Wednesday, February 6, 2008

ਅਲੋਪ ਹੋ ਰਿਹਾ ਕੋਹਲੂ

ਤੇਲ ਬੀਜਾਂ ’ਚੋਂ ਤੇਲ ਕੱਢਣ ਵਾਲੀ ਮਸ਼ੀਨ ਨੂੰ ਕੋਹਲੂ ਕਿਹਾ ਜਾਂਦਾ ਹੈ। ਕੋਹਲੂ ਦਾ ਪੰਜਾਬੀਆਂ ਨਾਲ ਚਿਰਕਾਲ ਤੋਂ ਸਬੰਧ ਜੁੜਿਆ ਹੋਇਆ ਹੈ। ਤੇਲ ਦੀ ਪੂਰਤੀ ਕੋਹਲੂ ਸਦਕਾ ਹੀ ਹੁੰਦੀ ਸੀ। ਕੋਹਲੂ ਨਾਲ ਤੇਲ ਕੱਢਣ ਵਾਲਾ ਪੁਸ਼ਤ-ਦਰ-ਪੁਸ਼ਤ ਕਿੱਤਾ ਕਰੀ ਜਾਂਦਾ, ਜਿਸ ਨੂੰ ਤੇਲੀ ਵਜੋਂ ਵੀ ਜਾਣਿਆ ਜਾਂਦਾ ਸੀ। ਤੇਲੀ ਕੋਹਲੂ ਨੂੰ ਚਲਾਉਣ ਲੲੀ ਕੋਹਲੂ ਨਾਲ ਜੁੜੀ ਗਰਦਣ ਨਾਲ ਬਲਦ ਜੋੜਦਾ, ਬਲਦ ਦੀਆਂ ਅੱਖਾਂ ’ਤੇ ਖੋਪੇ (ਮਖੌਟੇ) ਬੰਨ੍ਹ ਦਿੰਦਾ। ਬਲਦ ਕੋਹਲੂ ਦੁਆਲੇ ਨਿਰੰਤਰ ਘੁੰਮਦਾ ਹੋਇਆ ਉਸ ਨੂੰ ਖਿੱਚੀ ਜਾਂਦਾ। ਲੰਘੇ ਵੇਲਿਆਂ ’ਚ ਦਿਨ ਭਰ ਦੀ ਮਸ਼ੱਕਤ ਬਦਲੇ ਮਸਾਂ 7 ਤੋਂ 10 ਕਿਲੋ ਤੱਕ ਹੀ ਤੇਲ ਨਸੀਬ ਹੁੰਦਾ ਸੀ। ਤੇਲ ਦਾ ਕਾਫੀ ਹਿੱਸਾ ਖਲ ’ਚ ਹੀ ਰਹਿ ਜਾਂਦਾ ਸੀ। ਤੇਲੀ ਆਪਣੇ ਬਲਦ ਨੂੰ ਨੁਚੜਦੀ-ਨੁਚੜਦੀ ਖਲ ਨਾਲ ਸੰਨੀ ਕਰਦਾ ਅਤੇ ਉਸ ਦਾ ਬਲਦ ਦਰਸ਼ਨੀ ਬਲਦ ਹੁੰਦਾ ਸੀ।
ਬਦਲਦੇ ਵਕਤ ’ਚ ਮਸ਼ੀਨਰੀ ਯੁੱਗ ਦੀ ਆਮਦ ਵਿਚ ਤਕਰੀਬਨ ਸੰਨ 1960 ਤੋਂ ਬਾਅਦ ਕੋਹਲੂ ਚਲਾਉਣ ਵਾਲੇ ਬਲਦਾਂ ਨੂੰ ਇਸ ਕੰਮ ਤੋਂ ਛੁਟਕਾਰਾ ਮਿਲਣ ਲੱਗਾ। ਸੰਨ 1970 ਵਿਚ ਤਾਂ ਕੋਹਲੂ ਬਿਜਲੀ ਨਾਲ ਹੀ ਚੱਲਣ ਲੱਗੇ। ਉਸ ਵੇਲੇ ਟਾਵੇਂ-ਟਾਵੇਂ ਕੋਹਲੂ ਹੀ ਬਲਦਾਂ ਨਾਲ ਚਲਦੇ ਸਨ। ਉਸ ਵੇਲੇ ਤੇਲ ਕੱਢਣ ਦੀ ਸਮਰੱਥਾ ਵੀ ਵਧ ਗੲੀ ਸੀ। ਪੁਸ਼ਤ-ਦਰ-ਪੁਸ਼ਤ ਤੇਲ ਕੱਢਣ ਦਾ ਕਿੱਤਾ ਕਰਨ ਵਾਲਿਆਂ ਹੱਥੋਂ ਉਸ ਵੇਲੇ ਕੋਹਲੂ ਦਾ ਕਾਰੋਬਾਰ ਖਿਸਕਣ ਲੱਗਿਆ। ਅਗਾਂਹਵਧੂ ਸੋਚ ਦੇ ਮਾਲਕਾਂ ਨੇ ਇਕੋ ਥਾਂ ਕੲੀ-ਕੲੀ ਕੋਹਲੂ ਲਗਵਾ ਲੲੇ ਅਤੇ ਤੇਲ ਦੇ ਕਾਰੋਬਾਰ ’ਚ ਸਰਦਾਰੀ ਬਣਾ ਲੲੀ। ਪੰਡਿਤ ਸੁਭਾਸ਼ ਚੰਦ ਵਰਗੇ ਕੋਹਲੂਆਂ ਵਾਲੇ ਅਖਵਾਉਣ ਲੱਗੇ। ਕੱਚੀ ਘਾਣੀ ਦੇ ਅਰਥਾਂ ਦੀ ਬਦਲੀ ਹੋਣ ਲੱਗੀ, ਕੋਹਲੂ ਵਾਲੇ ਕੰਡੇ ’ਤੇ ਤੋਲੀ ਸਰ੍ਹੋਂ ਬਦਲੇ ਕਢਵਾੲੀ ਲੈਣ ਲੱਗੇ। ਖੇਤੀ ਵਿਗਿਆਨੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਤੇਲ ਬੀਜ ਫਸਲਾਂ ਦੇ ਨਵੇਂ ਬੀਜਾਂ ਦੀ ਆਮਦ ਨੇ ਤੇਲ ਉਤਪਾਦਕ ਧੰਦੇ ’ਚ ਖੁਸ਼ਹਾਲੀ ਲਿਆਂਦੀ ਪਰ ਅੱਜ ਦੇਸੀ ਕੋਹਲੂ ਦੀ ਥਾਂ ਐਕਸਪੈਲਰ ਨੇ ਮੱਲ ਲੲੀ ਹੈ। ਐਕਸਪੈਲਰ ’ਚੋਂ ਨਿਕਲੀ ਖਲ ’ਚ ਤਾਂ ਕੇਵਲ 1 ਫੀਸਦੀ ਤੇਲ ਹੀ ਬਚਦਾ ਹੈ। ਵੱਡੀਆਂ-ਵੱਡੀਆਂ ਕੰਪਨੀਆਂ ਵੱਲੋਂ ਤੇਲ ਧੰਦੇ ’ਚ ਪੈਰ ਰੱਖਣ ਨਾਲ ਸਰ੍ਹੋਂ, ਸੂਰਜਮੁਖੀ, ਆਮਲਾ, ਤਾਰਾਮੀਰਾ, ਅਲਸੀ, ਚੌਲ, ਮਊਆ, ਪਾਮ, ਨਾਰੀਅਲ ਆਦਿ ਤੋਂ ਤੇਲ ਦੀ ਪੂਰਤੀ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਵਧਦੀ ਆਬਾਦੀ ਦੀ ਤੇਲ ਦੀ ਲੋੜ ਕੇਵਲ ਸਰ੍ਹੋਂ ’ਤੇ ਹੀ ਨਿਰਭਰ ਨਹੀਂ ਸੀ ਰਹਿ ਸਕਦੀ।
ਵਧਦੀ ਆਬਾਦੀ ਤੇ ਵਧਦੀ ਮਹਿੰਗਾੲੀ ਅਤੇ ਅਖੌਤੀ ਅਗਾਂਹਵਧੂ ਧਾਰਨਾ ਨੇ ਸਰ੍ਹੋਂ ਦੇ ਤੇਲ ਨਾਲੋਂ ਮੁੱਖ ਮੋੜ ਬਨਸਪਤੀ\ਰਿਫਾਇੰਡ ਆਦਿ ਨਾਵਾਂ ਨਾਲ ਰੁਚੀ ਵਧਾ ਲੲੀ ਹੈ। ਸਰੀਰਕ ਥਿੰਦਿਆੲੀ ਦੀ ਪੂਰਤੀ ਲੲੀ ਵੱਖ-ਵੱਖ ਕੰਪਨੀਆਂ ਨੇ ਮੁਸ਼ਕੀ (ਖੁਸ਼ਬੋ) ਤੇਲ ਲੋਕਾਂ ਦੀ ਨਜ਼ਰ ਕੀਤੇ ਹਨ ਪਰ ਪੇਂਡੂ ਖੇਤਰਾਂ ਵਿਚ ਤਾਂ ਅਜੇ ਵੀ ਕੋਹਲੂ ਤੋਂ ਤੇਲ ਕਢਵਾ ਕੇ ਘਰੇਲੂ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਹੈ। ਦੀਵਾਲੀ ਦੀ ਰਾਤ ਨੂੰ ਭਾਵੇਂ ਦੇਸੀ ਵਿਦੇਸ਼ੀ ਬਿਜਲੲੀ ਲੜੀਆਂ ਟਿਮਟਿਮਾਉਂਦੀਆਂ ਹਨ ਪਰ ਅਜੇ ਵੀ ਲੋਕ ਵਰ੍ਹੇ (ਸ਼ੁੱਭ) ਦਿਨਾਂ ਨੂੰ ਮਿੱਟੀ ਦੇ ਚੂੰਗੜਿਆਂ ’ਚ ਸਰ੍ਹੋਂ ਦਾ ਤੇਲ ਪਾ ਕੇ ਕਪਾਹ ਦੀ ਬੱਤੀ ਵੱਟ ਕੇ ਜਗਾਉਣਾ ਸ਼ਗਨ ਮੰਨਦੇ ਨੇ। ਵਿਰਸੇ ਦੀਆਂ ਬਾਤਾਂ ਤੋਂ ਵਾਕਿਫ ਸੂਝਵਾਨਾਂ ਦਾ ਵਿਚਾਰ ਅੱਜ ਵੀ ਇਹੀ ਹੈ। ਮਹਿੰਗਾੲੀ ਦੇ ਯੁੱਗ ਵਿਚ ਅਖੌਤੀ ਅਗਾਂਹ ਵਧਣ ਦੀ ਲਾਲਸਾ ਵਿਚ ਭਾਂਤ-ਭਾਂਤ ਦੇ ਤੇਲਾਂ ਵਿਚ ਮਿਲਾਵਟ ਦੀਆਂ ਸੰਭਾਵਨਾਵਾਂ ਵਧ ਸਕਦੀਆਂ ਹਨ, ਕਿਉਂਕਿ ਕੁਝ ਕੁ ਬੇੲੀਮਾਨੀ ਬਿਰਤੀ ਵਾਲੇ ਤਾਂ ਪੈਸੇ ਖਾਤਰ ਕੁਝ ਵੀ ਕਰ ਸਕਦੇ ਹਨ। ਅੱਖਾਂ ਸਾਹਮਣੇ ਜਾਂ ਭਰੋਸੇਯੋਗ ਥਾਂ ਤੋਂ ਆਪਣੇ ਤੇਲ ਬੀਜ ਤੋਂ ਕਢਵਾੲੇ ਤੇਲ ਨਾਲ ਵੱਖ-ਵੱਖ ਕਿਸਮਾਂ ਦੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਿਆ ਤਾਂ ਜਾ ਸਕਦੈ। ਪੇਂਡੂ ਖੇਤਰਾਂ ਵਿਚ ਖਾਸ ਕਰਕੇ ਕਿਸਾਨੀ ਧੰਦੇ ਨਾਲ ਸੰਬੰਧਿਤ ਲੋਕ ਘਰ ਦੀ ਸਰ੍ਹੋਂ ਦਾ ਹੱਥੀਂ ਕਢਾਇਆ ਤੇਲ ਵਰਤ ਕੇ ਹੀ ਖੁਸ਼ ਹੁੰਦੇ ਹਨ।

-ਬਲਜੀਤ ਸਿੰਘ ਢਿੱਲੋਂ (ਘਵੱਦੀ),
ਪਿੰਡ ਤੇ ਡਾਕ: ਘਵੱਦੀ (ਲੁਧਿਆਣਾ)-141206
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)

No comments: