Monday, May 28, 2007

ਸਹੀ ਤਕਨੀਕ ਅਪਣਾਓ : ਝੋਨੇ ’ਚ ਪਾਣੀ ਦੀ ਖਪਤ ਘਟਾਓ

ਇਕ ਕਿਲੋ ਝੋਨਾ ਪੈਦਾ ਕਰਨ ਲਈ ਕਰੀਬ 4000 ਲਿਟਰ ਪਾਣੀ ਲੱਗ ਜਾਂਦਾ ਹੈ। ਪਾਣੀ ਦੀ ੲੇਨੀ ਜ਼ਿਆਦਾ ਖਪਤ ਪੰਜਾਬ ਦੇ ਪਾਣੀਆਂ ਨੂੰ ਬਹੁਤ ਢਾਅ ਲਾ ਰਹੀ ਹੈ ਤੇ ਇਹ ਮਸਲਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਈ ਭਰੋਸੇਮੰਦ ਤਕਨੀਕਾਂ ਵਿਕਸਿਤ ਕੀਤੀਆਂ ਹਨ, ਜਿਨ੍ਹਾਂ ਨੂੰ ਅਪਣਾਉਣ ਨਾਲ ਝੋਨੇ ਵਿਚ ਪਾਣੀ ਦੀ ਖਪਤ ਘਟਾਈ ਜਾ ਸਕਦੀ ਹੈ ਅਤੇ ਝਾੜ ਵੀ ਪੂਰਾ ਲਿਆ ਜਾ ਸਕਦਾ ਹੈ। ਇਨ੍ਹਾਂ ਤਕਨੀਕਾਂ ਦੀ ਜਾਣਕਾਰੀ ਇਸ ਤਰ੍ਹਾਂ ਹੈ :
ਸਮਤਲ ਖੇਤ-ਚੰਗੀ ਤਰ੍ਹਾਂ ਪੱਧਰੇ ਨਾ ਕੀਤੇ ਖੇਤਾਂ ਵਿਚ ਉੱਚੀਆਂ-ਨੀਵੀਆਂ ਥਾਵਾਂ ਤਾਂ ਰਹਿ ਹੀ ਜਾਂਦੀਆਂ ਹਨ, ਜਿਨ੍ਹਾਂ ਕਰਕੇ ਖੇਤਾਂ ਨੂੰ ਭਰਨ ਲਈ ਵੱਧ ਪਾਣੀ ਲਾਉਣਾ ਪੈਂਦਾ ਹੈ। ਅੱਜਕਲ੍ਹ ਲੇਜ਼ਰ ਲੈਵਲਰ (ਲੇਜ਼ਰ ਕਰਾਹਾ) ਆ ਗਿਆ ਹੈ ਜੋ ਖੇਤ ਨੂੰ ਇਕਦਮ ਸਮਤਲ ਕਰ ਦਿੰਦਾ ਹੈ। ਸਮਤਲ ਖੇਤਾਂ ਵਿਚ ਪਾਣੀ ਇਕਸਾਰ ਲੱਗਣ ਦੇ ਨਾਲ-ਨਾਲ ਥੋੜ੍ਹਾ ਵੀ ਲਗਦਾ ਹੈ ਅਤੇ ਖਾਦਾਂ ਦੇ ਨਦੀਨ ਮਾਰਨ ਵਾਲੀਆਂ ਜ਼ਹਿਰਾਂ ਦਾ ਅਸਰ ਵੀ ਪੂਰਾ ਹੁੰਦਾ ਹੈ। ਇਕ ਵਾਰ ਲੇਜ਼ਰ ਲੈਵਲਰ ਨਾਲ ਖੇਤ ਸਮਤਲ ਕਰਵਾ ਕੇ ਛੇ ਫਸਲਾਂ ਲਈਆਂ ਜਾ ਸਕਦੀਆਂ ਹਨ ਤੇ ਉਸ ਤੋਂ ਬਾਅਦ ਫਿਰ ਖੇਤ ਸਮਤਲ ਕਰਵਾ ਲੈਣੇ ਚਾਹੀਦੇ ਹਨ। ਲੇਜ਼ਰ ਲੈਵਲਰ ਕਰਵਾਉਣ ਦਾ ਖਰਚਾ ਕੋਈ 800 ਰੁਪੲੇ ਫੀ ੲੇਕੜ ਆਉਂਦਾ ਹੈ।
ਝੋਨੇ ਦੀ ਪਿਛੇਤੀ ਲੁਆਈ-ਕਿਸਾਨ ਵੀਰ ਯੂ. ਪੀ., ਬਿਹਾਰ ਤੋਂ ਕਣਕ ਦੀ ਕਟਾਈ ਲਈ ਆਈ ਲੇਬਰ ਤੋਂ ਦੋਹਰਾ ਲਾਹਾ ਲੈਣ ਲਈ ਝੋਨੇ ਦੀ ਲੁਆਈ ਮਈ ਵਿਚ ਹੀ ਸ਼ੁਰੂ ਕਰ ਦਿੰਦੇ ਹਨ। ਇਹ ਗੁਨਾਹ ਵਰਗਾ ਕੰਮ ਹੈ। 15 ਮਈ ਨੂੰ ਲਾੲੇ ਝੋਨੇ ਨੂੰ 7-7 ਸੈਂਟੀਮੀਟਰ ਦੇ 41 ਪਾਣੀ ਲੱਗ ਜਾਂਦੇ ਹਨ ਪਰ 15 ਜੂਨ ਨੂੰ ਲਾਇਆ ਝੋਨਾ 30 ਪਾਣੀਆਂ ਨਾਲ ਹੀ ਪਲ ਜਾਂਦਾ ਹੈ ਤੇ ਫਸਲ ਦੇ ਝਾੜ ’ਤੇ ਵੀ ਕੋਈ ਮੰਦਾ ਅਸਰ ਨਹੀਂ ਪੈਂਦਾ। ਲੁਆਈ 15 ਜੂਨ ਤੋਂ ਹੀ ਕਰੋ।
ਝੋਨੇ ’ਚ ਲਗਾਤਾਰ ਪਾਣੀ ਨਾ ਖੜ੍ਹਾਉਣਾ-ਤਜਰਬਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਝੋਨੇ ਵਿਚ ਲਗਾਤਾਰ ਪਾਣੀ ਖੜ੍ਹਾ ਰੱਖਣਾ ਸਿਰਫ ਪਹਿਲੇ 15 ਦਿਨ ਹੀ ਜ਼ਰੂਰੀ ਹੁੰਦਾ ਹੈ ਤੇ ਇਸ ਤੋਂ ਬਾਅਦ ਪਾਣੀ ਜ਼ੀਰਨ ਤੋਂ ਦੋ-ਦੋ ਦਿਨ ਦੇ ਵਕਫੇ ’ਤੇ ਦੇਣਾ ਚਾਹੀਦਾ ਹੈ ਅਤੇ ਪਾਣੀ ਫਸਲ ਪੱਕਣ ਤੋਂ 15 ਦਿਨ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਝੋਨਾ ਸਿਰਫ 25 ਪਾਣੀਆਂ ਨਾਲ ਹੀ ਪਲ ਜਾਂਦਾ ਹੈ ਤੇ ਫਸਲ ਦੇ ਝਾੜ ’ਤੇ ਵੀ ਕੋਈ ਫਰਕ ਨਹੀਂ ਪੈਂਦਾ।
ਭਾਰੀਆਂ ਜ਼ਮੀਨਾਂ ਵਿਚ ਟੈਂਸ਼ੀਓਮੀਟਰ ਦੀ ਮਦਦ ਨਾਲ ਦੋ ਦਿਨ ਦਾ ਵਕਫਾ ਥੋੜ੍ਹਾ ਹੋਰ ਵਧਾਇਆ ਜਾ ਸਕਦਾ ਹੈ।
ਰੇਤਲੀਆਂ ਜ਼ਮੀਨਾਂ ’ਚ ਝੋਨਾ ਨਾ ਲਾਓ-ਰੇਤਲੀਆਂ ਜ਼ਮੀਨਾਂ ਵਿਚ ਪਾਣੀ ਬੜੀ ਤੇਜ਼ੀ ਨਾਲ ਜ਼ੀਰਦਾ ਹੈ ਤੇ ਝੋਨੇ ਨੂੰ ਬਹੁਤ ਪਾਣੀ ਲਗਦੇ ਹਨ। ਇਸ ਤੋਂ ਬਿਨਾਂ ਯੂਰੀਆ ਪੌਦੇ ਦੀਆਂ ਜੜ੍ਹਾਂ ਤੋਂ ਕਿਤੇ ਥੱਲੇ ਚਲਾ ਜਾਂਦਾ ਹੈ ਤੇ ਝੋਨੇ ਨੂੰ ਲੋਹੇ ਦੀ ਘਾਟ ਵੀ ਆ ਜਾਂਦੀ ਹੈ ਅਤੇ ਝਾੜ ਵੀ ਬਹੁਤ ਘੱਟ ਨਿਕਲਦਾ ਹੈ। ਝੋਨੇ ਤੋਂ ਬਾਅਦ ਲਾਈ ਕਣਕ ਨੂੰ ਮੈਂਗਨੀਜ਼ ਦੀ ਘਾਟ ਆ ਜਾਂਦੀ ਹੈ। ਬਹੁਤ ਹੀ ਚੰਗਾ ਹੋਵੇਗਾ ਜੇਕਰ ਝੋਨੇ ਦੀ ਥਾਂ ਕੋਈ ਹੋਰ ਲਾਹੇਵੰਦ ਫਸਲ ਲੈ ਲਈ ਜਾਵੇ।
ਕੁਝ ਅਹਿਮ ਨੁਕਤੇ-ਅੱਜਕਲ੍ਹ ਕਿਸਾਨ ਵੀਰ ਝੋਨੇ ਦੇ ਖੇਤ ਵਿਚ ਵੱਟਾਂ ਨਹੀਂ ਪਾਉਂਦੇ। ਇਸ ਤਰ੍ਹਾਂ ਕਰਨ ਨਾਲ ਪਾਣੀ ਲਾਉਣ ਵਿਚ ਸੌਖ ਰਹਿੰਦੀ ਹੈ ਤੇ ਕੰਬਾਈਨ ਵੀ ਬੜੇ ਆਰਾਮ ਨਾਲ ਚਲਦੀ ਹੈ ਪਰ ਪਾਣੀ ਵਿਚ ਸਰਫਾ ਕਰਨ ਲਈ ਚਾਰ-ਚਾਰ ਕਨਾਲ ਦੇ ਕਿਆਰੇ ਤਾਂ ਜ਼ਰੂਰ ਪਾ ਹੀ ਲੈਣੇ ਚਾਹੀਦੇ ਹਨ। ਬਾਰਿਸ਼ ਦਾ ਵੀ ਵੱਧ ਤੋਂ ਵੱਧ ਪਾਣੀ ਖੇਤ ਵਿਚ ਹੀ ਜ਼ੀਰਨਾ ਚਾਹੀਦਾ ਹੈ। ਕਲਰਾਠੀਆਂ ਜ਼ਮੀਨਾਂ ਲਈ ਤਾਂ ਇਹ ਬਹੁਤ ਹੀ ਜ਼ਰੂਰੀ ਹੈ ਜਾਂ ਜਿਥੇ ਟਿਊਬਵੈੱਲ ਦਾ ਪਾਣੀ ਲੂਣਾ/ਖਾਰਾ ਹੈ। ਇਸ ਤੋਂ ਇਲਾਵਾ ਖਾਲਾਂ ਚੰਗੀ ਤਰ੍ਹਾਂ ਘੜ ਕੇ ਰੱਖਣੀਆਂ ਚਾਹੀਦੀਆਂ ਹਨ। ਚੂਹਿਆਂ ਦੀਆਂ ਖੁੱਡਾਂ ਵੀ ਬੰਦ ਹੋਣੀਆਂ ਚਾਹੀਦੀਆਂ ਹਨ। ਖਾਲਾਂ ਪੱਕੀਆਂ ਕਰਕੇ ਜਾਂ ਜ਼ਮੀਨਦੋਜ਼ ਪਾਈਪਾਂ ਰਾਹੀਂ ਪਾਣੀ ਦੇਣ ਨਾਲ ਟਿਊਬਵੈੱਲ ਤੋਂ ਖੇਤ ਤੱਕ ਹੋਣ ਵਾਲੇ ਪਾਣੀ ਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ।

-ਕੁਲਦੀਪ ਸਿੰਘ ਸੰਧੂ, ਵਿਰਾਜ ਬੇਰੀ ਤੇ ਵਿਜੈ ਕੁਮਾਰ ਅਰੋੜਾ,
ਭੂਮੀ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।
(ਰੋਜ਼ਾਨਾ ਅਜੀਤ ਜਲੰਧਰ)

No comments: