ਪੇਂਡੂ ਜਨਜੀਵਨ ਵਿਚ ਛੱਪੜਾਂ ਦੀ ਅਹਿਮੀਅਤ ਅਤੇ ਰਹੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਪਰ ਅਜੋਕੇ ਦੌਰ ਵਿਚ ਨਰਕ ਦਾ ਰੂਪ ਧਾਰਨ ਕਰ ਚੁੱਕੇ ਇਨ੍ਹਾਂ ਛੱਪੜਾਂ ਦੀ ਪੇਂਡੂ ਜਨਜੀਵਨ ਲਈ ਬਣੀ ਸਮੱਸਿਆ ਨੂੰ ਅੱਖੋਂ ਉਹਲੇ ਵੀ ਨਹੀਂ ਕੀਤਾ ਜਾ ਸਕਦਾ। ਕੋਈ ਸਮਾਂ ਸੀ ਜਦੋਂ ਇਹ ਪੇਂਡੂ ਲੋਕਾਂ ਲਈ ਵਰਦਾਨ ਮੰਨੇ ਜਾਂਦੇ ਸਨ। ਹੜ੍ਹਾਂ ਵੇਲੇ ਖੇਤਾਂ ਅਤੇ ਘਰਾਂ ਦਾ ਵਾਧੂ ਪਾਣੀ ਸੰਭਾਲਣ ਲਈ ਅਤੇ ਸੋਕੇ ਵੇਲੇ ਡੰਗਰਾਂ ਜਾਂ ਹੋਰ ਵਰਤੋਂ ਲਈ ਵੀ ਇਸੇ ਪਾਣੀ ਨੂੰ ਹੀ ਵਰਤਿਆ ਜਾਂਦਾ ਸੀ।
ਇਸੇ ਸੰਦਰਭ ਵਿਚ ਹੀ ਵਿਸ਼ੇਸ਼ ਜ਼ਿਕਰ ਦੀ ਮੰਗ ਹੈ ਕਿ ਇਨ੍ਹਾਂ ਛੱਪੜਾਂ ਵਿਚਲੀ ਕਾਲੀ ਚੀਕਣੀ ਮਿੱਟੀ, ਜਿਸ ਨੂੰ ਪਲੋ ਕਿਹਾ ਜਾਂਦਾ ਸੀ, ਵੀ ਸਮੇਂ ਦੇ ਕੱਚੇ ਘਰਾਂ ਨੂੰ ਸ਼ਿੰਗਾਰ ਕੇ ਨੁਹਾਰ ਬਦਲਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਸੀ ਅਤੇ ਸੁਆਣੀਆਂ ਨੂੰ ਵੀ ਹਮੇਸ਼ਾ ਆਹਰੇ ਲਾਈ ਰੱਖਦੀ ਸੀ। ਪਰ ਅਫਸੋਸ! ਅੱਜ ਕਰੂਪ ਹੋ ਚੁੱਕੇ ਇਹ ਛੱਪੜ ਪਿੰਡਾਂ ਦੀਆਂ ਪੰਚਾਇਤਾਂ ਅਤੇ ਜਨ ਸਾਧਾਰਨ ਲਈ ਵੱਡੀ ਸਿਰਦਰਦੀ ਸਿੱਧ ਹੋ ਰਹੇ ਹਨ, ਕਿਉਂਕਿ ਵੱਡੀ ਪੱਧਰ ’ਤੇ ਇਨ੍ਹਾਂ ਛੱਪੜਾਂ ਵਿਚਲੇ ਗੰਦੇ ਪਾਣੀ ਦਾ ਨਿਕਾਸ ਕਿਸੇ ਤਰ੍ਹਾਂ ਵੀ ਨਹੀਂ ਹੋ ਰਿਹਾ। ਵੱਡੀ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਛੱਪੜਾਂ ਵਿਚ ਆਧੁਨਿਕ ਪਖਾਨਿਆਂ ਦਾ ਮਣਾਮੂੰਹੀ ਗੰਦਾ ਪਾਣੀ ਧੜਾਧੜ ਪ੍ਰਵੇਸ਼ ਕਰ ਰਿਹਾ ਹੈ ਜਿਸ ਕਰਕੇ ਇਨ੍ਹਾਂ ਵਿਚੋਂ ਦੂਰ-ਦੂਰ ਤੱਕ ਬਦਬੂ ਮਾਰਨ ਲਗਦੀ ਹੈ ਜੋ ਅਨੇਕਾਂ ਭਿਆਨਕ ਬਿਮਾਰੀਆਂ ਨੂੰ ਦੋਹੀਂ ਹੱਥੀਂ ਆਵਾਜ਼ਾਂ ਮਾਰਦੀ ਹੈ। ਇਹ ਸਿਲਸਿਲਾ ਗਰਮੀ ਦੇ ਮੌਸਮ ਵਿਚ ਹੋਰ ਵੀ ਭਿਆਨਕ ਰੂਪ ਅਖਤਿਆਰ ਕਰ ਜਾਂਦਾ ਹੈ। ਹੋਰ ਵੀ ਵੱਡੀ ਦੁਖਾਂਤਕ ਗੱਲ ਇਹ ਹੈ ਕਿ ਪਿੰਡਾਂ ਦੀ ਅਨਪੜ੍ਹਤਾ ਕਾਰਨ ਲੋਕ ਅੱਜ ਵੀ ਅਣਮਿਣੇ ਜਾ ਸਕਣ ਵਾਲੇ ਪਾਣੀ ਨੂੰ ਪਵਿੱਤਰ ਮੰਨੀ ਬੈਠੇ ਹਨ, ਜਿਸ ਦੇ ਸਿੱਟੇ ਵਜੋਂ ਆਪਣੇ ਪਸ਼ੂਆਂ ਨੂੰ ਇਨ੍ਹਾਂ ਦੀ ਗੰਦਗੀ ਨਾਲ ਭਰਪੂਰ ਛੱਪੜਾਂ ਵਿਚ ਨਹਾਉਣ ਲਈ ਛੱਡਿਆ ਜਾਂਦਾ ਹੈ, ਜਿਥੇ ਕਿ ਇਹ ਬੇਜ਼ੁਬਾਨ ਪਸ਼ੂ ਸੜਾਂਦ ਮਾਰਦੇ ਪਾਣੀ ਨੂੰ ਪੀ ਕੇ ਚੰਗੇ ਭਲੇ ਵੀ ਅਨੇਕਾਂ ਬਿਮਾਰੀਆਂ ਨੂੰ ਸਹੇੜ ਲੈਂਦੇ ਹਨ, ਜਿਸ ਦਾ ਅਸਰ ਦੁਧਾਰੂ ਪਸ਼ੂਆਂ ਦੇ ਦੁੱਧ ਤੇ ਮਨੁੱਖਾਂ ’ਚ ਵੀ ਪਹੁੰਚਦਾ ਹੈ। ਹਰ ਨਵੀਂ ਪੰਚਾਇਤ ਵੱਲੋਂ ਪਿੰਡਾਂ ਦੀਆਂ ਗਲੀਆਂ, ਨਾਲੀਆਂ ਅਤੇ ਫਿਰਨੀਆਂ ਦੀ ਹਰ ਵਾਰ ਮੁਰੰਮਤ ਕਰਨ ’ਤੇ ਕਰੋੜਾਂ ਰੁਪੲੇ ਦੀ ਰਾਸ਼ੀ ਖਰਚ ਕੀਤੀ ਜਾਂਦੀ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਰਹਿ ਜਾਂਦਾ ਹੈ। ਕਿਉਂਕਿ ਅੱਗੇ ਛੱਪੜਾਂ ਦਾ ਨਿਕਾਸ ਨਾ ਹੋਣ ਕਰਕੇ ਬਰਸਾਤੀ (ਆਮ ਦਿਨਾਂ ਵਿਚ ਵੀ) ਪਾਣੀ ਜਮ੍ਹਾਂ ਹੋ ਕੇ ਉਛਲ ਜਾਂਦਾ ਹੈ ਤੇ ਮੁੜ ਫਿਰ ਗਲੀਆਂ-ਨਾਲੀਆਂ ਅਤੇ ਫਿਰਨੀਆਂ ਦੀ ਟੁੱਟ-ਭੱਜ ਹੋ ਜਾਂਦੀ ਹੈ ਤੇ ਖਰਚ ਰਾਸ਼ੀ ਵਿਅਰਥ ਹੋ ਜਾਂਦੀ ਹੈ। ਘਰਾਂ ਦੇ ਨਿਕਾਸ ਲਈ ਉੱਚੀਆਂ ਕੀਤੀਆਂ ਜਾਂਦੀਆਂ ਗਲੀਆਂ ਅਤੇ ਫਿਰਨੀਆਂ ਲੋਕਾਂ ਲਈ ਹੋਰ ਵੀ ਗਲੇ ਦੀ ਹੱਡੀ ਬਣ ਰਹੀਆਂ ਹਨ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਲੋਕਾਂ ਦੇ ਘਰ ਨੀਵੇਂ ਹੋ ਜਾਂਦੇ ਹਨ, ਜਿਸ ਨਾਲ ਲੋਕਾਂ ਨੂੰ ਅਣਲੋੜੀਂਦੇ ਵੱਡੇ ਆਰਥਿਕ ਨੁਕਸਾਨ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਦਕਿ ਮੁੱਖ ਲੋੜ ਪਾਣੀ ਦੇ ਪੂਰਨ ਨਿਕਾਸ ਦੀ ਹੈ, ਜਿਸ ਨਾਲ ਗਲੀਆਂ, ਨਾਲੀਆਂ ਅਤੇ ਫਿਰਨੀਆਂ ਨੂੰ ਵਾਰ-ਵਾਰ ਪੁੱਟਣ ਅਤੇ ਬਣਾਉਣ ’ਤੇ ਖਰਚੇ ਜਾਂਦੇ ਸਰਕਾਰੀ ਪੈਸੇ ਦੀ ਬਰਬਾਦੀ ਤੋਂ ਬਚਿਆ ਜਾ ਸਕਦਾ ਹੈ।
ਅਸਲ ਸਵਾਲ ਪੈਦਾ ਹੁੰਦਾ ਹੈ ਕਿ ਇਸ ਭਿਆਨਕ ਸਮੱਸਿਆ ਦਾ ਹੱਲ ਕੀ ਹੋਵੇ? ਇਸ ਸਬੰਧੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੇਂਡੂ ਵਿਕਾਸ ਦੀਆਂ ਤਰਜੀਹਾਂ ਦੇ ਆਧਾਰ ’ਤੇ ਪੇਂਡੂ ਜਨਜੀਵਨ ਦੀਆਂ ਬਹੁਤੀਆਂ ਬਿਮਾਰੀਆਂ (ਸਮੱਸਿਆਵਾਂ) ਦੀ ਜੜ੍ਹ ਛੱਪੜਾਂ ਵਿਚਲੇ ਗੰਦੇ ਪਾਣੀ ਦਾ ਨਿਕਾਸ ਕਰਨ ਲਈ ਠੋਸ ਉਪਰਾਲੇ ਅਤੇ ਪ੍ਰੋਗਰਾਮ ਉਲੀਕੇ, ਜਿਸ ਅਧੀਨ ਪੰਜਾਬ ਸਰਕਾਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਛੱਪੜਾਂ ’ਤੇ ਲਾਉਣ ਲਈ ਇਕ-ਇਕ ਮੁਫਤ ਮੋਟਰ ਕੁਨੈਕਸ਼ਨ ਮੁਹੱਈਆ ਕਰੇ ਅਤੇ ਯੋਗ ਵਿਧੀ ਰਾਹੀਂ ਇਸ ਪਾਣੀ ਨੂੰ ਖੇਤਾਂ ਦੀ ਸਪਲਾਈ ਲਈ ਵਰਤਿਆ ਜਾਵੇ ਜਾਂ ਫਿਰ ਵਿਸ਼ੇਸ਼ ਪ੍ਰਾਜੈਕਟਾਂ ਰਾਹੀਂ ਇਸੇ ਪਾਣੀ ਨੂੰ ਕਸੀਦ ਕੇ ਵੱਡੇ ਗੈਬ ਬਣਾ ਕੇ ਖਾਸ ਪ੍ਰਕਿਰਿਆ ਅਧੀਨ ਖਪਤ ਕੀਤਾ ਜਾਵੇ। ਕਈ ਥਾਵਾਂ ’ਤੇ ਇਸ ਗੰਦੇ ਪਾਣੀ ਨੂੰ ਸਿੱਧੇ ਤੌਰ ’ਤੇ ਹੀ ਗੈਬ ਬਣਾ ਕੇ ਧਰਤੀ ਵਿਚ ਛੱਡਿਆ ਜਾ ਰਿਹਾ ਹੈ ਜੋ ਕਿ ਬੇਹੱਦ ਨੁਕਸਾਨਦਾਇਕ ਕਦਮ ਹੈ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਧਰਤੀ ਵਿਚਲਾ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਜਾਂਦਾ ਹੈ।
-ਮਨਜੀਤ ਸਿੰਘ ਬਿਲਾਸਪੁਰ,
ਨਿੱਜੀ ਪੱਤਰ ਪ੍ਰੇਰਕ, ਬਿਲਾਸਪੁਰ (ਮੋਗਾ)।
(ਰੋਜ਼ਾਨਾ ਅਜੀਤ ਜਲੰਧਰ)
Monday, May 28, 2007
Subscribe to:
Post Comments (Atom)
No comments:
Post a Comment