ਭਾਰਤ ਵਿਚ ਆਦਿਕਾਲ ਤੋਂ ਹੀ ਤਿਲ ਦੀ ਕਾਸ਼ਤ ਇਕ ਮੁੱਖ ਤੇਲ ਬੀਜ ਫਸਲ ਵਜੋਂ ਕੀਤੀ ਜਾਂਦੀ ਰਹੀ ਹੈ। ਪੁਰਾਤਨ ਇਤਿਹਾਸ ਵਿਚ ਇਸ ਫਸਲ ਦਾ ਵਧੇਰੇ ਜ਼ਿਕਰ ਲੱਭਦਾ ਹੈ। ਤਿਲ ਵਿਚ 40-55 ਫੀਸਦੀ ਤੇਲ, 20-25 ਫੀਸਦੀ ਪ੍ਰੋਟੀਨ, 15 ਫੀਸਦੀ ਕਾਰਬੋਹਾਈਡਰੇਟਸ ਅਤੇ ਕੁਝ ਖਣਿਜ ਪਦਾਰਥ ਹੁੰਦੇ ਹਨ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਬੀਜ ਅਤੇ ਤੇਲ ਦੀ ਗੁਣਵਤਾ ਨੂੰ ਲੰਬੇ ਚਿਰ ਤੱਕ ਖਰਾਬ ਨਹੀਂ ਹੋਣ ਦਿੰਦੇ। ਤਿਲ ਦਾ ਤੇਲ ਖਾਣ ਪੱਖੋਂ ਬਹੁਤ ਵਧੀਆ ਸਮਝਿਆ ਜਾਂਦਾ ਹੈ, ਕਿਉਂਕਿ ਇਹ ਨਸਾਂ ਵਿਚ ਜੰਮਦਾ ਨਹੀਂ ਅਤੇ ਕੋਲੈਸਟਰੋਲ ਦੀ ਮਾਤਰਾ ਘਟਾਉਂਦਾ ਹੈ। ਇਹ ਸਰੀਰ ਨੂੰ ਤਰੋਤਾਜ਼ਾ ਵੀ ਰੱਖਦਾ ਹੈ। ਇਸ ਦਾ ਤੇਲ ਖਾਣ ਤੋਂ ਇਲਾਵਾ ਮਾਲਿਸ਼ ਕਰਨ ਅਤੇ ਰੂਪ ਸ਼ਿੰਗਾਰ ਲਈ ਵਰਤੇ ਜਾਣ ਵਾਲੇ ਕਾਸਮੈਟਿਕਸ ਵਿਚ ਵਧੇਰੇ ਵਰਤਿਆ ਜਾਂਦਾ ਹੈ। ਵਿਦੇਸ਼ਾਂ ਵਿਚ ਤਿਲਾਂ ਦੀ ਬਹੁਤ ਮੰਗ ਹੈ। ਪੱਛਮੀ ਦੇਸ਼ਾਂ ਵਿਚ ਤਿਲ ਦੀ ਵਰਤੋਂ ਬੇਕਰੀ ਅਤੇ ਸ਼ਿਸ਼ੂ ਆਹਾਰ (ਬੱਚਿਆਂ ਦੇ ਖਾਣ ਲਈ) ਕੀਤੀ ਜਾਂਦੀ ਹੈ।
ਤਿਲ ਦੀਆਂ ਖੂਬੀਆਂ ਅਤੇ ਇਸ ਦੀ ਵਧ ਰਹੀ ਮੰਗ ਨੂੰ ਦੇਖਦੇ ਹੋੲੇ ਇਸ ਫਸਲ ਹੇਠਾਂ ਰਕਬਾ ਅਤੇ ਇਸ ਦਾ ਝਾੜ ਵਧਾਉਣ ਦੀ ਲੋੜ ਹੈ ਤਾਂ ਜੋ ਇਸ ਫਸਲ ਦਾ ਮੁਨਾਫਾ ਵਧਾਇਆ ਜਾ ਸਕੇ। ਸੁਚੱਜੀਆਂ ਫਸਲ ਤਕਨੀਕਾਂ ਅਪਣਾਅ ਕੇ ਇਸ ਫਸਲ ਦੀ ਪੈਦਾਵਾਰ ਵਿਚ ਵਾਧਾ ਕੀਤਾ ਜਾ ਸਕਦਾ ਹੈ।
ਹੇਠ ਲਿਖੀਆਂ ਤਕਨੀਕਾਂ ਅਪਣਾਅ ਕੇ ਤਿਲ ਦੀ ਪੈਦਾਵਾਰ ਵਿਚ ਵਾਧਾ ਕੀਤਾ ਜਾ ਸਕਦਾ ਹੈ :
• ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ।
• ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ। ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ। ਖੇਤ ਦੀ ਤਿਆਰੀ ਲਈ 2-3 ਵਾਰ ਹਲ ਵਾਹੋ ਅਤੇ ਹਰ ਵਾਰ ਸੁਹਾਗਾ ਜ਼ਰੂਰ ਲਗਾਓ।
ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਤਿਲ ਦੀਆਂ ਉੱਨਤ ਕਿਸਮਾਂ : ਟੀ. ਸੀ.-289-ਇਸ ਦਾ ਔਸਤ ਝਾੜ 210 ਕਿਲੋ ਪ੍ਰਤੀ ੲੇਕੜ ਹੈ।
ਪੰਜਾਬ ਤਿਲ ਨੰ: 1-ਇਸ ਦਾ ਔਸਤ ਝਾੜ 200 ਕਿਲੋ ਪ੍ਰਤੀ ੲੇਕੜ ਹੈ।
• ਪੌਦੇ ਇਕਸਾਰ ਵਧਣ-ਫੁੱਲਣ ਅਤੇ ਗੋਡੀ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਬਿਜਾਈ ਹਮੇਸ਼ਾ ਲਾਈਨਾਂ ਵਿਚ ਕਰੋ। ਇਕ ੲੇਕੜ ਬਿਜਾਈ ਲਈ ਇਕ ਕਿਲੋ ਬੀਜ ਹੀ ਕਾਫੀ ਹੈ। ਕਿਉਂਕਿ ਬੀਜ ਦੀ ਮਾਤਰਾ ਬਹੁਤ ਘੱਟ ਹੈ ਅਤੇ ਬੀਜ ਬਹੁਤ ਛੋਟਾ ਹੁੰਦਾ ਹੈ, ਬੀਜ ਵਿਚ ਲੋੜ ਅਨੁਸਾਰ ਰੇਤ, ਮਿੱਟੀ ਜਾਂ ਬਰੀਕ ਛਾਣੀ ਹੋਈ ਰੂੜੀ ਰਲਾ ਲੈਣੀ ਚਾਹੀਦੀ ਹੈ। ਲਾਈਨਾਂ ਵਿਚ 30 ਸੈਂਟੀਮੀਟਰ (ਇਕ ਫੁੱਟ) ਦਾ ਫਾਸਲਾ ਰੱਖੋ। ਬੀਜ ਉੱਗਣ ਤੋਂ ਤਿੰਨ ਹਫਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਂਟੀਮੀਟਰ ਰੱਖੋ। ਫਸਲ ਦੀ ਇਕਸਾਰ ਪਕਾਈ ਅਤੇ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਤੋਂ ਵੱਧ ਨਾ ਹੋਵੇ। ਬਿਜਾਈ ਪੈਰਾਂ ਜਾਂ ਡਰਿੱਲ ਨਾਲ ਕਰੋ।
• ਸੇਂਜੂ ਜ਼ਮੀਨਾਂ ਵਿਚ ਤਿਲ ਦੀ ਬਿਜਾਈ ਅੱਧ-ਜੂਨ ਵਿਚ ਭਰਵੀਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ। ਜਿਥੇ ਪਾਣੀ ਦੀ ਸਹੂਲਤ ਨਹੀਂ ਹੈ, ਉਥੇ ਤਿਲ ਦੀ ਬਿਜਾਈ ਵਰਖਾ ਸ਼ੁਰੂ ਹੋਣ ’ਤੇ ਜੋ ਕਿ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਹੁੰਦੀ ਹੈ, ਕਰ ਲੈਣੀ ਚਾਹੀਦੀ ਹੈ। ਬਹੁਤੀ ਅਗੇਤੀ ਬਿਜਾਈ ਕਰਨ ਨਾਲ ਤਿਲ ਦੀ ਫਸਲ ਫਿਲੌਡੀ ਰੋਗ ਦਾ ਸ਼ਿਕਾਰ ਬਣ ਜਾਂਦੀ ਹੈ।
• ਤਿਲ ਦੀ ਫਸਲ ਲਈ ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ੲੇਕੜ ਪਾਉਣਾ ਬਹੁਤ ਲਾਭਦਾਇਕ ਹੈ। ਘੱਟ ਉਪਜਾਊ ਜ਼ਮੀਨਾਂ ਵਿਚ 14 ਕਿਲੋ ਨਾਈਟ੍ਰੋਜਨ ਤੱਤ (30 ਕਿਲੋ ਯੂਰੀਆ) ਬਿਜਾਈ ਤੋਂ ਪਹਿਲਾਂ ਡਰਿੱਲ ਨਾਲ ਪਾਓ। ਜ਼ਿਆਦਾ ਖਾਦ ਦੀ ਵਰਤੋਂ ਨਾ ਕਰੋ।
• ਜੇਕਰ ਫਸਲ ਨਰੋਈ ਹੈ ਅਤੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਫਸਲ ਉੱਗਣ ਤੋਂ ਤਿੰਨ ਹਫਤਿਆਂ ਬਾਅਦ ਇਕ ਗੋਡੀ ਜ਼ਰੂਰ ਕਰ ਦਿਉ।
• ਆਮ ਤੌਰ ’ਤੇ ਤਿੱਲ ਦੀ ਖੇਤੀ ਬਰਾਨੀ ਹਾਲਤਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਮਗਰੋਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਲੰਮੇ ਸਮੇਂ ਤੱਕ ਵਰਖਾ ਨਾ ਹੋਵੇ ਅਤੇ ਸੋਕਾ ਪੈਣ ਲੱਗੇ ਤਾਂ ਇਕ ਪਾਣੀ ਫੁੱਲ ਪੈਣ ਤੋਂ ਫਲੀਆਂ ਬਨਣ ਵੇਲੇ ਜ਼ਰੂਰ ਲਾ ਦੇਣਾ ਚਾਹੀਦਾ ਹੈ।
• ਇਸ ਫਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ। ਜਦੋਂ ਪੌਦਿਆਂ ਦੇ ਤਣੇ ਪੀਲੇ ਪੈਣ ਲੱਗਣ ਅਤੇ ਫਲੀਆਂ ਵੀ ਰੰਗ ਬਦਲਣ ਲੱਗਣ ਤਾਂ ਸਮਝੋ ਕਿ ਫਸਲ ਪੱਕ ਗਈ ਹੈ। ਫਸਲ ਨੂੰ ਥੋੜ੍ਹੀ ਨਰਮ ਹਾਲਤ ਵਿਚ ਵੱਢ ਕੇ ਇਸ ਦੇ ਨਿੱਕੇ-ਨਿੱਕੇ ਪੂਲੇ ਬਣਾ ਦਿਉ। ਪੂਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਦੋ-ਤਿੰਨ ਵਾਰ ਝਾੜਨ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ।
-ਵੀਰੇਂਦਰ ਸਰਦਾਨਾ, ਸ਼ਸ਼ੀ ਬਾਂਗਾ ਅਤੇ ਪਰਵਿੰਦਰ ਸ਼ਯੋਰਾਣ,
ਤੇਲ ਬੀਜ ਸੈਕਸ਼ਨ, ਪਲਾਂਟ ਬਰੀਡਿੰਗ, ਜੈਨੇਟਿਕਸ ਅਤੇ ਬਾਇਓਤਕਨਾਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ-141004.
Subscribe to:
Post Comments (Atom)
No comments:
Post a Comment