ਕਿਸਾਨ ਭਰਾਵੋ, ਆਓ ਤੁਹਾਨੂੰ ਦੱਸੀੲੇ ਕਿ ਤੁਹਾਡੀ (ਕਾਟਨ ਬੈਲਟ) ਕਪਾਹ ਪੱਟੀ ਦੇ ਕਿਸਾਨਾਂ ਦੇ ਫੇਲ੍ਹ ਹੋਣ ਦਾ ਕੀ ਕਾਰਨ ਹੈ? ਤੁਹਾਡੇ ਵੱਲੋਂ ਕਪਾਹ ’ਤੇ ਜੋ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ, ਉਸ ਵਿਚ ਬੜੀ ਵੱਡੀ ਗੜਬੜ ਹੋ ਰਹੀ ਹੈ। ਮੈਨੂੰ ਇਕ ਕਿਸਾਨ ਤੋਂ ਹੀ ਇਸ ਗੱਲ ਦਾ ਪਤਾ ਲੱਗਿਆ ਕਿ ਕਪਾਹ ਜਾਂ ਨਰਮੇ ’ਤੇ 12 ਤੋਂ 15 ਤੱਕ ਛਿੜਕਾਅ ਹੋ ਜਾਂਦੇ ਹਨ। ਫਿਰ ਤਾਂ ਤੁਸੀਂ ਕਰਜ਼ਾਈ ਹੋਣਾ ਹੀ ਹੋਇਆ। ਆਓ ਤੁਹਾਨੂੰ ਦੱਸੀੲੇ ਕਿ ਛਿੜਕਾਅ ਲਈ ਕਿਹੜੇ ਸਪ੍ਰੇਅ ਪੰਪ ਇਸਤੇਮਾਲ ਕਰਨੇ ਅਤੇ ਨੋਜ਼ਲ ਕਿਹੜੀ ਇਸਤੇਮਾਲ ਕਰਨੀ ਹੈ।
ਸਪਰੇਅ ਪੰਪ-• ਸਪਰੇਅ ਪੰਪ ਹਮੇਸ਼ਾ ਐਲ ਟਾਈਪ ਹੈਂਡਲ ਵਾਲਾ ਹੀ ਵਰਤੋ, ਕਿਉਂਕਿ ਇਸ ਵਿਚ ਪਲਾਸਟਿਕ ਦੇ ਬੁਸ਼ ਲੱਗੇ ਹੁੰਦੇ ਹਨ, ਜੋ ਸਪਰੇਅ ਪੰਪ ਨੂੰ ਹਲਕਾ ਚੱਲਣ ਵਿਚ ਸਹਾਈ ਹੁੰਦੇ ਹਨ ਅਤੇ ਸਪਰੇਅ ਕਰਨ ਵਾਲੇ ਦੀ ਬਾਂਹ ਥਕਾਵਟ ਮਹਿਸੂਸ ਨਹੀਂ ਕਰਦੀ।
• ਜਿਸ ਸਪਰੇਅ ਪੰਪ ਦਾ ਹੈਂਡਲ ਕਿੱਲੀ ਵਾਲਾ ਹੋਵੇ (ਜੋ ਸਕਰਟ ਦੇ ਬਾਹਰ ਲੱਗੀ ਹੁੰਦੀ ਹੈ) ਤਾਂ ਵੀ ਇਹ ਦੇਖ ਕੇ ਪੰਪ ਖਰੀਦੋ ਕਿ ਉਸ ਵਿਚ ਪਲਾਸਟਿਕ ਦੇ ਬੁਸ਼ ਲੱਗੇ ਹਨ ਜਾਂ ਨਹੀਂ? ਕਿੱਲੀ ਵਾਲੇ ਹੈਂਡਲ ਵਿਚ ਦੋ ਬੁਸ਼ ਹੋਣੇ ਚਾਹੀਦੇ ਹਨ ਜਦਕਿ ਐਲ ਟਾਈਪ ਹੈਂਡਲ ਵਿਚ ਤਿੰਨ ਬੁਸ਼ ਹੁੰਦੇ ਹਨ। ਅਗਰ ਪਲਾਸਟਿਕ ਦੇ ਬੁਸ਼ ਨਹੀਂ ਲੱਗੇ ਤਾਂ ਪੰਪ ਨਾ ਖਰੀਦੋ, ਇਹੀ ਪੰਪ ਸਭ ਤੋਂ ਜ਼ਿਆਦਾ ਕਿਸਾਨ ਦਾ ਨੁਕਸਾਨ ਕਰਦੇ ਹਨ। ਹਲਕੀ ਕੁਆਲਿਟੀ ਦਾ ਪੰਪ ਕਦੇ ਨਾ ਖਰੀਦੋ।
• ਕਿਸੇ ਵੀ ਹਾਲਤ ਵਿਚ ਸਪਰੇਅ ਪੰਪ ਬਿਨਾਂ ਬਿੱਲ ਤੋਂ ਨਾ ਖਰੀਦੋ, ਕਿਉਂਕਿ ਬਿਨਾਂ ਬਿੱਲ ਤੋਂ ਪੰਪ ਦੀ ਕੋਈ ਗਾਰੰਟੀ ਨਹੀਂ ਰਹਿੰਦੀ ਅਤੇ ਬਿਨਾਂ ਬਿੱਲ ਤੋਂ ਵਿਕਣ ਵਾਲੇ ਸਪਰੇਅ ਪੰਪ ਘਟੀਆ ਕੁਆਲਿਟੀ ਦੇ ਹੁੰਦੇ ਹਨ। ਧਿਆਨ ਰੱਖੋ ਕਿ ਬਿੱਲ ’ਤੇ ਕੋਈ ਵਾਧੂ ਟੈਕਸ ਨਹੀਂ ਦੇਣਾ ਪੈਂਦਾ, ਕਿਉਂਕਿ ਸਪਰੇਅ ਪੰਪਾਂ ਨੂੰ ਟੈਕਸ ਦੀ ਛੋਟ ਹੈ।
• ਹਮੇਸ਼ਾ ਇਕ ੲੇਕੜ ’ਤੇ 100 ਲਿਟਰ ਪਾਣੀ ਵਿਚ ਦਵਾਈ ਮਿਲਾ ਕੇ ਇਕ ੲੇਕੜ ’ਤੇ ਛਿੜਕੋ।
ਨੋਜ਼ਲ ਬਾਰੇ-ਕਿਸੇ ਵੀ ਹਾਲਤ ਵਿਚ ਐਨ. ਟੀ. ਐਮ. (ਜਿਸ ਨੂੰ ਆਮ ਤੌਰ ’ਤੇ 8-10 ਸੁਰਾਖੀ ਨੋਜ਼ਲ ਕਹਿੰਦੇ ਹਨ) ਨੋਜ਼ਲ ਫਸਲ ’ਤੇ ਨਾ ਵਰਤੋ, ਕਿਉਂਕਿ ਇਹ ਨੋਜ਼ਲ ਸਿਰਫ ਉੱਚੇ ਫਲਦਾਰ ਬੂਟਿਆਂ ਦੇ ਛਿੜਕਾਅ ਲਈ ਹੁੰਦੀ ਹੈ। ਕਿਉਂਕਿ ਇਹ ਨੋਜ਼ਲ ਦਾ ਫੁਆਰਾ ਘੱਟ ਕਰਕੇ ਇਸ ਦੀ ਲੰਬਾਈ ਵਧਾਈ ਜਾਂਦੀ ਹੈ ਤਾਂ ਜੋ ਫਲਦਾਰ ਪੌਦੇ ਦੇ ਉੱਪਰ ਦੂਰ ਤੱਕ ਛਿੜਕਾਅ ਕਰ ਸਕੇ। ਫਸਲਾਂ ਉੱਪਰ ਇਹ ਨੋਜ਼ਲ ਕਿਸਾਨ ਦੀ ਦੁਸ਼ਮਣ ਹੋ ਨਿੱਬੜਦੀ ਹੈ। ਹਲਕੇ ਸਪਰੇਅ ਪੰਪਾਂ ਅਤੇ ਬਿਨਾਂ ਪਲਾਸਟਿਕ ਬੁਸ਼ਾਂ ਤੋਂ ਵਰਤੇ ਜਾਂਦੇ ਸਪਰੇਅ ਪੰਪਾਂ ਰਾਹੀਂ ਇਸ ਨੋਜ਼ਲ ਨੂੰ ਵਰਤਣਾ ਬੜਾ ਖਤਰਨਾਕ ਹੈ, ਕਿਉਂਕਿ ਬਿਨਾਂ ਬੁਸ਼ ਤੋਂ ਸਪਰੇਅ ਪੰਪ ਪ੍ਰੈਸ਼ਰ ਬਣ ਜਾਣ ’ਤੇ ਭਾਰੇ ਚੱਲਣ ਲਗਦੇ ਹਨ ਅਤੇ ਸਪਰੇਅ ਕਰਨ ਵਾਲੇ ਦੀ ਬਾਂਹ ਥੱਕ ਜਾਂਦੀ ਹੈ ਅਤੇ ਸਪਰੇਅ ਕਰਨ ਵਾਲੇ ਇਸ ਨੋਜ਼ਲ ਨੂੰ ਖੋਲ੍ਹ ਕੇ ਢਿੱਲੀ ਕਰ ਦਿੰਦੇ ਹਨ, ਜਿਸ ਨਾਲ ਦੁਆਈ ਸਿਰਫ 25 ਫੀਸਦੀ ਬੂਟਿਆਂ ’ਤੇ ਪੈਂਦੀ ਹੈ, ਬਾਕੀ ਸਾਰੀ ਧਰਤੀ ਉੱਪਰ ਡਿਗਦੀ ਹੈ ਅਤੇ ਦਵਾਈ ਪੂਰਾ ਅਸਰ ਨਹੀਂ ਕਰਦੀ। ਇਸ ਲਈ ਵਾਰ-ਵਾਰ ਸਪਰੇਅ ਕਰਨੀ ਪੈਂਦੀ ਹੈ ਜੋ ਕਿ ਕਿਸਾਨ ਦੀ ਆਰਥਿਕਤਾ ਲਈ ਬਹੁਤ ਖ਼ਤਰਨਾਕ ਸਾਬਤ ਹੋ ਰਹੀ ਹੈ। ਹਮੇਸ਼ਾ ਫਸਲ ’ਤੇ ਛਿੜਕਾਅ ਲਈ ਫਿਕਸ ਨੋਜ਼ਲਾਂ ਵਰਤੋ ਜੋ ਖੁੱਲ੍ਹ ਨਾ ਸਕਦੀਆਂ ਹੋਣ। ਹਮੇਸ਼ਾ ਮਿਸਟ ਸਪਰੇਅ ਨੋਜ਼ਲਾਂ (ਜੋ ਧੁੰਦ ਦੀ ਤਰ੍ਹਾਂ ਫੁਆਰਾ ਬਣਾਉਂਦੀਆਂ ਹਨ) ਵਰਤੋ, ਜਿਸ ਦਾ ਸੁਰਾਖ ਬਾਰੀਕ ਹੋਵੇ। ਇਸ ਨਾਲ ਦਵਾਈ ਧੁੰਦ ਦੀ ਤਰ੍ਹਾਂ ਸਾਰੇ ਬੂਟੇ ਉੱਪਰ ਪੈਂਦੀ ਹੈ ਅਤੇ ਕੀੜੇ, ਸੁੰਡੀਆਂ ਦਾ ਸਫਾਇਆ ਹੋ ਜਾਂਦਾ ਹੈ। ਜਿਥੋਂ ਤੱਕ ਹੋ ਸਕੇ, ਪਲਾਸਟਿਕ ਦੀਆਂ ਨੋਜ਼ਲਾਂ ਵਰਤੋ। ਇਸ ਵਿਚ ਤਿੰਨ ਤੋਂ ਛੇ ਬਾਰੀਕ ਸੁਰਾਖ ਹੁੰਦੇ ਹਨ, ਜੋ ਧੁੰਦ ਦੀ ਤਰ੍ਹਾਂ ਦਵਾਈ ਦਾ ਛਿੜਕਾਅ ਕਰਦੇ ਹਨ। ਅਗਰ ਤੁਸੀਂ ਦਵਾਈ ਦਾ ਛਿੜਕਾਅ ਠੇਕੇ ’ਤੇ ਕਰਵਾਉਂਦੇ ਹੋ ਤਾਂ ਉਸ ਪਾਸੋਂ ਮਿਸਟ ਸਪਰੇਅ ਨੋਜ਼ਲਾਂ ਨਾਲ ਹੀ ਛਿੜਕਾਅ ਕਰਵਾਓ ਅਤੇ ਉਸ ਨੂੰ ਪੈਸੇ ਜ਼ਿਆਦਾ ਦੇ ਦਿਉ। ਉਹ ਤੁਹਾਡੀ ਹਜ਼ਾਰਾਂ ਰੁਪੲੇ ਦੀ ਬੱਚਤ ਕਰ ਦੇਵੇਗਾ।
1. ਹਮੇਸ਼ਾ ਆਪਣੀ ਨਿਗਰਾਨੀ ਵਿਚ ਦਵਾਈ ਦਾ ਛਿੜਕਾਅ ਕਰਵਾਓ।
2. ਬਿਨਾਂ ਜਾਲੀ ਦੇ ਪੰਪ ਵਿਚ ਦਵਾਈ ਨਾ ਪਾਓ।
ਉੱਪਰ ਦਿੱਤੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਅਗਰ ਤੁਸੀਂ ਸਪਰੇਅ ਕਰਦੇ ਹੋ ਜਾਂ ਕਰਵਾਉਂਦੇ ਹੋ ਤਾਂ ਤੁਹਾਨੂੰ ਬਹੁਤ ਲਾਭ ਹੋਵੇਗਾ।
-ਦਲਜੀਤ ਸਿੰਘ,
ਸਾਬਕਾ ਸਰਪੰਚ ਪਿੰਡ ਫੁੱਲਾਂਵਾਲ, ਤਹਿ: ਤੇ ਜ਼ਿਲ੍ਹਾ ਲੁਧਿਆਣਾ।
(ਰੋਜ਼ਾਨਾ ਅਜੀਤ ਜਲੰਧਰ)
Wednesday, June 13, 2007
Subscribe to:
Post Comments (Atom)
No comments:
Post a Comment