• ਮੱਖੀਆਂ ਦੇ ਮੋਮੀ ਕੀੜੇ ਦੀ ਰੋਕਥਾਮ ਕਿਵੇਂ ਕੀਤੀ ਜਾਵੇ?
-ਮੋਮੀ ਕੀੜੇ ਦੀ ਰੋਕਥਾਮ ਲਈ ਕਟੁੰਬਾਂ ਨੂੰ ਤਕੜੇ/ਸੁਪਰਾਂ ’ਤੇ ਰੱਖੋ।
* ਖਾਲੀ ਫਰੇਮਾਂ ਨੂੰ ਦੁਪਹਿਰ ਵੇਲੇ ਧੁੱਪ ਲਗਵਾਓ ਅਤੇ ਇਨ੍ਹਾਂ ਨੂੰ ਖਾਲੀ ਸੁਪਰਾਂ ਵਿਚ ਸੰਭਾਲ ਕੇ ਰੱਖੋ ਅਤੇ ਸੈਲਫਾਸ ਦੀ ਧੂਣੀ ਦਿਉ। ਕਟੁੰਬਾਂ ਵਿਚ ਵਾਧੂ ਫਰੇਮ ਨਾ ਰੱਖੋ। ਬਕਸਿਆਂ ਦੇ ਬਾਟਮ ਬੋਰਡ ਉੱਪਰ ਡਿੱਗੀ ਰਹਿੰਦ-ਖੂੰਹਦ (ਜਿਸ ਵਿਚ ਮੋਮੀ ਕੀੜੇ ਦੀਆਂ ਸੁੰਡੀਆਂ ਪਲਦੀਆਂ ਹਨ) ਸਾਫ ਕਰਕੇ ਇਸ ਰਹਿੰਦ-ਖੂੰਹਦ ਨੂੰ ਸਾੜ ਦਿਉ।
* ਚਲਦੇ ਕਟੁੰਬਾਂ ਦੇ ਨਜ਼ਦੀਕ ਮੋਮੀ ਕੀੜੇ ਗ੍ਰਸਤ ਬਕਸੇ\ਫਰੇਮਾਂ ਨਾ ਰੱਖੋ। ਅਜਿਹੀਆਂ ਮੋਮੀ ਕੀੜੇ ਗ੍ਰਸਤ ਫਰੇਮਾਂ\ਬਕਸਿਆਂ ਵਿਚ ਧੂਣੀ ਦੇ ਕੇ ਰੱਖੋ। ਜ਼ਿਆਦਾ ਹਮਲਾ ਹੋਵੇ ਤਾਂ ਨਵੇਂ ਬਕਸੇ ਵਿਚ ਸਾਫ ਫਰੇਮਾਂ ਜਾਂ ਮੋਮੀ ਸ਼ੀਟਾਂ ਵਾਲੇ ਫਰਮੇ ਪਾ ਕੇ ਸਾਰੀਆਂ ਮੱਖੀਆਂ ਉਸ ਵਿਚ ਝਾੜ ਦਿਉ। ਖੰਡ ਦੇ ਘੋਲ ਦੀ ਖੁਰਾਕ ਦਿਉ। ਪਿੱਛੇ ਬਚੇ ਮੋਮੀ ਕੀੜੇ ਗ੍ਰਸਤ ਫਰੇਮ ਅਤੇ ਬਕਸਿਆਂ ਨੂੰ ਸੈਲਫਾਸ ਦੀ ਧੂਣੀ ਦਿਉ।
• ਰਾਣੀ ਮੱਖੀਆਂ ਬਣਾਉਣ ਦਾ ਢੁਕਵਾਂ ਸਮਾਂ ਕਿਹੜਾ ਹੁੰਦਾ ਹੈ?
-ਰਾਣੀ ਮੱਖੀਆਂ ਉਦੋਂ ਬਣਾਉਣ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਜਦੋਂ ਸ਼ਹਿਦ ਦੀਆਂ ਮੱਖੀਆਂ ਲਈ ਫੁੱਲ-ਫੁਲਾਕਾ ਬਹੁਤਾਤ ਵਿਚ ਹੋਵੇ ਅਤੇ ਕਟੁੰਬਾਂ ਵਿਚ ਜਵਾਨ ਡਰੋਨ ਮੱਖੀਆਂ ਵੀ ਹੋਣ। ਇਸ ਦੇ ਨਾਲ ਰਾਣੀ ਮੱਖੀ ਦੀ ਸੰਭੋਗ (ਮੀਟਿੰਗ) ਉਡਾਰੀ ਲਈ ਢੁਕਵਾਂ ਮੌਸਮ ਵੀ ਹੋਣਾ ਬਹੁਤ ਜ਼ਰੂਰੀ ਹੈ। ਇਹ ਸਮਾਂ ਬਸੰਤ ਰੁੱਤ (ਫਰਵਰੀ-ਅਪ੍ਰੈਲ) ਅਤੇ ਪੱਤਝੜ ਰੁੱਤ (ਅਕਤੂਬਰ-ਨਵੰਬਰ) ਦਾ ਹੁੰਦਾ ਹੈ।
• ਨਿਖੱਟੂ ਜ਼ਿਆਦਾ ਪੈਦਾ ਹੋ ਜਾਂਦੇ ਹਨ। ਉਨ੍ਹਾਂ ਦੀ ਰੋਕਥਾਮ ਕਿਵੇਂ ਕੀਤੀ ਜਾਵੇ?
-ਨਿਖੱਟੂ ਬਰੂਡ ਦੀ ਰੋਕਥਾਮ ਹੇਠ ਲਿਖੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ :
*ਨਿਖੱਟੂ ਬਰੂਡ ਦੀ ਰੋਕਥਾਮ ਲਈ ਖਾਲੀ ਫਰੇਮਾਂ ਨੂੰ ਮੋਮ ਦੀਆਂ ਸ਼ੀਟਾਂ ਲਾ ਕੇ ਦਿਉ। ਖਾਲੀ ਫਰੇਮਾਂ ਨੂੰ ਸ਼ੀਟਾਂ ਨਾ ਲਾਉਣ ਕਰਕੇ ਮੱਖੀਆਂ ਡਰੋਨ ਸੈੱਲ ਹੀ ਬਣਾਉਣਗੀਆਂ। ਜੇਕਰ ਰਾਣੀ ਮੱਖੀਆਂ ਤਿਆਰ ਨਹੀਂ ਕੀਤੀਆਂ ਜਾਂ ਮੇਟ ਹੋ ਚੁੱਕੀਆਂ ਹੋਣ ਤਾਂ ਹਾਈਵ ਟੂਲ ਨਾਲ ਖੁਰਚ ਕੇ ਡਰੋਨ ਬਰੂਡ ਨਸ਼ਟ ਕਰ ਦਿਉ ਅਤੇ ਇਨ੍ਹਾਂ ਫਰੇਮਾਂ ਨੂੰ ਸ਼ਹਿਦ ਇਕੱਠਾ ਕਰਨ ਲਈ ਉਪਰਲੇ ਪਾਸੇ ਸ਼ਹਿਦ ਵਾਲੇ ਚੈਂਬਰਾਂ ਵਿਚ ਰੱਖ ਦਿਉ।
* ਬਕਸੇ ਦੇ ਗੇਟ ’ਤੇ ਰਾਣੀ ਗੇਟ ਲਾ ਕੇ ਰਾਣੀ ਮੱਖੀ ਬਕਸੇ ਵਿਚ ਛੱਡ ਕੇ ਬਾਕੀ ਰਾਣੀ ਤੋਂ ਬਿਨਾਂ ਸਾਰੀਆਂ ਮੱਖੀਆਂ ਬਕਸੇ ਅੱਗੇ ਝਾੜ ਦਿਉ। ਚਲਦੇ ਕਟੁੰਬਾਂ ਵਿਚੋਂ ਮੋਮੀ ਕੀੜੇ ਦੀਆਂ ਸੁੰਡੀਆਂ ਨੂੰ ਕਿਸੇ ਸੁੱਕੇ ਤੀਲ੍ਹੇ ਜਾਂ ਕਿੱਲ ਆਦਿ ਨਾਲ ਖੁਰਚ ਕੇ ਮਾਰਨ ਦੀ ਕੋਸ਼ਿਸ਼ ਕਰੋ।
ਸੰਗ੍ਰਹਿ ਕਰਤਾ : ਗੁਰਜੰਟ ਸਿੰਘ ਗਟੋਰੀਆ, ਅਮਰਜੀਤ ਸਿੰਘ ਅਤੇ ਜਸਵਿੰਦਰ ਭੱਲਾ
Subscribe to:
Post Comments (Atom)
No comments:
Post a Comment