Sunday, May 13, 2007

ਕਿਸਾਨਾਂ ਲੲੀ ਇਸ ਮਹੀਨੇ ਦੇ ਖੇਤੀ ਰੁਝੇਵੇਂ (ਮਈ)

ਸਜਾਵਟੀ ਬੂਟੇ : ਮੌਸਮੀ ਫੁੱਲ-ਗਰਮੀ ਦੇ ਮੌਸਮੀ ਫੁੱਲਾਂ ਦੀ ਪਾਣੀ ਦੀ ਜ਼ਰੂਰਤ ਪੂਰੀ ਕਰਦੇ ਰਹੋ ਅਤੇ ਨਦੀਨ ਵੀ ਕੱਢ ਦਿਉ। ਜੇਕਰ ਕਿਆਰੀਆਂ ਵਿਚ ਕੋੲੀ ਖਾਲੀ ਥਾਂ ਹੋਵੇ ਤਾਂ ਬੂਟਿਆਂ ਨਾਲ ਭਰ ਦਿਉ ਪਰ ਇਹ ਕੰਮ ਸਿਰਫ ਸਵੇਰੇ ਜਾਂ ਸ਼ਾਮ ਸਮੇਂ ਹੀ ਕਰੋ। ਬਰਸਾਤ ਦੇ ਮੌਸਮੀ ਫੁੱਲਾਂ ਦੀਆਂ ਕਿਆਰੀਆਂ ਦੀ ਤਿਆਰੀ ਸ਼ੁਰੂ ਕਰ ਲਵੋ।
ਗੁਲਾਬ-ਗਰਮੀ ਦਾ ਮੌਸਮ ਹੋਣ ਕਰਕੇ ਗੁਲਾਬ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਪਰ ਫਾਲਤੂ ਪਾਣੀ ਦੇਣ ਤੋਂ ਗੁਰੇਜ਼ ਕਰੋ। ਜੜੂੲੇ ਅਤੇ ਬਿਮਾਰੀ ਵਾਲੀਆਂ ਟਹਿਣੀਆਂ ਕੱਟ ਦਿਉ।
ਪੱਕੇ ਬੂਟੇ-ਦਰੱਖਤਾਂ, ਝਾੜੀਆਂ ਅਤੇ ਵੇਲਾਂ ਨੂੰ 5-7 ਦਿਨਾਂ ਦੇ ਵਕਫੇ ’ਤੇ ਪਾਣੀ ਦਿੰਦੇ ਰਹੋ। ਜੇਕਰ ਜ਼ਰੂਰਤ ਹੋਵੇ ਤਾਂ ਨਵੇਂ ਲਾੲੇ ਬੂਟਿਆਂ ਨੂੰ ਸਹਾਰਾ ਦਿਉ। ਜਦੋਂ ਬੋਗਨਵਿਲੀਆ ਦੇ ਫੁੱਲ ਖਤਮ ਹੋ ਜਾਣ ਤਾਂ ਇਸ ਦੀ ਕਾਂਟ-ਛਾਂਟ ਕਰ ਦਿਉ।
ਗਮਲਿਆਂ ਵਾਲੇ ਬੂਟੇ-ਗਮਲੇ ਵਾਲੇ ਬੂਟਿਆਂ ਨੂੰ ਛਾਂ ਵਿਚ ਰੱਖੋ ਤਾਂ ਕਿ ਸਿੱਧੀ ਧੁੱਪ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ। ਗਮਲਿਆਂ ਨੂੰ ਹਫਤੇ ਵਿਚ ਦੋ ਵਾਰ ਪਾਣੀ ਜ਼ਰੂਰ ਦਿੰਦੇ ਰਹੋ।
ਸ਼ਹਿਦ ਦੀਆਂ ਮੱਖੀਆਂ ਪਾਲਣਾ-ਇਸ ਮੌਸਮ ਵਿਚ ਸ਼ਹਿਦ ਦੀਆਂ ਮੱਖੀਆਂ ਨੂੰ ਗਰਮੀ ਤੋਂ ਬਚਾਉਣ ਲੲੀ ਕਟੁੰਬਾਂ ਨੂੰ ਸੰਘਣੀ ਛਾਂ ਵਿਚ ਰੱਖਣ ਦਾ ਪ੍ਰਬੰਧ ਕਰੋ। ਇਸ ਮੰਤਵ ਲੲੀ ਕਦੀ ਵੀ ਕਟੁੰਬਾਂ ਨੂੰ ਤਿੰਨ ਫੁੱਟ ਤੋਂ ਜ਼ਿਆਦਾ ਨਹੀਂ ਹਿਲਾਉਣਾ ਚਾਹੀਦਾ। ਜੇ ਉਪਰੋਕਤ ਤਰੀਕੇ ਨਾਲ ਕਟੁੰਬਾਂ ਨੂੰ ਛਾਂ ਵਿਚ ਲਿਜਾਣ ਲੲੀ ਜ਼ਿਆਦਾ ਸਮਾਂ ਲਗਦਾ ਹੋਵੇ ਤਾਂ ਦੇਰ ਸ਼ਾਮ ਵੇਲੇ ਸਾਰੇ ਕਟੁੰਬਾਂ ਨੂੰ ਬੰਦ ਕਰਕੇ ਤਿੰਨ ਕਿਲੋਮੀਟਰ ਤੋਂ ਦੂਰ ਕਿਸੇ ਹੋਰ ਢੁਕਵੀਂ ਜਗ੍ਹਾ ’ਤੇ ਲੈ ਜਾਵੋ ਅਤੇ ਫਿਰ ਇਕ ਹਫਤੇ ਬਾਅਦ ਛਾਂ ਵਾਲੀ ਥਾਂ ’ਤੇ ਲੈ ਆਵੋ ਪਰ ਕੰਟੁਬਾਂ ਦੇ ਵਿਚ ਆਪਸੀ ਫਾਸਲਾ ਢੁਕਵਾਂ ਹੋਣਾ ਚਾਹੀਦਾ ਹੈ, ਜਿਸ ਨਾਲ ਡਰਿਫਟਿੰਗ ਅਤੇ ਰੋਬਿੰਗ ਸਮੱਸਿਆਵਾਂ ਜੋ ਕਿ ਹੋਰ ਨੁਕਸਾਨ ਤੋਂ ਇਲਾਵਾ ਬਿਮਾਰੀਆਂ ਅਤੇ ਚਿਚੜੀਆਂ ਫੈਲਾਉਣ ਦਾ ਇਕ ਕਾਰਨ ਬਣਦੇ ਹਨ, ਤੋਂ ਬਚਿਆ ਜਾ ਸਕਦਾ ਹੈ। ਪਾਣੀ ਦੀ ਵਧੀ ਹੋੲੀ ਜ਼ਰੂਰਤ ਨੂੰ ਪੂਰਾ ਕਰਨ ਲੲੀ ਟਿਊਬਵੈੱਲ ਦੇ ਪਾਣੀ ਵਾਲੇ ਟੈਂਕ ਵਿਚ ਛੋਟੀਆਂ-ਛੋਟੀਆਂ ਟਹਿਣੀਆਂ ਜਾਂ ਫੱਟੀਆਂ ਦੇ ਟੁਕੜੇ ਸੁੱਟ ਦਿਉ, ਜਿਨ੍ਹਾਂ ਉੱਪਰ ਬੈਠ ਕੇ ਮੱਖੀਆਂ ਪਾਣੀ ਪੀ ਸਕਣ। ਪਾਣੀ ਦੀ ਜ਼ਰੂਰਤ ਕਾਲੋਨੀਆਂ ਹੇਠ ਰੱਖੇ ਸਟੈਂਡ ਦੇ ਪਾਵਿਆਂ ਹੇਠ ਪਾਣੀ ਦੇ ਠੂਲੇ ਰੱਖ ਕੇ ਵੀ ਪੂਰੀ ਕੀਤੀ ਜਾ ਸਕਦੀ ਹੈ, ਜਿਸ ਦਾ ਇਕ ਹੋਰ ਫਾਇਦਾ ਕਟੁੰਬਾਂ ਨੂੰ ਕੀੜੀਆਂ ਤੋਂ ਬਚਾਉਣਾ ਵੀ ਹੈ। ਕਟੁੰਬਾਂ ਨੂੰ ਹਵਾਦਾਰ ਬਣਾਉਣ ਲੲੀ ਹੇਠਲੇ ਫੱਟੇ ਅਤੇ ਚੈਂਬਰ ਦੇ ਵਿਚਕਾਰ ਜਾਂ ਬਰੂਡ ਚੈਂਬਰ ਦੇ ਸੁਪਰ ਚੈਂਬਰ ਵਿਚਕਾਰ ਪਤਲੇ-ਪਤਲੇ ਡੱਕੇ ਰੱਖ ਕੇ ਝੀਥ ਬਣਾੲੀ ਜਾ ਸਕਦੀ ਹੈ, ਜਿਸ ਵਿਚੋਂ ਹਵਾ ਤਾਂ ਨਿਕਲ ਸਕੇ ਪਰ ਮੱਖੀ ਨਾ ਨਿਕਲ ਸਕੇ। ਇਸ ਮੌਸਮ ਦੌਰਾਨ ਬਰਸੀਮ ਅਤੇ ਸੂਰਜਮੁਖੀ ਫਸਲਾਂ ਦਾ ਪੱਕਿਆ ਸ਼ਹਿਦ ਕਟੁੰਬਾਂ ਵਿਚੋਂ ਕੱਢ ਲੈਣਾ ਚਾਹੀਦਾ ਹੈ। ਰੌਬਿੰਗ (ਮੱਖੀਆਂ ਦੁਆਰਾ ਖੁਰਾਕ ਦੀ ਲੁੱਟ-ਖਸੁੱਟ) ਦੀ ਸਮੱਸਿਆ ਤੋਂ ਬਚਣ ਲੲੀ ਸ਼ਹਿਦ ਕੱਢਣ ਦੌਰਾਨ ਸਾਰੇ ਸੰਬੰਧਿਤ ਲੋੜੀਂਦੇ ਇਹਤਿਆਤ ਵਰਤਣੇ ਚਾਹੀਦੇ ਹਨ। ਬਰੂਡ ਨੂੰ ਬਾਹਰੀ ਪ੍ਰਜੀਵੀ ਮਾੲੀਟ (ਟਰੋਪਲੀਲੈਪਸ ਕਲੈਰੀ) ਦੇ ਹਮਲੇ ਤੋਂ ਬਚਾਉਣ ਲੲੀ ਛੱਤਿਆਂ ਦੇ ਉਪਰਲੇ ਡੰਡਿਆਂ ਉੱਪਰ ਸਲਫਰ ਦਾ ਧੂੜਾ ਇਕ ਗ੍ਰਾਮ ਪ੍ਰਤੀ ਛੱਤੇ ਦੇ ਹਿਸਾਬ ਨਾਲ ਧੂੜੋ। ਢੁਕਵੇਂ ਬਦਲਾਅ ਦੇ ਤੌਰ ’ਤੇ ਫਾਰਮਿਕ ਐਸਿਡ (85 ਫੀਸਦੀ) ਦੀ ਧੂਣੀ 5 ਮਿਲੀਲਿਟਰ ਹਰ ਰੋਜ਼ ਦੇ ਹਿਸਾਬ ਨਾਲ ਲਗਾਤਾਰ ਦੋ ਹਫਤੇ ਵਰਤੋ। ਫਾਰਮਿਕ ਐਸਿਡ ਵਰੋਆ ਚਿਚੜੀ ਦੀ ਰੋਕਥਾਮ ਲੲੀ ਵੀ ਫਾਇਦੇਮੰਦ ਹੈ। ਵਰੋਆ ਚਿਚੜੀ ਦਾ ਜ਼ਿਆਦਾ ਹਮਲਾ ਹੋਣ ਦੀ ਸੂਰਤ ਵਿਚ ਫਾਰਮਿਕ ਐਸਿਡ ਦੀ ਵਰਤੋਂ ਦੇ ਨਾਲ ਸੀਲ ਡਰੋਨ ਬਰੂਡ ਵਾਲੇ ਛੱਤਿਆਂ ਦੇ ਹਿੱਸਿਆਂ ਨੂੰ ਕੱਟ ਕੇ ਨਸ਼ਟ ਕਰਨਾ, ਚਿਚੜੀ ਨੂੰ ਡਰੋਨ ਬਰੂਡ ਵਾਲੇ ਛੱਤਿਆਂ ਤੇ ਟਰੈਪ ਕਰਕੇ ਇਨ੍ਹਾਂ ਨੂੰ ਨਸ਼ਟ ਕਰਨਾ। ਪੀਸੀ ਖੰਡ ਮੱਖੀਆਂ ਉੱਪਰ ਧੂੜਨਾ, ਬੌਟਮ ਬੋਰਡ ਉੱਤੇ ਚਿਪਕਣ ਵਾਲਾ ਕਾਗਜ਼ (ਸਟਿੱਕਰ) ਰੱਖਣਾ ਅਤੇ ਜਾਲੀਦਾਰ ਬੌਟਮ ਬੋਰਡ ਵਰਤਣਾ ਜਿਹੇ ਗ਼ੈਰ-ਰਸਾਇਣਕ ਤਰੀਕੇ ਇਸ ਚਿਚੜੀ ਦੀ ਰੋਕਥਾਮ ਵਾਸਤੇ ਸਹਾੲੀ ਹੁੰਦੇ ਹਨ। ਬਰੂਡ ਬਿਮਾਰੀਆਂ ਬਾਰੇ ਸੁਚੇਤ ਰਹੋ ਅਤੇ ਇਨ੍ਹਾਂ ਦੀ ਸ਼ੱਕ ਹੋਣ ਦੀ ਸੂਰਤ ਵਿਚ ਮਾਹਿਰਾਂ ਦੀ ਸਲਾਹ ਲਓ ਅਤੇ ਸੁਝਾੲੇ ਲੋੜੀਂਦੇ ਰੋਕਥਾਮ ਉਪਰਾਲੇ ਕਰੋ, ਗ਼ੈਰ-ਰਸਾਇਣਕ ਤਰੀਕਿਆਂ ਨੂੰ ਤਰਜੀਹ ਦਿਉ। ਐਂਟੀਬਾਇਟਿਕ ਦਵਾੲੀਆਂ ਦੀ ਵਰਤੋਂ ਤੋਂ ਪ੍ਰਹੇਜ਼ ਕਰੋ ਅਤੇ ਇਨ੍ਹਾਂ ਦੀ ਵਰਤੋਂ ਸਿਰਫ ਮਾਹਿਰਾਂ ਦੀ ਸਲਾਹ ’ਤੇ ਹੀ ਕਰੋ। ਕਟੁੰਬਾਂ ਵਿਚ ਢੁਕਵੀਂ ਵਿੱਥ ਰੱਖ ਕੇ ਅਤੇ ਸ਼ਹਿਦ ਸਿਰਫ ਸੁਪਰਾਂ ਵਿਚੋਂ ਕੱਢ ਕੇ ਜੋ ਕਿ ਰਾਣੀ ਨਿਖੇੜੂ ਜਾਲੀ ਦੁਆਰਾ ਬਰੂਡ ਚੈਂਬਰ ਨਾਲੋਂ ਅੱਡ ਕੀਤੇ ਹੋਣ, ਮੱਖੀ ਫਾਰਮ ਵਿਚ ਚਿਚੜੀ ਅਤੇ ਬਰੂਡ ਬਿਮਾਰੀਆਂ ਦੇ ਫੈਲਾਅ ਨੂੰ ਠੱਲ੍ਹ ਪਾਇਆ ਜਾ ਸਕਦਾ ਹੈ।
ਵਣ ਖੇਤੀ : ਪੌਪਲਰ-ਪੌਪਲਰ ਦੀ ਤਿੰਨ ਸਾਲ ਤੋਂ ਘੱਟ ਉਮਰ ਦੀ ਪਲਾਂਟੇਸ਼ਨ ਵਿਚ ਹਲਦੀ ਦੀ ਬਿਜਾੲੀ ਕੀਤੀ ਜਾ ਸਕਦੀ ਹੈ। ਤਿੰਨ ਸਾਲ ਤੋਂ ਵੱਧ ਪੌਪਲਰ ਪਲਾਂਟੇਸ਼ਨ ਵਿਚ ਸਾਉਣੀ ਦੌਰਾਨ ਚਾਰਾ ਜਿਵੇਂ ਕਿ ਮੱਕੀ, ਬਾਜਰਾ, ਚਰ੍ਹੀ, ਗਿੰਨੀ ਘਾਹ ਵਗੈਰਾ ਉਗਾੲੇ ਜਾ ਸਕਦੇ ਹਨ। ਪੌਪਲਰ ਦੇ ਪੱਤੇ ਝਾੜਨ ਵਾਲੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਣ ਕਾਰਨ ਪਲਾਂਟੇਸ਼ਨਾਂ ਵਿਚ ਜਿਨ੍ਹਾਂ ਪੱਤਿਆਂ ਉੱਤੇ ਇਨ੍ਹਾਂ ਦੀਆਂ ਸੁੰਡੀਆਂ ਜਾਂ ਅੰਡੇ ਹੋਣ, ਉਨ੍ਹਾਂ ਨੂੰ ਤੋੜ ਕੇ ਇਕੱਠੇ ਕਰਕੇ ਨਸ਼ਟ ਕਰ ਦਿਉ। ਜੇ ਸੁੰਡੀ ਦਾ ਹਮਲਾ ਬਹੁਤ ਜ਼ਿਆਦਾ ਹੋਵੇ ਤਾਂ ਮੋਨੋਕਰੋਟੋਫਾਸ 36 ਐਸ. ਐਲ. 600 ਮਿਲੀਲਿਟਰ ਪ੍ਰਤੀ ੲੇਕੜ (ਮੋਨੋਸਿਲ, ਨੂਵਾਕਰਾਨ, ਮੋਨੋਲਿਕ) 200 ਤੋਂ 250 ਲਿਟਰ ਪਾਣੀ ਵਿਚ ਘੋਲ ਕੇ ਰੋਕਿੰਗ ਪੰਪ ਨਾਲ ਛਿੜਕਾਅ ਕਰੋ ਜਾਂ ਇਸ ਦਾ ਸਪਰੇਅ ਲੰਬੀ ਬਾਂਹ ਵਾਲੇ ਟਰੈਕਟਰ ਉੱਤੇ ਫਿੱਟ ਸਪਰੇਅ ਪੰਪ ਨਾਲ ਵੀ ਕੀਤਾ ਜਾ ਸਕਦਾ ਹੈ।
ਖੁੰਬਾਂ ਦੀ ਕਾਸ਼ਤ-ਸਰਦ ਰੁੱਤ ਖੁੰਬਾਂ ਲੲੀ ਤਾਜ਼ੀ ਤੂੜੀ ਪ੍ਰਾਪਤ ਕਰਕੇ ਕਮਰੇ ਵਿਚ ਰੱਖੋ। ਗਰਮ ਰੁੱਤ ਖੁੰਬ (ਪਰਾਲੀ ਵਾਲੀ ਖੁੰਬ) ਦੀ ਕਾਸ਼ਤ ਸ਼ੁਰੂ ਕਰੋ। ਇਸ ਲੲੀ ਪਰਾਲੀ ਦੇ ਪੂਲੇ (1 ਤੋਂ ਡੇਢ ਕਿਲੋ ਦੀ ਵਰਤੋਂ ਕਰੋ) ਗਿੱਲੇ ਕਰੋ ਅਤੇ ਪਰਾਲੀ ਦਾ ਬੈਡ ਅਪ੍ਰੈਲ ਦੇ ਅਖੀਰਲੇ ਹਫਤੇ ਵਿਚ ਲਗਾਓ। ਰੋਜ਼ਾਨਾ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਫਸਲ ਦੀ ਤੁੜਾੲੀ ਇਕ ਮਹੀਨੇ ਤੱਕ ਕਰੋ।
ਸੰਗ੍ਰਹਿ ਕਰਤਾ : ਐਚ. ਐਸ. ਰਵਾਲ, ਕੁਲਦੀਪ ਸਿੰਘ ਸੰਧੂ, ਬੀ. ਐਸ. ਚਾਹਲ, ਸੁਰਜੀਤ ਸਿੰਘ, ਜੇ. ਐਸ. ਕੁਲਾਰ, ਟੀ. ਐਸ. ਢਿੱਲੋਂ, ਪੀ. ਕੇ. ਖੰਨਾ, ਪੀ. ਕੇ. ਛੁਨੇਜਾ, ਅਵਤਾਰ ਸਿੰਘ, ਪਰਮਿੰਦਰ ਸਿੰਘ।

(ਧੰਨਵਾਦ ਸਹਿਤ ਅਜੀਤ ਜਲੰਧਰ)

No comments: