Wednesday, May 14, 2008

ਝੋਨਾ ਜਦੋਂ ਮਰਜ਼ੀ ਲਾਓ...

ਸਰਕਾਰ ਦਾ, ਖੇਤੀ ’ਵਰਸਿਟੀ ਦਾ ਤੇ ਕੲੀ ਹੋਰਨਾਂ ਦਾ ਜਦੋਂ ਪੂਰਾ ਜ਼ੋਰ ਲੱਗਿਆ ਹੈ ਕਿ ਝੋਨਾ 15 ਜੂਨ ਤੋਂ ਪਹਿਲਾਂ ਨਾ ਲਾਵੋ ਤਾਂ ਉਸ ਵੇਲੇ ਇਹ ਗੱਲ ਕਹਿਣੀ ਕਿ ‘ਝੋਨਾ ਜਦੋਂ ਮਰਜ਼ੀ ਲਾਓ’ ਕੀ ਠੀਕ ਹੋਵੇਗੀ? ਹਾਂ ਜੀ, ਬਿਲਕੁਲ ਠੀਕ ਹੈ। ਅਸਲ ਵਿਚ ਅਸੀਂ ਇਕ ਮੁੱਖ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਕੲੀ ਦਹਾਕੇ ਪਹਿਲਾਂ ਸਾਡੇ ਵਿਗਿਆਨੀਆਂ ਨੇ ਝੋਨੇ ਨੂੰ ਪਾਣੀ ਵਿਚ ਹੋਣ ਵਾਲੀ ਫਸਲ ਮੰਨ ਲਿਆ। ਇਹ ਇਕ ਗਲਤੀ ਸੀ। ਝੋਨਾ ਖੜ੍ਹੇ ਪਾਣੀ ਨੂੰ ਸਹਾਰ ਸਕਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਖੜ੍ਹੇ ਪਾਣੀ ਦੀ ਲੋੜ ਹੈ। ਇਹ ਇਕ ਬਜਰ ਗਲਤੀ ਹੋੲੀ ਹੈ, ਜਿਸ ਕਰਕੇ ਅਸੀਂ ਆਪਣੀ ਧਰਤੀ ਦੇ ਪਾਣੀ ਦੇ ਦੁਸ਼ਮਣ ਬਣ ਗੲੇ। ਉੱਤੋਂ ਝੋਨਾ ਹੀ ਇਕ ਐਸੀ ਫਸਲ ਹੈ ਜਿਸ ਵਿਚੋਂ ਕਿਸਾਨ ਨੂੰ ਚਾਰ ਪੈਸੇ ਬਚਦੇ ਹਨ। ਇਨ੍ਹਾਂ ਦੋਵਾਂ ਗੱਲਾਂ ਕਰਕੇ ਅਸੀਂ ਝੋਨੇ ਦੇ ਸੁਭਾਅ ਨੂੰ ਉਸ ਦੀ ਲੋੜ ਸਮਝਦੇ ਰਹੇ।
ਪਰ ਹੁਣ ਦਲੇਰ ਵੱਟ ਦੇ ਆਉਣ ਨਾਲ ਇਹ ਸਚਾੲੀ ਸਾਹਮਣੇ ਆ ਗੲੀ ਹੈ ਕਿ ਝੋਨਾ ਸਿਰਫ ਮੀਂਹ ਦੇ ਪਾਣੀ ਨਾਲ ਹੀ ਨਹੀਂ ਹੋ ਸਕਦਾ, ਸਗੋਂ ਬਹੁਤੇ ਮੀਂਹ ਦਾ ਪਾਣੀ ਧਰਤੀ ਨੂੰ ਦਾਨ ਵੀ ਕਰਦਾ ਹੈ। ਹੁਣ ਦੋ ਹੀ ਮਸਲੇ ਹਨ। ਇਕ ਸਾਨੂੰ ਖੇਤ ਮਜ਼ਦੂਰਾਂ ਦੀ ਘਾਟ ਹੈ ਤੇ ਦੂਜੀ ਬਿਨਾਂ ਪਾਣੀ ਤੋਂ ਝੋਨੇ ਦੇ ਨਦੀਨ ਮਾਰਨੇ। ਦੋਵੇਂ ਹੀ ਮਸਲੇ ਅੱਜ ਹੱਲ ਹਨ। ਝੋਨੇ ਲੲੀ ਆਲੂਆਂ ਵਾਂਗ ਵੱਟਾਂ ਬਣਾ ਜਾਂ ਢਾੲੀ ਫੁੱਟੇ ਬੈੱਡ ਬਣਾਓ। ਹਲਕਾ ਪਾਣੀ ਦੇ ਕੇ ਇਸ ’ਤੇ ‘ਪ੍ਰੀ ਇਮਰਜੈਂਸ’ ‘ਉੱਗਣ ਤੋਂ ਪਹਿਲਾਂ ਨਦੀਨ ਨਾਸ਼ਕ’ ਕਿਸੇ ਵੀ ਚੰਗੀ ਕੰਪਨੀ ਦੀ ਦਵਾੲੀ ਛਿੜਕੋ। ਇਕ-ਦੋ ਦਿਨ ਵਿਚ ਝੋਨੇ ਦੇ ਬੀਜ ਨੂੰ ਮੂਲੀਆਂ ਵਾਂਗ ਵੱਟ ਦੇ ਦੋਵੇਂ ਪਾਸੇ ਅੱਧ ਵਿਚ ਡਰਿਬਲਰ ਨਾਲ ਵੱਟ ਜਾਂ ਬੈੱਡ ਉੱਤੇ ਲਗਾ ਦਿਓ। ਇਹ ਸਾਰਾ ਕੰਮ ਪਨੀਰੀ ਲਾਉਣ ਦੀ ਮਿਹਨਤ ਬਚਾ ਦੇਵੇਗਾ। ਖੇਤ ਨੂੰ ਕੱਦੂ ਕਰਨ ਦੀ ਲੋੜ ਨਹੀਂ। ਘੱਟੋ-ਘੱਟ ਇਕ ਖੇਤ ਪਿੱਛੇ 2000 ਤੋਂ 3000 ਰੁਪੲੇ ਦੀ ਬੱਚਤ ਹੋਵੇਗੀ, ਪਾਣੀ ਤਾਂ ਬਚੇਗਾ ਹੀ ।

ਵੱਟਾਂ ਉੱਤੇ ਲੱਗਾ ਝੋਨਾ

ਜਿਨ੍ਹਾਂ ਕਿਸਾਨਾਂ ਨੇ ਇਹ ਤਜਰਬੇ ਕੀਤੇ ਹਨ, ਉਨ੍ਹਾਂ ਅਨੁਸਾਰ ਇਕ ਮੋਟਰ ਨਾਲ ਹੀ 10–10 ਖੇਤ ਬਿਨਾਂ ਡੀਜ਼ਲ ਇੰਜਣ ਚਲਾੲੇ, ਝੋਨੇ ਦੇ ਪਾਲ ਲੲੇ। ਇਕ ਗੱਲ ਯਾਦ ਰੱਖੋ, ਝਾੜ ਵੱਧ ਲੈਣਾ ਓਨੀ ਦੇਰ ਅਕਲਮੰਦੀ ਨਹੀਂ, ਜਿੰਨੀ ਦੇਰ ਅਸੀਂ ਆਪਣੇ ਖਰਚੇ ਨਹੀਂ ਘਟਾਉਂਦੇ। ਜਿਹੜੇ ਕਿਸਾਨ ਇਹ ਤਜਰਬਾ ਕਰਨਾ ਚਾਹੁੰਦੇ ਹਨ, ਉਹ ਕੲੀ ਥਾਵਾਂ ’ਤੇ ਲੱਗੇ ਪ੍ਰਦਰਸ਼ਨੀ ਪਲਾਟ ਵੀ ਦੇਖ ਸਕਦੇ ਹਨ। ਕੁਦਰਤ ਦੇ ਨੇਮ ਅਨੁਸਾਰ ਝੋਨੇ ਦਾ ਉੱਗਣ ਦਾ ਸਮਾਂ ਮੲੀ ਦੇ ਪਹਿਲੇ ਤੋਂ ਤੀਜਾ ਹਫਤਾ ਹੈ। ਇਸ ਲੲੀ ਇਹੋ ਹੀ ਝੋਨਾ ਸਿੱਧਾ ਬੀਜਣ ਦਾ ਸਹੀ ਸਮਾਂ ਹੈ। ਕਿਉਂਕਿ ਪੁੱਟ ਕੇ ਪਨੀਰੀ ਲਾਉਣੀ ਹੀ ਨਹੀਂ, ਇਸ ਲੲੀ ਆਪੇ ਸਰਕਾਰੂ 15 ਜੂਨ ਦੀ ਤਰੀਕ ਦਾ ਵੀ ਕੋੲੀ ਵਿਰੋਧ ਨਹੀਂ। ਗੱਲ ਉਥੇ ਹੀ ਪਹੁੰਚ ਜਾਂਦੀ ਹੈ। ਜੇਕਰ ਇਹ ਤਕਨੀਕ ਅਸੀਂ ਕਾਮਯਾਬ ਕਰ ਲੲੀੲੇ ਤਾਂ ਫਿਰ ਝੋਨਾ ਕਣਕ ਦੇ ਵੱਢ ਵਿਚ ਭਾਵੇਂ ਮਾਰਚ ਦੇ ਅੱਧ ਵਿਚ ਲਾ ਕੇ ਅੱਗੇ ਇਕ ਹੋਰ ਵਾਧੂ ਫਸਲ ਵੀ ਲੲੀ ਜਾ ਸਕਦੀ ਹੈ। ਪਾਣੀ ਦੀ ਤੇ ਬਿਜਲੀ ਦੀ ਥੋੜ੍ਹ ਵੀ ਨਹੀਂ ਰਹੇਗੀ। ਆਓ ‘ਨਵੀਂ ਸੋਚ ਨਾਲ ਨਵੀਂ ਦਿਸ਼ਾ’ ਵਿਚ ਤੁਰੀੲੇ।

ਕੈਮਰਾ ਬੋਲ ਪਿਆ
ਜਨਮੇਜਾ ਸਿੰਘ ਜੌਹਲ 98159–45018
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)
http://www.ajitjalandhar.com/20080515/mags/pind2.htm

No comments: