਂਦੀ ਹੈ। ਟਾਹਲੀ ਹਵਾ ਵਿਚੋਂ ਨਾੲੀਟ੍ਰੋਜਨ ਲੈਂਦੀ ਹੋਣ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ-ਨਾਲ ਸੋਕੇ ਦੇ ਦਿਨਾਂ ਵਿਚ ਪਸ਼ੂਆਂ ਦੇ ਹਰੇ ਚਾਰੇ ਵਜੋਂ ਵੀ ਕੰਮ ਵਿਚ ਲਿਆਂਦੀ ਜਾਂਦੀ ਹੈ। ਚਾਹ ਦੇ ਬਾਗਾਂ ਵਿਚ ਛਾਂ ਰੁੱਖ ਵਜੋਂ ਵਰਤੇ ਜਾਣ ਦੇ ਨਾਲ-ਨਾਲ ਪੰਜਾਬ ਵਿਚ ਵੀ ਸਾਂਝੀਆਂ ਅਤੇ ਜਨਤਕ ਥਾਵਾਂ ’ਤੇ ਇਸ ਨੂੰ ਇਨਸਾਨਾਂ ਅਤੇ ਡੰਗਰਾਂ ਲੲੀ ਛਾਂ ਰੁੱਖ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਕੁਝ ਲੋਕ ਇਸ ਤੋਂ ਬਾਲਣ, ਲੱਕੜੀ, ਚਾਰਕੋਲ ਅਤੇ ਤੇਲ ਦੀ ਪ੍ਰਾਪਤੀ ਵੀ ਕਰਦੇ ਹਨ। ਟਾਹਲੀ ਤੋਂ ਨਿਕਲਣ ਵਾਲਾ ਤੇਲ ਚਮੜੀ ਰੋਗ, ਪੱਤੇ ਔਰਤਾਂ ਦੇ ਛਾਤੀ ਅਤੇ ਮਾਸਿਕ ਧਰਮ ਰੋਗਾਂ ਦੇ ਇਲਾਜ ਲੲੀ ਵਰਤੇ ਜਾਂਦੇ ਹਨ। ਟਾਹਲੀ ਦਾ ਸਬੰਧ ਸਿੱਖ ਧਰਮ ਨਾਲ ਕਾਫੀ ਹੋਣ ਸਦਕਾ ਪੰਜਾਬ ਦੇ ਅਨੇਕਾਂ ਸਥਾਨਾਂ ’ਤੇ ਗੁਰਦੁਆਰਾ ਟਾਹਲੀ ਸਾਹਿਬ ਬਣੇ ਹੋੲੇ ਹਨ। ਪੈਸੇ ਦੀ ਦੌੜ ਵਿਚ ਭੱਜ ਰਹੇ ਇਨਸਾਨ ਨੂੰ ਮੇਰੀ ਦਿਲੀ ਸਲਾਹ ਹੈ ਕਿ ਉਹ ਕੁਝ ਰੁੱਖ ਸਿਰਫ ਲੱਕੜ ਦੀ ਪ੍ਰਾਪਤੀ ਦੀ ਬਜਾੲੇ ਵਾਤਾਵਰਨ ਦੀ ਸੇਵਾ-ਸੰਭਾਲ ਖਾਤਿਰ ਵੀ ਲਾਵੇ। 5 ਜੂਨ ‘ਵਿਸ਼ਵ ਵਾਤਾਵਰਨ ਦਿਵਸ’ ਵਜੋਂ ਸੰਸਾਰ ਪੱਧਰ ’ਤੇ ਮਨਾਇਆ ਜਾ ਰਿਹਾ ਹੈ ਅਤੇ ਸਾਨੂੰ ਪੰਜਾਬੀਆਂ ਨੂੰ ਵੀ ਇਸ ਵਿਚ ਥੋੜ੍ਹਾ-ਬਹੁਤ ਹਿੱਸਾ ਪਾਉਣਾ ਚਾਹੀਦਾ ਹੈ।

ਬਲਵਿੰਦਰ ਸਿੰਘ ਲੱਖੇਵਾਲੀ
98142-3904
ਰੋਜ਼ਾਨਾ ਅਜੀਤ ਵਿੱਚੋਂ ਧੰਨਵਾਦ ਸਹਿਤ

Tuesday, May 20, 2008

ਬੈਂਕ (ਸਟੇਟ ਬੈਂਕ ਆਫ਼ ਇੰਡੀਆ) ਵਲੋਂ ਕਿਸਾਨਾਂ ਨੂੰ ਕਰਜ਼ਾ ਦੇਣ ਤੋਂ ਨਾਹ

ਕੱਲ੍ਹ ਦੀ ਖ਼ਬਰ ਮੁਤਾਬਕ ਕਿਸਾਨਾਂ ਨੂੰ ਬੈਂਕ ਨੇ ਕਰਜ਼ਾ ਦੇਣ ਤੋਂ
ਨਾਂਹ ਕਰ ਦਿੱਤੀ ਹੈ। ਖ਼ਬਰ ਮੁਤਾਬਕ ਸਰਕਾਰ ਦੇ ਕਿਸਾਨਾਂ ਦੀ
ਕਰਜ਼ਾ ਮੁਆਫ਼ੀ ਤੋਂ ਬਾਅਦ ਬੈਂਕ ਦੀਆਂ ਕਿਸ਼ਤਾਂ ਦੇਣੀਆਂ ਕਿਸਾਨਾਂ
ਨੇ ਬੰਦ ਕਰ ਦਿੱਤੀਆਂ ਸਨ ਅਤੇ ਹੁਣ ਬੈਂਕ ਨੇ ਟਰੈਕਰਟਰ,
ਕੰਬਾਇਨਾਂ ਅਤੇ ਹੋਰ ਖੇਤੀਬਾੜੀ ਸੰਦ ਲੈਣ ਵਾਸਤੇ ਕਰਜ਼ੇ ਦੇਣ
ਉੱਤੇ ਰੋਕ ਲਾ ਦਿੱਤੀ ਹੈ। ਇਸ ਨਾਲ ਕਿਸਾਨਾਂ ਵਾਸਤੇ ਮੁਸ਼ਕਲਾਂ
ਖੜ੍ਹੀਆਂ ਹੋ ਗਈਆਂ ਹਨ ਅਤੇ ਬੇਸ਼ੱਕ ਇਸ ਲਈ ਸਰਕਾਰ
ਸਿੱਧੇ-ਅਸਿੱਧੇ ਰੂਪ ਵਿੱਚ ਜੁੰਮੇਵਾਰ ਹੈ। ਖ਼ਬਰ ਤਾਂ ਇਹ ਹੈ
ਕਿ ਭਾਰਤ ਦੀ ਸਭ ਤੋਂ ਵੱਡੀ ਬੈਂਕ ਸਟੇਟ ਬੈਂਕ ਆਫ਼ ਇੰਡੀਆ
ਵਲੋਂ ਨਾਂਹ ਕਰਨ ਦਾ ਮਤਲਬ ਹੈ ਕਿ ਹੋਰ ਛੋਟੀਆਂ ਬੈਂਕਾਂ ਅਤੇ
ਪ੍ਰਾਈਵੇਟ ਬੈਂਕ ਵਲੋਂ ਨਾਂਹ ਕਰਨੀ!!

ਇਸ ਦਾ ਗਲਤ ਪਰਭਾਵ ਸਿੱਧੇ ਰੂਪ ਵਿੱਚ ਸ਼ਾਹੂਕਾਰਾਂ ਅਤੇ
ਆੜਤੀਆਂ ਤੋਂ ਕਰਜ਼ੇ ਦੇ ਵਾਧੇ ਦੇ ਰੂਪ ਵਿੱਚ ਪਵੇਗਾ!
ਜਿੱਥੇ ਉਹ ਕਿਸਾਨਾਂ ਨਾਲ ਮਨਮਾਨੀ ਕਰ ਸਕਣਗੇ, ਉੱਥੇ
ਹੀ ਕਿਸਾਨ ਦੀ ਹਾਲਤ ਹੋਰ ਪਤਲੀ ਹੋਣ ਅਤੇ ਖੇਤੀਬਾੜੀ
ਦੇ ਉਤਪਾਦਨ (ਪਰੋਡੱਕਸ਼ਨ), ਜਿਸ ਦੀਆਂ ਫੜ੍ਹਾਂ ਇਸ ਵਾਰ
ਸਰਕਾਰ 2 ਕਰੋੜ ਟਨ ਕਣਕ ਖਰੀਦ ਕੇ ਕਰ ਰਹੀ ਹੈ, 'ਚ
ਫ਼ਰਕ ਪੈਣ ਦੀ ਹੈ। ਸਰਕਾਰ ਹਮੇਸ਼ਾਂ ਵਾਂਗ ਕਿਸਾਨ ਨੂੰ
ਅਣਡਿੱਠਾ ਕਰਕੇ ਰਾਜਨੀਤਿਕ ਰੋਟੀਆਂ ਸੇਕ ਰਹੀ ਹੈ!!

ਇਹ ਭਾਰਤ ਦੇ ਭਵਿੱਖ ਲਈ ਗਲਤ ਹੈ, ਇੱਕ ਮੂਰਖਤਾ ਪੂਰਨ
ਕਦਮ। ਕਰਜ਼ੇ ਮੁਆਫ਼ੀ ਤੋਂ ਪਹਿਲਾਂ ਆਈਆਂ ਕੁਝ ਟਿੱਪਣੀਆਂ
ਅੱਜ ਸੱਚੀਆਂ ਹੋ ਰਹੀਆਂ ਹਨ ਕਿ ਸਰਕਾਰ ਫ਼ਸਲ ਉੱਤੇ
ਭਾਅ ਵਧਾਉਣ ਦੀ ਬਜਾਏ ਕਰਜ਼ੇ ਮੁਆਫ਼ ਕਰਕੇ ਕਿਸਾਨਾਂ
ਲਈ ਅਤੇ ਆਪਣੇ ਲਈ ਕੰਢੇ ਬੀਜ ਹੈ!!!

Wednesday, May 14, 2008

ਝੋਨਾ ਜਦੋਂ ਮਰਜ਼ੀ ਲਾਓ...

ਸਰਕਾਰ ਦਾ, ਖੇਤੀ ’ਵਰਸਿਟੀ ਦਾ ਤੇ ਕੲੀ ਹੋਰਨਾਂ ਦਾ ਜਦੋਂ ਪੂਰਾ ਜ਼ੋਰ ਲੱਗਿਆ ਹੈ ਕਿ ਝੋਨਾ 15 ਜੂਨ ਤੋਂ ਪਹਿਲਾਂ ਨਾ ਲਾਵੋ ਤਾਂ ਉਸ ਵੇਲੇ ਇਹ ਗੱਲ ਕਹਿਣੀ ਕਿ ‘ਝੋਨਾ ਜਦੋਂ ਮਰਜ਼ੀ ਲਾਓ’ ਕੀ ਠੀਕ ਹੋਵੇਗੀ? ਹਾਂ ਜੀ, ਬਿਲਕੁਲ ਠੀਕ ਹੈ। ਅਸਲ ਵਿਚ ਅਸੀਂ ਇਕ ਮੁੱਖ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਕੲੀ ਦਹਾਕੇ ਪਹਿਲਾਂ ਸਾਡੇ ਵਿਗਿਆਨੀਆਂ ਨੇ ਝੋਨੇ ਨੂੰ ਪਾਣੀ ਵਿਚ ਹੋਣ ਵਾਲੀ ਫਸਲ ਮੰਨ ਲਿਆ। ਇਹ ਇਕ ਗਲਤੀ ਸੀ। ਝੋਨਾ ਖੜ੍ਹੇ ਪਾਣੀ ਨੂੰ ਸਹਾਰ ਸਕਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਖੜ੍ਹੇ ਪਾਣੀ ਦੀ ਲੋੜ ਹੈ। ਇਹ ਇਕ ਬਜਰ ਗਲਤੀ ਹੋੲੀ ਹੈ, ਜਿਸ ਕਰਕੇ ਅਸੀਂ ਆਪਣੀ ਧਰਤੀ ਦੇ ਪਾਣੀ ਦੇ ਦੁਸ਼ਮਣ ਬਣ ਗੲੇ। ਉੱਤੋਂ ਝੋਨਾ ਹੀ ਇਕ ਐਸੀ ਫਸਲ ਹੈ ਜਿਸ ਵਿਚੋਂ ਕਿਸਾਨ ਨੂੰ ਚਾਰ ਪੈਸੇ ਬਚਦੇ ਹਨ। ਇਨ੍ਹਾਂ ਦੋਵਾਂ ਗੱਲਾਂ ਕਰਕੇ ਅਸੀਂ ਝੋਨੇ ਦੇ ਸੁਭਾਅ ਨੂੰ ਉਸ ਦੀ ਲੋੜ ਸਮਝਦੇ ਰਹੇ।
ਪਰ ਹੁਣ ਦਲੇਰ ਵੱਟ ਦੇ ਆਉਣ ਨਾਲ ਇਹ ਸਚਾੲੀ ਸਾਹਮਣੇ ਆ ਗੲੀ ਹੈ ਕਿ ਝੋਨਾ ਸਿਰਫ ਮੀਂਹ ਦੇ ਪਾਣੀ ਨਾਲ ਹੀ ਨਹੀਂ ਹੋ ਸਕਦਾ, ਸਗੋਂ ਬਹੁਤੇ ਮੀਂਹ ਦਾ ਪਾਣੀ ਧਰਤੀ ਨੂੰ ਦਾਨ ਵੀ ਕਰਦਾ ਹੈ। ਹੁਣ ਦੋ ਹੀ ਮਸਲੇ ਹਨ। ਇਕ ਸਾਨੂੰ ਖੇਤ ਮਜ਼ਦੂਰਾਂ ਦੀ ਘਾਟ ਹੈ ਤੇ ਦੂਜੀ ਬਿਨਾਂ ਪਾਣੀ ਤੋਂ ਝੋਨੇ ਦੇ ਨਦੀਨ ਮਾਰਨੇ। ਦੋਵੇਂ ਹੀ ਮਸਲੇ ਅੱਜ ਹੱਲ ਹਨ। ਝੋਨੇ ਲੲੀ ਆਲੂਆਂ ਵਾਂਗ ਵੱਟਾਂ ਬਣਾ ਜਾਂ ਢਾੲੀ ਫੁੱਟੇ ਬੈੱਡ ਬਣਾਓ। ਹਲਕਾ ਪਾਣੀ ਦੇ ਕੇ ਇਸ ’ਤੇ ‘ਪ੍ਰੀ ਇਮਰਜੈਂਸ’ ‘ਉੱਗਣ ਤੋਂ ਪਹਿਲਾਂ ਨਦੀਨ ਨਾਸ਼ਕ’ ਕਿਸੇ ਵੀ ਚੰਗੀ ਕੰਪਨੀ ਦੀ ਦਵਾੲੀ ਛਿੜਕੋ। ਇਕ-ਦੋ ਦਿਨ ਵਿਚ ਝੋਨੇ ਦੇ ਬੀਜ ਨੂੰ ਮੂਲੀਆਂ ਵਾਂਗ ਵੱਟ ਦੇ ਦੋਵੇਂ ਪਾਸੇ ਅੱਧ ਵਿਚ ਡਰਿਬਲਰ ਨਾਲ ਵੱਟ ਜਾਂ ਬੈੱਡ ਉੱਤੇ ਲਗਾ ਦਿਓ। ਇਹ ਸਾਰਾ ਕੰਮ ਪਨੀਰੀ ਲਾਉਣ ਦੀ ਮਿਹਨਤ ਬਚਾ ਦੇਵੇਗਾ। ਖੇਤ ਨੂੰ ਕੱਦੂ ਕਰਨ ਦੀ ਲੋੜ ਨਹੀਂ। ਘੱਟੋ-ਘੱਟ ਇਕ ਖੇਤ ਪਿੱਛੇ 2000 ਤੋਂ 3000 ਰੁਪੲੇ ਦੀ ਬੱਚਤ ਹੋਵੇਗੀ, ਪਾਣੀ ਤਾਂ ਬਚੇਗਾ ਹੀ ।

ਵੱਟਾਂ ਉੱਤੇ ਲੱਗਾ ਝੋਨਾ

ਜਿਨ੍ਹਾਂ ਕਿਸਾਨਾਂ ਨੇ ਇਹ ਤਜਰਬੇ ਕੀਤੇ ਹਨ, ਉਨ੍ਹਾਂ ਅਨੁਸਾਰ ਇਕ ਮੋਟਰ ਨਾਲ ਹੀ 10–10 ਖੇਤ ਬਿਨਾਂ ਡੀਜ਼ਲ ਇੰਜਣ ਚਲਾੲੇ, ਝੋਨੇ ਦੇ ਪਾਲ ਲੲੇ। ਇਕ ਗੱਲ ਯਾਦ ਰੱਖੋ, ਝਾੜ ਵੱਧ ਲੈਣਾ ਓਨੀ ਦੇਰ ਅਕਲਮੰਦੀ ਨਹੀਂ, ਜਿੰਨੀ ਦੇਰ ਅਸੀਂ ਆਪਣੇ ਖਰਚੇ ਨਹੀਂ ਘਟਾਉਂਦੇ। ਜਿਹੜੇ ਕਿਸਾਨ ਇਹ ਤਜਰਬਾ ਕਰਨਾ ਚਾਹੁੰਦੇ ਹਨ, ਉਹ ਕੲੀ ਥਾਵਾਂ ’ਤੇ ਲੱਗੇ ਪ੍ਰਦਰਸ਼ਨੀ ਪਲਾਟ ਵੀ ਦੇਖ ਸਕਦੇ ਹਨ। ਕੁਦਰਤ ਦੇ ਨੇਮ ਅਨੁਸਾਰ ਝੋਨੇ ਦਾ ਉੱਗਣ ਦਾ ਸਮਾਂ ਮੲੀ ਦੇ ਪਹਿਲੇ ਤੋਂ ਤੀਜਾ ਹਫਤਾ ਹੈ। ਇਸ ਲੲੀ ਇਹੋ ਹੀ ਝੋਨਾ ਸਿੱਧਾ ਬੀਜਣ ਦਾ ਸਹੀ ਸਮਾਂ ਹੈ। ਕਿਉਂਕਿ ਪੁੱਟ ਕੇ ਪਨੀਰੀ ਲਾਉਣੀ ਹੀ ਨਹੀਂ, ਇਸ ਲੲੀ ਆਪੇ ਸਰਕਾਰੂ 15 ਜੂਨ ਦੀ ਤਰੀਕ ਦਾ ਵੀ ਕੋੲੀ ਵਿਰੋਧ ਨਹੀਂ। ਗੱਲ ਉਥੇ ਹੀ ਪਹੁੰਚ ਜਾਂਦੀ ਹੈ। ਜੇਕਰ ਇਹ ਤਕਨੀਕ ਅਸੀਂ ਕਾਮਯਾਬ ਕਰ ਲੲੀੲੇ ਤਾਂ ਫਿਰ ਝੋਨਾ ਕਣਕ ਦੇ ਵੱਢ ਵਿਚ ਭਾਵੇਂ ਮਾਰਚ ਦੇ ਅੱਧ ਵਿਚ ਲਾ ਕੇ ਅੱਗੇ ਇਕ ਹੋਰ ਵਾਧੂ ਫਸਲ ਵੀ ਲੲੀ ਜਾ ਸਕਦੀ ਹੈ। ਪਾਣੀ ਦੀ ਤੇ ਬਿਜਲੀ ਦੀ ਥੋੜ੍ਹ ਵੀ ਨਹੀਂ ਰਹੇਗੀ। ਆਓ ‘ਨਵੀਂ ਸੋਚ ਨਾਲ ਨਵੀਂ ਦਿਸ਼ਾ’ ਵਿਚ ਤੁਰੀੲੇ।

ਕੈਮਰਾ ਬੋਲ ਪਿਆ
ਜਨਮੇਜਾ ਸਿੰਘ ਜੌਹਲ 98159–45018
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)
http://www.ajitjalandhar.com/20080515/mags/pind2.htm

Tuesday, April 15, 2008

ਖੇਤੀਬਾੜੀ ਦਾ ਭਵਿੱਖ ਸੁਨਿਹਰਾ ਹੈ?

ਕੁਝ ਟਾਈਮ ਤੋਂ ਕੁਝ ਦਿਲਚਸਪ ਖ਼ਬਰਾਂ ਲਗਾਤਾਰ ਮਿਲ ਰਹੀਆਂ ਹਨ,
(ਮੈਨੂੰ ਦਿਲਚਸਪ ਲੱਗੀਆਂ ਕਿਉਂਕਿ ਮੈਂ ਇਸ ਖੇਤਰ ਵਿੱਚੋਂ ਆਇਆਂ ਹਾਂ),

ਇੱਕ ਦਿਨ ਅਜੀਤ 'ਚ ਖ਼ਬਰ ਸੀ ਕਿ ਖੇਤੀਬਾੜੀ ਹੁਣ ਕਰਨ ਵਾਲੇ
ਲੋਕ ਸਧਾਰਨ, ਅਨਪੜ੍ਹ, ਜਾਂ ਕੇਵਲ ਪੰਜ ਜਮਾਤਾਂ ਪਾਸ ਨਹੀਂ ਰਹੇ ਹਨ,
ਇਸ ਵਿੱਚ ਕਈ ਵੱਡੇ ਅਹੁਦਿਆਂ ਨੂੰ ਛੱਡ ਕੇ ਆਏ, ਕਈ ਡਾਕਟਰੀ ਛੱਡ
ਕੇ ਆਏ, ਕੰਪਿਊਟਰ ਇੰਜਨੀਅਰ, ਆਈ ਏ ਐਸ (IAS) ਛੱਡ ਕੇ
ਖੇਤੀਬਾੜੀ ਕਰ ਰਹੇ ਹਨ, ਇੱਥੋ ਤੱਕ ਕਿ ਇੱਕ ਇੱਕ ਫਰਾਸੀਂਸੀ
ਵਿਅਕਤੀ ਨੇ ਬਰਤਾਨੀਆਂ ਦੀ ਨਾਗਰਿਕਤਾ ਲੈ ਕੇ ਪੰਜਾਬ
ਵਿਚ ਚੰਡੀਗੜ੍ਹ ਦੇ ਨੇੜੇ 10 ਕੁ ਏਕੜ ਉੱਤੇ ਖੇਤੀਬਾੜੀ ਆਰੰਭ
ਕੀਤੀ ਹੈ ਅਤੇ ਉਹ ਜੈਵਿਕ ਖੇਤੀ ਕਰ ਰਿਹਾ ਹੈ,
ਹਾਂ ਇਹ ਵੀ ਨਵੀਂ ਗੱਲ ਹੈ ਕਿ ਇਹ ਪੜ੍ਹੇ ਲਿਖੇ ਲੋਕ
ਨਾ ਸਿਰਫ਼ ਖੇਤੀ ਕਰ ਰਹੇ ਹਨ, ਬਲਕਿ ਖੇਤੀਬਾੜੀ ਦੇ ਨਵੇਂ
ਨਵੇਂ ਢੰਗ ਅਪਨਾ ਕੇ ਮੌਸਮ, ਵਾਤਾਵਰਨ ਅਤੇ ਪਾਣੀ
ਬਚਾਉਣ ਦੇ ਨਵੇਂ ਢੰਗ ਲੋਕਾਂ ਤੱਕ ਅਪੜਾਉਣ ਦਾ
ਜਤਨ ਕਰ ਰਹੇ ਹਨ।

ਇਹ ਤਾਂ ਹੋਈ ਨਵੇਂ ਆ ਰਹੇ ਲੋਕਾਂ ਦੀ ਗੱਲ਼

ਹੁਣ ਖੇਤੀਬਾੜੀ ਦਾ ਭਵਿੱਖ ਸੁਨਹਿਰਾ ਦਿਸਣ ਤੋਂ
ਭਾਵ ਕਿਸਾਨ ਦੀ ਹਾਲਤ ਸੁਧਰਨ ਵਾਸਤੇ ਮਿਲਣ ਵਾਲੇ
ਭਾਅ ਅਤੇ ਹੋਣ ਵਾਲੀ ਆਮਦਨ ਤੋਂ ਲੈ ਰਿਹਾ ਹਾਂ,
ਜਿਵੇਂ ਸੰਯੁਕਤ ਰਾਸ਼ਟਰ ਮਿਸ਼ਨ ਨੇ ਵੀ ਕਿਹਾ ਹੈ ਕਿ
ਦੁਨਿਆਂ ਵਿੱਚ ਭੁਖਮਰੀ ਦੀ ਹਾਲਤ ਬੜੀ ਤੇਜ਼ੀ ਨਾਲ
ਵੱਧ ਰਹੀ ਹੈ ਅਤੇ ਆਨਾਜ ਦੀ ਕਮੀ ਹੋ ਰਹੀ ਹੈ,
ਅਫਗਾਨਸਿਤਾਨ, ਇਰਾਨ ਅਤੇ ਹੋਰ ਮੁਲਕ,
ਜੋ ਕਿ ਕੇਵਲ ਬਰਾਮਦ ਉੱਤੇ ਨਿਰਭਰ ਕਰਦੇ ਹਨ, ਵਿੱਚ
ਹਾਲਤ ਬਹੁਤ ਗੰਭੀਰ ਹੈ ਅਤੇ ਭਾਰਤ ਵਿੱਚ ਅਸੀਂ
ਰੋਜ਼ ਸੁਣਦੇ ਹਾਂ ਕਿ ਸਰਕਾਰ ਨੇ ਫਲਾਣੇ ਆਨਾਜ
ਦੇ ਨਿਰਯਾਤ ਉੱਤੇ ਪਾਬੰਦੀ ਲਾਈ, ਫਲਾਣੇ ਉੱਤੇ
ਪਾਬੰਦੀ ਵਧਾਈ, ਉਧਰੋਂ ਫਸਲਾਂ ਦੇ ਭਾਅ
ਜਿਸ ਢੰਗ ਨਾਲ ਸਰਕਾਰ ਨੇ ਅਚਾਨਕ ਵਧਾ
ਦਿੱਤੇ ਨੇ, ਬੇਸ਼ੱਕ ਜੱਟਾਂ ਦੇ ਚੇਹਰਿਆਂ ਉੱਤੇ ਰੌਣਕਾਂ
ਵਧਾਉਣ ਵਾਸਤੇ ਲੋੜੀਦੇ ਅਤੇ ਢੁੱਕਵੇਂ ਹਨ।
ਸੰਭਵਾਨਾ ਇਹ ਹੈ ਕਿ ਇਨ੍ਹਾਂ ਦਾ ਮੁੱਲ ਹੋਰ ਵਧੇਗਾ,
ਪਰ ਇਸ ਵਿੱਚ ਕੇਵਲ ਕਣਕ, ਝੋਨਾ ਆਦਿ ਫਸਲਾਂ
ਨੂੰ ਹੀ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਸਰਕਾਰ ਦੀਆਂ
"ਬਦਲਵਾਂ ਫਸਲੀ ਚੱਕਰ" ਚਲਾਉਣ ਦੀਆਂ ਸਕੀਮਾਂ ਨੂੰ
ਭਾਰੀ ਧੱਕਾ ਪੁੱਜਾ ਹੈ, ਇਸ ਨਾਲ ਸਿੱਧਾ ਅਸਰ ਜਮੀਨ
ਦੀ ਉਪਜਾਉ ਸ਼ਕਤੀ ਉੱਤੇ ਪਵੇਗਾ। ਇਹ ਬਹੁਤ ਹੀ
ਬੁਰਾ ਹੋਵੇਗਾ, ਜਿੱਥੇ ਪੰਜਾਬੀ ਅੱਗੇ ਹੀ ਬੁਰੀ ਤਰ੍ਹਾਂ
ਕਣਕ ਝੋਨੇ ਦੀ ਮਾਰ ਝੱਲ ਰਿਹਾ ਹੈ, ਪੈਸੇ ਦੇ ਲਾਲਚ
(ਅਸਲ ਵਿੱਚ ਲੋੜ ਕਹਾਗਾਂ) ਕਿਸਾਨ ਹੋਰ ਵੀ ਵੱਧ
ਬੀਜਣਗੇ ਤਾਂ ਫਸਲੀ ਚੱਕਰ ਕਿੱਥੇ ਰਹੇਗਾ???

ਇਸ ਦੇ ਨਾਲ ਹੀ ਲੋਕਾਂ ਨੂੰ ਸ਼ਾਹੂਕਾਰਾਂ ਅਤੇ ਬੈਕਾਂ ਦੇ
ਕਰਜ਼ੇ ਤੋਂ ਬਚਣ ਦੀ ਲੋੜ ਹੈ, ਜੋ ਕਿ ਆਉਣ ਵਾਲੀਆਂ
ਫ਼ਸਲਾਂ ਨਾਲ ਘੱਟਣਾ ਚਾਹੀਦਾ ਹੈ, ਤਾਂ ਕਿ ਆਉਣ
ਵਾਲੀਆਂ ਪੀੜ੍ਹੀਆਂ ਇਸ ਕੋਹੜ ਤੋਂ ਬਚ ਸਕਣ।

ਬਾਕੀ ਰੱਬ ਦੀ ਮੇਹਰ ਹੋਣੀ ਲਾਜ਼ਮੀ ਹੈ, ਜਿਵੇ ਕਿ
ਇਸ ਵਾਰ ਵੈਸਾਖੀ ਉੱਤੇ ਪਏ ਮੀਂਹ ਨੇ ਵਧਾਈਆਂ
ਕੀਮਤਾਂ ਲੈਣ ਦੇ ਚਾਹਵਾਨ ਜੱਟਾਂ ਦੀ ਉਮੀਦ
ਉੱਤੇ ਪਾਣੀ ਫੇਰ ਦਿੱਤਾ, ਜਿੱਥੇ ਕਮਾਈ ਵੱਧ
ਹੋਣੀ ਸੀ, ਉੱਥੇ ਰੱਬ ਨੇ ਘੱਟ ਫਸਲ ਨਾਲ
ਹਿਸਾਬ ਬਰਾਬਰ ਕਰ ਦਿੱਤਾ ਹੈ!!

ਪੰਜਾਬ ਅਤੇ ਖੇਤੀਬਾੜੀ ਦੇ ਸੁਨਿਹਰੀ ਭਵਿੱਖ ਨਾਲੋ ਸਬਰ,
ਸ਼ੁਕਰ ਅਤੇ ਮੇਹਨਤ ਵਾਲੇ ਭਵਿੱਖ ਲਈ ਅਰਦਾਸ ਕਰਨੀ
ਬੇਹਤਰ ਹੋਵੇਗੀ, ਬਾਕੀ ਆਉਣ ਵਾਲਾ ਸਮਾਂ ਕਿਸੇ ਦੇ
ਹੱਥ-ਵੱਸ ਹੈ ਹੀ ਨਹੀਂ!!!

Wednesday, February 6, 2008

ਅਲੋਪ ਹੋ ਰਿਹਾ ਕੋਹਲੂ

ਤੇਲ ਬੀਜਾਂ ’ਚੋਂ ਤੇਲ ਕੱਢਣ ਵਾਲੀ ਮਸ਼ੀਨ ਨੂੰ ਕੋਹਲੂ ਕਿਹਾ ਜਾਂਦਾ ਹੈ। ਕੋਹਲੂ ਦਾ ਪੰਜਾਬੀਆਂ ਨਾਲ ਚਿਰਕਾਲ ਤੋਂ ਸਬੰਧ ਜੁੜਿਆ ਹੋਇਆ ਹੈ। ਤੇਲ ਦੀ ਪੂਰਤੀ ਕੋਹਲੂ ਸਦਕਾ ਹੀ ਹੁੰਦੀ ਸੀ। ਕੋਹਲੂ ਨਾਲ ਤੇਲ ਕੱਢਣ ਵਾਲਾ ਪੁਸ਼ਤ-ਦਰ-ਪੁਸ਼ਤ ਕਿੱਤਾ ਕਰੀ ਜਾਂਦਾ, ਜਿਸ ਨੂੰ ਤੇਲੀ ਵਜੋਂ ਵੀ ਜਾਣਿਆ ਜਾਂਦਾ ਸੀ। ਤੇਲੀ ਕੋਹਲੂ ਨੂੰ ਚਲਾਉਣ ਲੲੀ ਕੋਹਲੂ ਨਾਲ ਜੁੜੀ ਗਰਦਣ ਨਾਲ ਬਲਦ ਜੋੜਦਾ, ਬਲਦ ਦੀਆਂ ਅੱਖਾਂ ’ਤੇ ਖੋਪੇ (ਮਖੌਟੇ) ਬੰਨ੍ਹ ਦਿੰਦਾ। ਬਲਦ ਕੋਹਲੂ ਦੁਆਲੇ ਨਿਰੰਤਰ ਘੁੰਮਦਾ ਹੋਇਆ ਉਸ ਨੂੰ ਖਿੱਚੀ ਜਾਂਦਾ। ਲੰਘੇ ਵੇਲਿਆਂ ’ਚ ਦਿਨ ਭਰ ਦੀ ਮਸ਼ੱਕਤ ਬਦਲੇ ਮਸਾਂ 7 ਤੋਂ 10 ਕਿਲੋ ਤੱਕ ਹੀ ਤੇਲ ਨਸੀਬ ਹੁੰਦਾ ਸੀ। ਤੇਲ ਦਾ ਕਾਫੀ ਹਿੱਸਾ ਖਲ ’ਚ ਹੀ ਰਹਿ ਜਾਂਦਾ ਸੀ। ਤੇਲੀ ਆਪਣੇ ਬਲਦ ਨੂੰ ਨੁਚੜਦੀ-ਨੁਚੜਦੀ ਖਲ ਨਾਲ ਸੰਨੀ ਕਰਦਾ ਅਤੇ ਉਸ ਦਾ ਬਲਦ ਦਰਸ਼ਨੀ ਬਲਦ ਹੁੰਦਾ ਸੀ।
ਬਦਲਦੇ ਵਕਤ ’ਚ ਮਸ਼ੀਨਰੀ ਯੁੱਗ ਦੀ ਆਮਦ ਵਿਚ ਤਕਰੀਬਨ ਸੰਨ 1960 ਤੋਂ ਬਾਅਦ ਕੋਹਲੂ ਚਲਾਉਣ ਵਾਲੇ ਬਲਦਾਂ ਨੂੰ ਇਸ ਕੰਮ ਤੋਂ ਛੁਟਕਾਰਾ ਮਿਲਣ ਲੱਗਾ। ਸੰਨ 1970 ਵਿਚ ਤਾਂ ਕੋਹਲੂ ਬਿਜਲੀ ਨਾਲ ਹੀ ਚੱਲਣ ਲੱਗੇ। ਉਸ ਵੇਲੇ ਟਾਵੇਂ-ਟਾਵੇਂ ਕੋਹਲੂ ਹੀ ਬਲਦਾਂ ਨਾਲ ਚਲਦੇ ਸਨ। ਉਸ ਵੇਲੇ ਤੇਲ ਕੱਢਣ ਦੀ ਸਮਰੱਥਾ ਵੀ ਵਧ ਗੲੀ ਸੀ। ਪੁਸ਼ਤ-ਦਰ-ਪੁਸ਼ਤ ਤੇਲ ਕੱਢਣ ਦਾ ਕਿੱਤਾ ਕਰਨ ਵਾਲਿਆਂ ਹੱਥੋਂ ਉਸ ਵੇਲੇ ਕੋਹਲੂ ਦਾ ਕਾਰੋਬਾਰ ਖਿਸਕਣ ਲੱਗਿਆ। ਅਗਾਂਹਵਧੂ ਸੋਚ ਦੇ ਮਾਲਕਾਂ ਨੇ ਇਕੋ ਥਾਂ ਕੲੀ-ਕੲੀ ਕੋਹਲੂ ਲਗਵਾ ਲੲੇ ਅਤੇ ਤੇਲ ਦੇ ਕਾਰੋਬਾਰ ’ਚ ਸਰਦਾਰੀ ਬਣਾ ਲੲੀ। ਪੰਡਿਤ ਸੁਭਾਸ਼ ਚੰਦ ਵਰਗੇ ਕੋਹਲੂਆਂ ਵਾਲੇ ਅਖਵਾਉਣ ਲੱਗੇ। ਕੱਚੀ ਘਾਣੀ ਦੇ ਅਰਥਾਂ ਦੀ ਬਦਲੀ ਹੋਣ ਲੱਗੀ, ਕੋਹਲੂ ਵਾਲੇ ਕੰਡੇ ’ਤੇ ਤੋਲੀ ਸਰ੍ਹੋਂ ਬਦਲੇ ਕਢਵਾੲੀ ਲੈਣ ਲੱਗੇ। ਖੇਤੀ ਵਿਗਿਆਨੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਤੇਲ ਬੀਜ ਫਸਲਾਂ ਦੇ ਨਵੇਂ ਬੀਜਾਂ ਦੀ ਆਮਦ ਨੇ ਤੇਲ ਉਤਪਾਦਕ ਧੰਦੇ ’ਚ ਖੁਸ਼ਹਾਲੀ ਲਿਆਂਦੀ ਪਰ ਅੱਜ ਦੇਸੀ ਕੋਹਲੂ ਦੀ ਥਾਂ ਐਕਸਪੈਲਰ ਨੇ ਮੱਲ ਲੲੀ ਹੈ। ਐਕਸਪੈਲਰ ’ਚੋਂ ਨਿਕਲੀ ਖਲ ’ਚ ਤਾਂ ਕੇਵਲ 1 ਫੀਸਦੀ ਤੇਲ ਹੀ ਬਚਦਾ ਹੈ। ਵੱਡੀਆਂ-ਵੱਡੀਆਂ ਕੰਪਨੀਆਂ ਵੱਲੋਂ ਤੇਲ ਧੰਦੇ ’ਚ ਪੈਰ ਰੱਖਣ ਨਾਲ ਸਰ੍ਹੋਂ, ਸੂਰਜਮੁਖੀ, ਆਮਲਾ, ਤਾਰਾਮੀਰਾ, ਅਲਸੀ, ਚੌਲ, ਮਊਆ, ਪਾਮ, ਨਾਰੀਅਲ ਆਦਿ ਤੋਂ ਤੇਲ ਦੀ ਪੂਰਤੀ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਵਧਦੀ ਆਬਾਦੀ ਦੀ ਤੇਲ ਦੀ ਲੋੜ ਕੇਵਲ ਸਰ੍ਹੋਂ ’ਤੇ ਹੀ ਨਿਰਭਰ ਨਹੀਂ ਸੀ ਰਹਿ ਸਕਦੀ।
ਵਧਦੀ ਆਬਾਦੀ ਤੇ ਵਧਦੀ ਮਹਿੰਗਾੲੀ ਅਤੇ ਅਖੌਤੀ ਅਗਾਂਹਵਧੂ ਧਾਰਨਾ ਨੇ ਸਰ੍ਹੋਂ ਦੇ ਤੇਲ ਨਾਲੋਂ ਮੁੱਖ ਮੋੜ ਬਨਸਪਤੀ\ਰਿਫਾਇੰਡ ਆਦਿ ਨਾਵਾਂ ਨਾਲ ਰੁਚੀ ਵਧਾ ਲੲੀ ਹੈ। ਸਰੀਰਕ ਥਿੰਦਿਆੲੀ ਦੀ ਪੂਰਤੀ ਲੲੀ ਵੱਖ-ਵੱਖ ਕੰਪਨੀਆਂ ਨੇ ਮੁਸ਼ਕੀ (ਖੁਸ਼ਬੋ) ਤੇਲ ਲੋਕਾਂ ਦੀ ਨਜ਼ਰ ਕੀਤੇ ਹਨ ਪਰ ਪੇਂਡੂ ਖੇਤਰਾਂ ਵਿਚ ਤਾਂ ਅਜੇ ਵੀ ਕੋਹਲੂ ਤੋਂ ਤੇਲ ਕਢਵਾ ਕੇ ਘਰੇਲੂ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਹੈ। ਦੀਵਾਲੀ ਦੀ ਰਾਤ ਨੂੰ ਭਾਵੇਂ ਦੇਸੀ ਵਿਦੇਸ਼ੀ ਬਿਜਲੲੀ ਲੜੀਆਂ ਟਿਮਟਿਮਾਉਂਦੀਆਂ ਹਨ ਪਰ ਅਜੇ ਵੀ ਲੋਕ ਵਰ੍ਹੇ (ਸ਼ੁੱਭ) ਦਿਨਾਂ ਨੂੰ ਮਿੱਟੀ ਦੇ ਚੂੰਗੜਿਆਂ ’ਚ ਸਰ੍ਹੋਂ ਦਾ ਤੇਲ ਪਾ ਕੇ ਕਪਾਹ ਦੀ ਬੱਤੀ ਵੱਟ ਕੇ ਜਗਾਉਣਾ ਸ਼ਗਨ ਮੰਨਦੇ ਨੇ। ਵਿਰਸੇ ਦੀਆਂ ਬਾਤਾਂ ਤੋਂ ਵਾਕਿਫ ਸੂਝਵਾਨਾਂ ਦਾ ਵਿਚਾਰ ਅੱਜ ਵੀ ਇਹੀ ਹੈ। ਮਹਿੰਗਾੲੀ ਦੇ ਯੁੱਗ ਵਿਚ ਅਖੌਤੀ ਅਗਾਂਹ ਵਧਣ ਦੀ ਲਾਲਸਾ ਵਿਚ ਭਾਂਤ-ਭਾਂਤ ਦੇ ਤੇਲਾਂ ਵਿਚ ਮਿਲਾਵਟ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਹਨ, ਕਿਉਂਕਿ ਕੁਝ ਕੁ ਬੇੲੀਮਾਨੀ ਬਿਰਤੀ ਵਾਲੇ ਤਾਂ ਪੈਸੇ ਖਾਤਰ ਕੁਝ ਵੀ ਕਰ ਸਕਦੇ ਹਨ। ਅੱਖਾਂ ਸਾਹਮਣੇ ਜਾਂ ਭਰੋਸੇਯੋਗ ਥਾਂ ਤੋਂ ਆਪਣੇ ਤੇਲ ਬੀਜ ਤੋਂ ਕਢਵਾੲੇ ਤੇਲ ਨਾਲ ਵੱਖ-ਵੱਖ ਕਿਸਮਾਂ ਦੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਿਆ ਤਾਂ ਜਾ ਸਕਦੈ। ਪੇਂਡੂ ਖੇਤਰਾਂ ਵਿਚ ਖਾਸ ਕਰਕੇ ਕਿਸਾਨੀ ਧੰਦੇ ਨਾਲ ਸੰਬੰਧਿਤ ਲੋਕ ਘਰ ਦੀ ਸਰ੍ਹੋਂ ਦਾ ਹੱਥੀਂ ਕਢਾਇਆ ਤੇਲ ਵਰਤ ਕੇ ਹੀ ਖੁਸ਼ ਹੁੰਦੇ ਹਨ।

-ਬਲਜੀਤ ਸਿੰਘ ਢਿੱਲੋਂ (ਘਵੱਦੀ),
ਪਿੰਡ ਤੇ ਡਾਕ: ਘਵੱਦੀ (ਲੁਧਿਆਣਾ)-141206
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)

Thursday, August 23, 2007

ਸਦਾਬਹਾਰ ਹਰੀ ਕ੍ਰਾਂਤੀ ਦੀ ਲੋੜ

ਆੳੁਣ ਵਾਲੇ 15 ਤੋਂ 20 ਸਾਲਾਂ ਦੇ ਅੰਦਰ ਸਾਡੀ ਅਜੋਕੀ ਖੇਤੀ ਦਾ ਮੂੰਹ-ਮੁਹਾਂਦਰਾ ਪੂਰੀ ਤਰ੍ਹਾਂ ਬਦਲ ਜਾਵੇਗਾ। ਜਿੱਥੇ ਸਾਇੰਸ (ਵਿਗਿਆਨ) ਤੇ ਟੈਕਨਾਲੋਜੀ (ਤਕਨੀਕ) ਪੱਖੋਂ ਸਾਡੇ ਕੋਲ ਬਹੁਤ ੳੁਪਲੱਬਧੀਆਂ ਮੌਜੂਦ ਹੋਣਗੀਆਂ, ੳੁੱਥੇ ਸਾਨੂੰ ਕੲੀ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਵੇਗਾ। ਇਹ ਪਰੇਸ਼ਾਨੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਸਾਡੀ ਖੇਤੀ ਨੂੰ ਪ੍ਰਭਾਵਿਤ ਕਰਨਾ ਅਟੱਲ-ਸਚਾੲੀ ਹੈ। ਸੋ, ਆਪਣੇ ਇਸ ਲੇਖ ਰਾਹੀਂ ਮੈਂ ਇੱਕ ਤਰ੍ਹਾਂ ਦੀ ਚਿਤਾਵਨੀ ਵੱਲ ਆਪ ਸਭ ਸੂਝਵਾਨ ਵੀਰਾਂ ਦਾ ਧਿਆਨ ਕੇਂਦਰਿਤ ਕਰਨ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਕਰ ਰਿਹਾ ਹਾਂ।
ਆੳੁਣ ਵਾਲੇ 15 ਤੋਂ 20 ਸਾਲਾਂ ਦੇ ਅੰਦਰ ਇਕ ਅਨੁਮਾਨ ਮੁਤਾਬਕ ਕੁੱਲ ਦੁਨੀਆ ਦੀ ਅਬਾਦੀ 7 ਬਿਲੀਅਨ ਦੇ ਕਰੀਬ ਪਹੁੰਚ ਜਾਵੇਗੀ। ਸਭ ਤੋਂ ਵੱਡੀ ਪਰੇਸ਼ਾਨੀ ਇਹ ਵਧੀ ਹੋੲੀ ਅਬਾਦੀ ਹੋ ਹੋਵੇਗੀ, ਜੋ ਕਿ ਮੁਸੀਬਤਾਂ ਦਾ ਭੰਡਾਰ ਆਪਣੇ ਨਾਲ ਲਿਆਵੇਗੀ। ਜਿਉਂ-ਜਿਉਂ ਇਹ ਅਬਾਦੀ ਵਧਦੀ ਜਾਵੇਗੀ, ਤਿਉਂ-ਤਿਉਂ ਹਰ ਇਕ ਚੀਜ਼ ਦੀ ਮੰਗ ਵਧਦੀ ਜਾਵੇਗੀ, ਜੋ ਕਿ ਬਿਲਕੁਲ ਨਿਸ਼ਚਿਤ ਹੈ। ਅਬਾਦੀ ਦੇ ਵਧਣ ਨਾਲ ਕੁੱਲ ੳੁਪਲੱਬਧ ਖੇਤੀ ਯੋਗ ਜ਼ਮੀਨ ਘਟਦੀ ਜਾਵੇਗੀ, ਕਿਉਂਕ ਵੱਧ ਆਬਾਦੀ ਦੇ ਰਹਿਣ ਲੲੀ ਜ਼ਮੀਨ ਦੀ ਵਰਤੋਂ ਮਕਾਨ ਬਣਾੳੁਣ ਲੲੀ ਜ਼ਰੂਰ ਕੀਤੀ ਜਾਵੇਗੀ ਅਤੇ ਵੱਧ ਆਬਾਦੀ ਨਾਲ ਜ਼ਮੀਨ ਦੀ ਵੰਡ ਵੀ ਹੋਣੀ ਤੈਅ ਹੈ, ਜਿਸ ਨਾਲ ਖੇਤੀ ਲੲੀ ੳੁਪਲਬੱਧ ਜ਼ਮੀਨ ਘਟ ਜਾਵੇਗੀ। ਇਸ ਦੇ ਨਾਲ ਹੀ ਵੱਧ ਆਬਾਦੀ ਨੂੰ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਵਾਸਤੇ ਪਾਣੀ ਦੀ ਵੀ ਵੱਧ ਜ਼ਰੂਰਤ ਪਵੇਗੀ। ਵੱਧ ਆਬਾਦੀ ਕਰਕੇ ਹਰ ਤਰ੍ਹਾਂ ਦੇ ਕੁਦਰਤੀ ਤੇ ਗੈਰ-ਕੁਦਰਤੀ ਸੋਮਿਆਂ ’ਤੇ ਦਬਾਅ ਬਹੁਤ ਵਧ ਜਾਵੇਗਾ, ਇਸ ਤਰ੍ਹਾਂ ਦੁਨੀਆ ਦੇ ਲੋਕਾਂ ਲੲੀ ਭੋਜਨ ਪੈਦਾ ਕਰਨਾ ਵੀ ਇਕ ਗੰਭੀਰ ਸਮੱਸਿਆ ਬਣ ਕੇ ਰਹਿ ਜਾਵੇਗੀ।
ਆਬਾਦੀ ਦੇ ਵਾਧੇ ਕਰਕੇ ਸਾਡਾ ਵਾਤਾਵਰਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ, ਕਿਉਂਕਿ ਜਿਵੇਂ-ਜਿਵੇਂ ਆਬਾਦੀ ਵਿੱਚ ਵਾਧਾ ਹੁੰਦਾ ਜਾਵੇਗਾ ਮੋਟਰ-ਗੱਡੀਆਂ ਵਿਚ ਵੀ ਵਾਧਾ ਹੋਵੇਗਾ, ਜੋ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਕਰੇਗਾ। ਇਸ ਦੇ ਨਾਲ-ਨਾਲ ਵੱਧ ਆਬਾਦੀ ਦੇ ਅਵਾਸ ਵਾਸਤੇ ਸਾਨੂੰ ਜੰਗਲਾਂ ਨੂੰ ਕੱਟਣਾ ਪਵੇਗਾ, ਜਿਸ ਨਾਲ ਸਮੁੱਚਾ ਪੌਣ-ਪਾਣੀ ਪ੍ਰਭਾਵਿਤ ਹੋ ਜਾਵੇਗਾ ਅਤੇ ਵਰਖਾ ’ਤੇ ਵੀ ਬਹੁਤ ਮਾਰੂ ਅਸਰ ਪਵੇਗਾ।
ਵਿਸ਼ਵ ਪ੍ਰਸਿੱਧ ਖੇਤੀ ਵਿਗਿਆਨੀ ਪ੍ਰੋ. ਐਮ.ਐਸ. ਸਵਾਮੀਨਾਥਨ ਅਨੁਸਾਰ ਸੰਨ 2025 ਤੱਕ ਸਮੁੱਚੀ ਦੁਨੀਆ ਨੂੰ ਕੲੀ ਗੰਭੀਰ ਸੰਕਟ ਘੇਰ ਲੈਣਗੇ ਅਤੇ ਇਹ ਸੰਕਟ ਖੇਤੀ ਨੂੰ ਵੀ ਜ਼ਰੂਰ ਪ੍ਰਭਾਵਿਤ ਕਰਨਗੇ। ਵੱਧ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨਾ ਵੀ ਇਕ ਬਹੁਤ ਵੱਡੀ ਸਮੱਸਿਆ ਬਣ ਜਾਵੇਗੀ ਅਤੇ ਇਸ ਤਰ੍ਹਾਂ ਸਮੁੱਚੀ ਦੁਨੀਆ ਵਿਚ ਇਕ ਬੇਚੈਨੀ, ਇਕ ਅਫਰਾ-ਤਫਰੀ ਮਚ ਜਾਵੇਗੀ, ਜਿਸ ਦੇ ਕੲੀ ਗੰਭੀਰ ਸਿੱਟੇ ਨਿਕਲ ਸਕਦੇ ਹਨ। ਵੱਧ ਆਬਾਦੀ ਕਰਕੇ ਬੇਰੁਜ਼ਗਾਰੀ, ਭੁੱਖਮਰੀ, ਅਪਰਾਧ ਅਤੇ ਅਪਾਸੀ ਵੈਰ-ਵਿਰੋਧ ਦੀ ਭਾਵਨ ਵੀ ਵਧ ਜਾਵੇਗੀ, ਜੋ ਕਿ ਸਾਡੇ ਸਭ ਲੲੀ ਬਹੁਤ ਗੰਭੀਰ ਵਿਸ਼ਾ ਹੈ।
ਪਰ, ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ, ਕਿਉਂਕਿ ਸਿਆਣੇ ਕਹਿੰਦੇ ਹਨ ‘ਜਿੱਥੇ ਚਾਹ ਉੱਥੇ ਰਾਹ’ ਭਾਵ ਕੋੲੀ ਵੀ ਕੰਮ ਅਸੰਭਵ ਨਹੀਂ, ਜੇ ਅਸੀਂ ਸਭ ਸੁਹਿਰਦ ਹੋ ਕਿ ਅਤੇ ਦ੍ਰਿੜ੍ਹ ਲਗਨ ਨਾਲ ਆੳੁਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲੲੀ ਯਤਨ ਹੁਣ ਤੋਂ ਹੀ ਅਰੰਭ ਕਰ ਦੲੀੲੇ। ਪ੍ਰੋ. ਸਵਾਮੀਨਾਥਨ ਅਨੁਸਾਰ ਵਿਗਿਆਨ ਅਤੇ ਤਕਨੀਕ ਦੀ ਸਹਾਇਤਾ ਨਾਲ ਅਸੀਂ ਇਕ ‘ਸਦਾਬਹਾਰ ਹਰੀ-ਕ੍ਰਾਂਤੀ’ ਲਿਆ ਸਕਦੇ ਹਾਂ। ਇਸ ਤਰ੍ਹਾਂ ਵਿਗਿਆਨ ਅਤੇ ਤਕਨੀਕ ਦੀ ਮਦਦ ਨਾਲ ਅਤੇ ਇਨ੍ਹਾਂ ਦੇ ਸਹੀ ਪ੍ਰਯੋਗ ਨਾਲ ਅਸੀਂ ਆੳੁਣ ਵਾਲੇ ਭਵਿੱਖ ਵਿਚ ਵਧਣ ਵਾਲੀ ਆਬਾਦੀ ਲੲੀ ਭੋਜਨ ਤੇ ਖੇਤੀ ਦੀ ੳੁਪਜ ਯਕੀਨੀ ਬਣਾ ਸਕਦੇ ਹਾਂ। ਲੋੜ ਹੈ, ਸਾਨੂੰ ਸਭ ਨੂੰ ਮਿਲ ਜੁਲ ਕੇ ਸੁਹਿਰਦਤਾ ਨਾਲ ਵਿਚਾਰ ਕਰਨ ਦੀ, ਕਿਉਂਕਿ ਹਾਲੇ ਸਮਾਂ ਹੈ, ਜੇ ਅਸੀਂ ਇਹ ਸਮਾਂ ਲੰਘਾ ਲਿਆ ਤਾਂ ਫਿਰ ਬਿਨਾਂ ਪਛਤਾਵੇ ਤੋਂ ਸਾਡੇ ਪੱਲੇ ਕੁਝ ਨਹੀਂ ਪੈਣਾ ਤਾਂ ਸਾਡੀਆਂ ਆੳੁਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੀ ਮੁਆਫ ਨਹੀਂ ਕਰਨਗੀਆਂ।
(-ਗੁਰਤੇਜ ਸਿੰਘ ਚੀਮਾ, ਰੋਜ਼ਾਨਾ ਅਜੀਤ ਵਿੱਚੋਂ)

Wednesday, June 13, 2007

ਦਵਾਈ ਦਾ ਸਹੀ ਛਿੜਕਾਅ ਕਿਵੇਂ ਕਰੀੲੇ?

ਕਿਸਾਨ ਭਰਾਵੋ, ਆਓ ਤੁਹਾਨੂੰ ਦੱਸੀੲੇ ਕਿ ਤੁਹਾਡੀ (ਕਾਟਨ ਬੈਲਟ) ਕਪਾਹ ਪੱਟੀ ਦੇ ਕਿਸਾਨਾਂ ਦੇ ਫੇਲ੍ਹ ਹੋਣ ਦਾ ਕੀ ਕਾਰਨ ਹੈ? ਤੁਹਾਡੇ ਵੱਲੋਂ ਕਪਾਹ ’ਤੇ ਜੋ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ, ਉਸ ਵਿਚ ਬੜੀ ਵੱਡੀ ਗੜਬੜ ਹੋ ਰਹੀ ਹੈ। ਮੈਨੂੰ ਇਕ ਕਿਸਾਨ ਤੋਂ ਹੀ ਇਸ ਗੱਲ ਦਾ ਪਤਾ ਲੱਗਿਆ ਕਿ ਕਪਾਹ ਜਾਂ ਨਰਮੇ ’ਤੇ 12 ਤੋਂ 15 ਤੱਕ ਛਿੜਕਾਅ ਹੋ ਜਾਂਦੇ ਹਨ। ਫਿਰ ਤਾਂ ਤੁਸੀਂ ਕਰਜ਼ਾਈ ਹੋਣਾ ਹੀ ਹੋਇਆ। ਆਓ ਤੁਹਾਨੂੰ ਦੱਸੀੲੇ ਕਿ ਛਿੜਕਾਅ ਲਈ ਕਿਹੜੇ ਸਪ੍ਰੇਅ ਪੰਪ ਇਸਤੇਮਾਲ ਕਰਨੇ ਅਤੇ ਨੋਜ਼ਲ ਕਿਹੜੀ ਇਸਤੇਮਾਲ ਕਰਨੀ ਹੈ।
ਸਪਰੇਅ ਪੰਪ-• ਸਪਰੇਅ ਪੰਪ ਹਮੇਸ਼ਾ ਐਲ ਟਾਈਪ ਹੈਂਡਲ ਵਾਲਾ ਹੀ ਵਰਤੋ, ਕਿਉਂਕਿ ਇਸ ਵਿਚ ਪਲਾਸਟਿਕ ਦੇ ਬੁਸ਼ ਲੱਗੇ ਹੁੰਦੇ ਹਨ, ਜੋ ਸਪਰੇਅ ਪੰਪ ਨੂੰ ਹਲਕਾ ਚੱਲਣ ਵਿਚ ਸਹਾਈ ਹੁੰਦੇ ਹਨ ਅਤੇ ਸਪਰੇਅ ਕਰਨ ਵਾਲੇ ਦੀ ਬਾਂਹ ਥਕਾਵਟ ਮਹਿਸੂਸ ਨਹੀਂ ਕਰਦੀ।
• ਜਿਸ ਸਪਰੇਅ ਪੰਪ ਦਾ ਹੈਂਡਲ ਕਿੱਲੀ ਵਾਲਾ ਹੋਵੇ (ਜੋ ਸਕਰਟ ਦੇ ਬਾਹਰ ਲੱਗੀ ਹੁੰਦੀ ਹੈ) ਤਾਂ ਵੀ ਇਹ ਦੇਖ ਕੇ ਪੰਪ ਖਰੀਦੋ ਕਿ ਉਸ ਵਿਚ ਪਲਾਸਟਿਕ ਦੇ ਬੁਸ਼ ਲੱਗੇ ਹਨ ਜਾਂ ਨਹੀਂ? ਕਿੱਲੀ ਵਾਲੇ ਹੈਂਡਲ ਵਿਚ ਦੋ ਬੁਸ਼ ਹੋਣੇ ਚਾਹੀਦੇ ਹਨ ਜਦਕਿ ਐਲ ਟਾਈਪ ਹੈਂਡਲ ਵਿਚ ਤਿੰਨ ਬੁਸ਼ ਹੁੰਦੇ ਹਨ। ਅਗਰ ਪਲਾਸਟਿਕ ਦੇ ਬੁਸ਼ ਨਹੀਂ ਲੱਗੇ ਤਾਂ ਪੰਪ ਨਾ ਖਰੀਦੋ, ਇਹੀ ਪੰਪ ਸਭ ਤੋਂ ਜ਼ਿਆਦਾ ਕਿਸਾਨ ਦਾ ਨੁਕਸਾਨ ਕਰਦੇ ਹਨ। ਹਲਕੀ ਕੁਆਲਿਟੀ ਦਾ ਪੰਪ ਕਦੇ ਨਾ ਖਰੀਦੋ।
• ਕਿਸੇ ਵੀ ਹਾਲਤ ਵਿਚ ਸਪਰੇਅ ਪੰਪ ਬਿਨਾਂ ਬਿੱਲ ਤੋਂ ਨਾ ਖਰੀਦੋ, ਕਿਉਂਕਿ ਬਿਨਾਂ ਬਿੱਲ ਤੋਂ ਪੰਪ ਦੀ ਕੋਈ ਗਾਰੰਟੀ ਨਹੀਂ ਰਹਿੰਦੀ ਅਤੇ ਬਿਨਾਂ ਬਿੱਲ ਤੋਂ ਵਿਕਣ ਵਾਲੇ ਸਪਰੇਅ ਪੰਪ ਘਟੀਆ ਕੁਆਲਿਟੀ ਦੇ ਹੁੰਦੇ ਹਨ। ਧਿਆਨ ਰੱਖੋ ਕਿ ਬਿੱਲ ’ਤੇ ਕੋਈ ਵਾਧੂ ਟੈਕਸ ਨਹੀਂ ਦੇਣਾ ਪੈਂਦਾ, ਕਿਉਂਕਿ ਸਪਰੇਅ ਪੰਪਾਂ ਨੂੰ ਟੈਕਸ ਦੀ ਛੋਟ ਹੈ।
• ਹਮੇਸ਼ਾ ਇਕ ੲੇਕੜ ’ਤੇ 100 ਲਿਟਰ ਪਾਣੀ ਵਿਚ ਦਵਾਈ ਮਿਲਾ ਕੇ ਇਕ ੲੇਕੜ ’ਤੇ ਛਿੜਕੋ।
ਨੋਜ਼ਲ ਬਾਰੇ-ਕਿਸੇ ਵੀ ਹਾਲਤ ਵਿਚ ਐਨ. ਟੀ. ਐਮ. (ਜਿਸ ਨੂੰ ਆਮ ਤੌਰ ’ਤੇ 8-10 ਸੁਰਾਖੀ ਨੋਜ਼ਲ ਕਹਿੰਦੇ ਹਨ) ਨੋਜ਼ਲ ਫਸਲ ’ਤੇ ਨਾ ਵਰਤੋ, ਕਿਉਂਕਿ ਇਹ ਨੋਜ਼ਲ ਸਿਰਫ ਉੱਚੇ ਫਲਦਾਰ ਬੂਟਿਆਂ ਦੇ ਛਿੜਕਾਅ ਲਈ ਹੁੰਦੀ ਹੈ। ਕਿਉਂਕਿ ਇਹ ਨੋਜ਼ਲ ਦਾ ਫੁਆਰਾ ਘੱਟ ਕਰਕੇ ਇਸ ਦੀ ਲੰਬਾਈ ਵਧਾਈ ਜਾਂਦੀ ਹੈ ਤਾਂ ਜੋ ਫਲਦਾਰ ਪੌਦੇ ਦੇ ਉੱਪਰ ਦੂਰ ਤੱਕ ਛਿੜਕਾਅ ਕਰ ਸਕੇ। ਫਸਲਾਂ ਉੱਪਰ ਇਹ ਨੋਜ਼ਲ ਕਿਸਾਨ ਦੀ ਦੁਸ਼ਮਣ ਹੋ ਨਿੱਬੜਦੀ ਹੈ। ਹਲਕੇ ਸਪਰੇਅ ਪੰਪਾਂ ਅਤੇ ਬਿਨਾਂ ਪਲਾਸਟਿਕ ਬੁਸ਼ਾਂ ਤੋਂ ਵਰਤੇ ਜਾਂਦੇ ਸਪਰੇਅ ਪੰਪਾਂ ਰਾਹੀਂ ਇਸ ਨੋਜ਼ਲ ਨੂੰ ਵਰਤਣਾ ਬੜਾ ਖਤਰਨਾਕ ਹੈ, ਕਿਉਂਕਿ ਬਿਨਾਂ ਬੁਸ਼ ਤੋਂ ਸਪਰੇਅ ਪੰਪ ਪ੍ਰੈਸ਼ਰ ਬਣ ਜਾਣ ’ਤੇ ਭਾਰੇ ਚੱਲਣ ਲਗਦੇ ਹਨ ਅਤੇ ਸਪਰੇਅ ਕਰਨ ਵਾਲੇ ਦੀ ਬਾਂਹ ਥੱਕ ਜਾਂਦੀ ਹੈ ਅਤੇ ਸਪਰੇਅ ਕਰਨ ਵਾਲੇ ਇਸ ਨੋਜ਼ਲ ਨੂੰ ਖੋਲ੍ਹ ਕੇ ਢਿੱਲੀ ਕਰ ਦਿੰਦੇ ਹਨ, ਜਿਸ ਨਾਲ ਦੁਆਈ ਸਿਰਫ 25 ਫੀਸਦੀ ਬੂਟਿਆਂ ’ਤੇ ਪੈਂਦੀ ਹੈ, ਬਾਕੀ ਸਾਰੀ ਧਰਤੀ ਉੱਪਰ ਡਿਗਦੀ ਹੈ ਅਤੇ ਦਵਾਈ ਪੂਰਾ ਅਸਰ ਨਹੀਂ ਕਰਦੀ। ਇਸ ਲਈ ਵਾਰ-ਵਾਰ ਸਪਰੇਅ ਕਰਨੀ ਪੈਂਦੀ ਹੈ ਜੋ ਕਿ ਕਿਸਾਨ ਦੀ ਆਰਥਿਕਤਾ ਲਈ ਬਹੁਤ ਖ਼ਤਰਨਾਕ ਸਾਬਤ ਹੋ ਰਹੀ ਹੈ। ਹਮੇਸ਼ਾ ਫਸਲ ’ਤੇ ਛਿੜਕਾਅ ਲਈ ਫਿਕਸ ਨੋਜ਼ਲਾਂ ਵਰਤੋ ਜੋ ਖੁੱਲ੍ਹ ਨਾ ਸਕਦੀਆਂ ਹੋਣ। ਹਮੇਸ਼ਾ ਮਿਸਟ ਸਪਰੇਅ ਨੋਜ਼ਲਾਂ (ਜੋ ਧੁੰਦ ਦੀ ਤਰ੍ਹਾਂ ਫੁਆਰਾ ਬਣਾਉਂਦੀਆਂ ਹਨ) ਵਰਤੋ, ਜਿਸ ਦਾ ਸੁਰਾਖ ਬਾਰੀਕ ਹੋਵੇ। ਇਸ ਨਾਲ ਦਵਾਈ ਧੁੰਦ ਦੀ ਤਰ੍ਹਾਂ ਸਾਰੇ ਬੂਟੇ ਉੱਪਰ ਪੈਂਦੀ ਹੈ ਅਤੇ ਕੀੜੇ, ਸੁੰਡੀਆਂ ਦਾ ਸਫਾਇਆ ਹੋ ਜਾਂਦਾ ਹੈ। ਜਿਥੋਂ ਤੱਕ ਹੋ ਸਕੇ, ਪਲਾਸਟਿਕ ਦੀਆਂ ਨੋਜ਼ਲਾਂ ਵਰਤੋ। ਇਸ ਵਿਚ ਤਿੰਨ ਤੋਂ ਛੇ ਬਾਰੀਕ ਸੁਰਾਖ ਹੁੰਦੇ ਹਨ, ਜੋ ਧੁੰਦ ਦੀ ਤਰ੍ਹਾਂ ਦਵਾਈ ਦਾ ਛਿੜਕਾਅ ਕਰਦੇ ਹਨ। ਅਗਰ ਤੁਸੀਂ ਦਵਾਈ ਦਾ ਛਿੜਕਾਅ ਠੇਕੇ ’ਤੇ ਕਰਵਾਉਂਦੇ ਹੋ ਤਾਂ ਉਸ ਪਾਸੋਂ ਮਿਸਟ ਸਪਰੇਅ ਨੋਜ਼ਲਾਂ ਨਾਲ ਹੀ ਛਿੜਕਾਅ ਕਰਵਾਓ ਅਤੇ ਉਸ ਨੂੰ ਪੈਸੇ ਜ਼ਿਆਦਾ ਦੇ ਦਿਉ। ਉਹ ਤੁਹਾਡੀ ਹਜ਼ਾਰਾਂ ਰੁਪੲੇ ਦੀ ਬੱਚਤ ਕਰ ਦੇਵੇਗਾ।
1. ਹਮੇਸ਼ਾ ਆਪਣੀ ਨਿਗਰਾਨੀ ਵਿਚ ਦਵਾਈ ਦਾ ਛਿੜਕਾਅ ਕਰਵਾਓ।
2. ਬਿਨਾਂ ਜਾਲੀ ਦੇ ਪੰਪ ਵਿਚ ਦਵਾਈ ਨਾ ਪਾਓ।
ਉੱਪਰ ਦਿੱਤੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਅਗਰ ਤੁਸੀਂ ਸਪਰੇਅ ਕਰਦੇ ਹੋ ਜਾਂ ਕਰਵਾਉਂਦੇ ਹੋ ਤਾਂ ਤੁਹਾਨੂੰ ਬਹੁਤ ਲਾਭ ਹੋਵੇਗਾ।

-ਦਲਜੀਤ ਸਿੰਘ,
ਸਾਬਕਾ ਸਰਪੰਚ ਪਿੰਡ ਫੁੱਲਾਂਵਾਲ, ਤਹਿ: ਤੇ ਜ਼ਿਲ੍ਹਾ ਲੁਧਿਆਣਾ।
(ਰੋਜ਼ਾਨਾ ਅਜੀਤ ਜਲੰਧਰ)