ਪੰਜਾਬ ਵਿਚ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਨਾਲ ਪੈਦਾਵਾਰ ਵਿਚ ਕਾਫੀ ਵਾਧਾ ਹੋਇਆ ਪਰ ਲਗਾਤਾਰ ਝੋਨਾ-ਕਣਕ ਦੀਆਂ ਜ਼ਿਆਦਾ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਨਾਲ ਜ਼ਮੀਨ ਦੀ ਸਿਹਤ ’ਤੇ ਬੁਰਾ ਪ੍ਰਭਾਵ ਪਿਆ ਹੈ। ਕਿਸਾਨ ਜ਼ਿਆਦਾਤਰ ਯੂਰੀਆ ਅਤੇ ਡਾਇਆ (ਡੀ. ੲੇ. ਪੀ.) ਖਾਦਾਂ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਖਾਦਾਂ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਮਿਲਦਾ ਹੈ ਅਤੇ ਕੁਝ ਕਿਸਾਨ ਮਿਉਰੇਟ ਆਫ ਪੋਟਾਸ਼ ਨੂੰ ਪੋਟਾਸ਼ ਤੱਤ ਲਈ ਵਰਤਦੇ ਹਨ। ਜ਼ਮੀਨ ਵਿਚ ਲਘੂ ਤੱਤਾਂ ਜਿਵੇਂ ਕਿ ਜ਼ਿੰਕ, ਲੋਹਾ, ਸਲਫਰ ਅਤੇ ਮੈਂਗਨੀਜ਼ ਆਦਿ ਦੀ ਘਾਟ ਆਉਣ ਲੱਗ ਪਈ ਹੈ, ਜਿਸ ਦਾ ਸਿੱਧਾ ਅਸਰ ਪੈਦਾਵਾਰ ’ਤੇ ਪੈਂਦਾ ਹੈ। ਰੂੜੀ ਦੀ ਖਾਦ ਅਤੇ ਕੰਪੋਸਟ ਕਾਫੀ ਮਿਕਦਾਰ ਵਿਚ ਨਹੀਂ ਮਿਲ ਸਕਦੀਆਂ। ਕਣਕ ਦੀ ਵਾਢੀ ਕਰਨ ਤੋਂ ਬਾਅਦ ਅਤੇ ਸਾਉਣੀ ਰੁੱਤ ਦੀ ਫਸਲ ਬੀਜਣ ਤੋਂ ਪਹਿਲਾਂ ਖੇਤ ਕਾਫੀ ਸਮੇਂ ਲਈ ਖਾਲੀ ਰਹਿੰਦੇ ਹਨ ਅਤੇ ਅਸੀਂ ਹਰੀ ਖਾਦ ਦੀ ਫਸਲ ਬੀਜ ਕੇ ਜ਼ਮੀਨ ਵਿਚ ਜੈਵਿਕ ਮਾਦਾ ਵਧਾ ਸਕਦੇ ਹਾਂ। ਹਰੀ ਖਾਦ ਨਾਲ ਜ਼ਮੀਨ ਨੂੰ ਜੈਵਿਕ ਮਾਦਾ ਮਿਲਣ ਦੇ ਨਾਲ-ਨਾਲ ਹੋਰ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ। ਇਹ ਹਰੀ ਖਾਦ ਆਪਣੀਆਂ ਜੜ੍ਹਾਂ ਵਿਚਲੀਆਂ ਗੰਢਾਂ ਵਿਚਲੇ ਬੈਕਟੀਰੀਆ ਦੀ ਸਹਾਇਤਾ ਨਾਲ ਹਵਾ ਵਿਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿਚ ਜਮ੍ਹਾਂ ਕਰਦੀਆਂ ਹਨ। ਅਸੀਂ ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹਾਂ। 40-45 ਦਿਨਾਂ ਦਾ ਸਣ ਤਕਰੀਬਨ 6-8 ਟਨ ਹਰਾ ਮਾਦਾ\ੲੇਕੜ ਪੈਦਾ ਕਰਦਾ ਹੈ, ਜਿਸ ਵਿਚ ਤਕਰੀਬਨ 1.2-1.6 ਟਨ ਸੁੱਕਾ ਮਾਦਾ\ੲੇਕੜ ਹੁੰਦਾ ਹੈ। ਹਰੀ ਖਾਦ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਲਘੂ ਤੱਤ ਜਿਵੇਂ ਕਿ ਲੋਹਾ, ਮੈਂਗਨੀਜ਼, ਜ਼ਿੰਕ ਅਤੇ ਤਾਂਬਾ ਆਦਿ ਪਾੲੇ ਜਾਂਦੇ ਹਨ।
• ਹਰੀ ਖਾਦ ਦੀ ਫਸਲ ਨੂੰ ਖੇਤ ਵਿਚ ਵਾਹੁਣ ਤੋਂ ਬਾਅਦ ਗਲਣ ਪਿੱਛੋਂ ਜ਼ਮੀਨ ਵਿਚ ਮੱਲੜ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ।
• ਹਰੀ ਖਾਦ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਚੋਖਾ ਵਾਧਾ ਹੁੰਦਾ ਹੈ, ਕਿਉਂਕਿ ਇਹ ਜ਼ਮੀਨ ਦੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਖੁਰਾਕੀ ਤੱਤਾਂ ਵਿਚ ਵਾਧਾ ਕਰਦੀ ਹੈ।
• ਹਰੀ ਖਾਦ ਵਾਲੇ ਖੇਤਾਂ ਵਿਚ ਭੌਂ-ਖੋਰ ਘੱਟ ਹੁੰਦਾ ਹੈ।
• ਹਰੀ ਫਸਲ ਵਾਲੇ ਖੇਤਾਂ ਵਿਚ ਖੁਰਾਕੀ ਤੱਤਾਂ ਦੇ ਪਾਣੀ ਵਿਚ ਘੁਲ ਕੇ ਜ਼ਮੀਨ ਦੇ ਹੇਠ ਰਿਸ ਜਾਣਾ ਘੱਟ ਹੋ ਜਾਂਦਾ ਹੈ।
• ਹਰੀ ਖਾਦ ਨਾਲ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। ਭਾਰੀਆਂ ਜ਼ਮੀਨਾਂ ਵਿਚ ਇਹ ਧਰਤੀ ਵਿਚ ਨਮੀ ਅਤੇ ਹਵਾ ਦਾ ਸਬੰਧ ਜੋੜਦੀ ਹੈ ਜਦਕਿ ਹਲਕੀਆਂ ਜ਼ਮੀਨਾਂ ਦੀ ਪਾਣੀ ਨੂੰ ਜਜ਼ਬ ਕਰਕੇ ਰੱਖਣ ਦੀ ਤਾਕਤ ਵਧ ਜਾਂਦੀ ਹੈ, ਜਿਸ ਕਰਕੇ ਹਰੀ ਖਾਦ ਤੋਂ ਬਾਅਦ ਬੀਜੀਆਂ ਜਾਣ ਵਾਲੀਆਂ ਫਸਲਾਂ ਦੀਆਂ ਜੜ੍ਹਾਂ ਕਾਫੀ ਵਧਦੀਆਂ ਹਨ ਜੋ ਕਿ ਬੂਟੇ ਨੂੰ ਜ਼ਿਆਦਾ ਖੁਰਾਕੀ ਤੱਤ ਸਪਲਾਈ ਕਰਨ ਵਿਚ ਸਹਾਈ ਹੁੰਦੀਆਂ ਹਨ, ਜਿਸ ਨਾਲ ਬੂਟੇ ਦਾ ਵਿਕਾਸ ਚੰਗਾ ਹੁੰਦਾ ਹੈ।
• ਹਰੀ ਖਾਦ ਨਦੀਨਾਂ ਨੂੰ ਘਟਾਉਣ ਵਿਚ ਸਹਾਇਤਾ ਕਰਦੀ ਹੈ, ਕਿਉਂਕਿ ਹਰੀ ਖਾਦ ਵਾਲੀ ਫਸਲ ਜਲਦੀ ਵਧਣ ਕਰਕੇ ਨਦੀਨਾਂ ਨੂੰ ਦੱਬ ਲੈਂਦੀ ਹੈ। ਜੋ ਨਦੀਨ ਖੇਤ ਵਿਚ ਉੱਗ ਪੲੇ ਹੋਣ, ਉਹ ਬੀਜ ਬਣਨ ਤੋਂ ਪਹਿਲਾਂ ਹਰੀ ਖਾਦ ਨੂੰ ਖੇਤ ਵਿਚ ਵਾਹੁਣ ਸਮੇਂ ਖੇਤ ਵਿਚ ਦੱਬ ਜਾਂਦੇ ਹਨ।
ਹਰੀ ਖਾਦ ਦਾ ਪ੍ਰਭਾਵ ਦੇਖਣ ਲਈ ਫਸਲ ਵਿਗਿਆਨ, ਮੌਸਮ ਅਤੇ ਜੰਗਲਾਤ ਵਿਭਾਗ ਵਿਚ ਸੰਨ 2000 ਤੋਂ ਮੱਕੀ\ਸੋਇਆਬੀਨ-ਕਣਕ ਫਸਲੀ-ਚੱਕਰਾਂ ’ਤੇ ਤਜਰਬੇ ਕੀਤੇ ਗੲੇ। ਕਣਕ ਕੱਟਣ ਤੋਂ ਬਾਅਦ ਹਰੀ ਖਾਦ ਦੇ ਤੌਰ ’ਤੇ ਵਰਤਣ ਲਈ ਸਣ (20 ਕਿਲੋ ਬੀਜ ਪ੍ਰਤੀ ੲੇਕੜ ਦੇ ਹਿਸਾਬ ਨਾਲ) ਦੀ ਅਪ੍ਰੈਲ ਦੇ ਦੂਸਰੇ ਪੰਦਰਵਾੜੇ ਵਿਚ ਬਿਜਾਈ ਕਰ ਦੇਣੀ ਚਾਹੀਦੀ ਹੈ। ਹਰੀ ਖਾਦ ਦੀ ਫਸਲ ਨੂੰ 40-45 ਦਿਨਾਂ ਬਾਅਦ ਖੇਤ ਵਿਚ ਮੱਕੀ\ਸੋਇਆਬੀਨ ਦੀ ਬਿਜਾਈ ਤੋਂ 5 ਤੋਂ 7 ਦਿਨ ਪਹਿਲਾਂ ਦੱਬ ਦਿਉ। ਤਜਰਬੇ ਵਿਚ ਮੱਕੀ ਅਤੇ ਸੋਇਆਬੀਨ ਦਾ ਝਾੜ ਕ੍ਰਮਵਾਰ 18.6 ਕੁਇੰਟਲ ਪ੍ਰਤੀ ੲੇਕੜ ਅਤੇ 6.6 ਕੁਇੰਟਲ ਪ੍ਰਤੀ ੲੇਕੜ ਰਿਹਾ, ਜਿਥੇ ਤੱਤਾਂ ਦੀ ਪੂਰਤੀ ਇਕੱਲੇ ਰਸਾਇਣਕ ਖਾਦਾਂ ਵਰਤ ਕੇ ਕੀਤੀ ਸੀ ਜਦੋਂਕਿ ਸਣ+ਰਸਾਇਣਕ ਖਾਦਾਂ ਨਾਲ ਮੱਕੀ ਅਤੇ ਸੋਇਆਬੀਨ ਦੇ ਝਾੜ ਵਿਚ ਇਕੱਲਿਆਂ ਰਸਾਇਣਕ ਖਾਦਾਂ ਦੇ ਮੁਕਾਬਲੇ ਕ੍ਰਮਵਾਰ 6.5 ਅਤੇ 12.1 ਫੀਸਦੀ ਪੈਦਾਵਾਰ ਵਿਚ ਵਾਧਾ ਹੋਇਆ। ਹਰੀ ਖਾਦ ਵਾਲੇ ਖੇਤਾਂ ਵਿਚ ਮੱਕੀ\ਸੋਇਆਬੀਨ ਦੀ ਫਸਲ ਤੋਂ ਬਾਅਦ ਬੀਜੀ ਜਾਣ ਵਾਲੀ ਕਣਕ ਦਾ ਉਤਪਾਦਨ 1.2 ਕੁਇੰਟਲ\ੲੇਕੜ ਵੱਧ ਰਿਹਾ। ਹਰੀ ਖਾਦ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ\ਬਰਕਰਾਰ ਰੱਖਣ ਵਿਚ ਸਹਾਇਤਾ ਕਰਦੀ ਹੈ। ਇਸ ਲਈ ਮੱਕੀ ਅਤੇ ਸੋਇਆਬੀਨ ਦਾ ਵਧੇਰੇ ਝਾੜ ਲੈਣ ਲਈ ਹਰੀ ਖਾਦ ਦੇ ਨਾਲ-ਨਾਲ ਨਾਈਟ੍ਰੋਜਨ ਖਾਦ ਦੀ ਪੂਰੀ ਮਾਤਰਾ (50 ਕਿਲੋ\ੲੇਕੜ ਮੱਕੀ ਨੂੰ ਅਤੇ 13 ਕਿਲੋ\ੲੇਕੜ ਸੋਇਆਬੀਨ ਨੂੰ) ਪਾਓ।
-ਦਲਬੀਰ ਸਿੰਘ ਕਲੇਰ, ਸੋਹਣ ਸਿੰਘ ਵਾਲੀਆ ਅਤੇ ਕੁਲਬੀਰ ਸਿੰਘ ਸੈਣੀ,
ਫਸਲ ਵਿਗਿਆਨ, ਮੌਸਮ ਅਤੇ ਜੰਗਲਾਤ ਵਿਭਾਗ, ਪੀ. ੲੇ. ਯੂ., ਲੁਧਿਆਣਾ।
(ਰੋਜ਼ਾਨਾ ਅਜੀਤ ਜਲੰਧਰ)
Monday, May 28, 2007
Subscribe to:
Post Comments (Atom)
No comments:
Post a Comment