Showing posts with label ਫ਼ਸਲਾਂ. Show all posts
Showing posts with label ਫ਼ਸਲਾਂ. Show all posts

Wednesday, May 14, 2008

ਝੋਨਾ ਜਦੋਂ ਮਰਜ਼ੀ ਲਾਓ...

ਸਰਕਾਰ ਦਾ, ਖੇਤੀ ’ਵਰਸਿਟੀ ਦਾ ਤੇ ਕੲੀ ਹੋਰਨਾਂ ਦਾ ਜਦੋਂ ਪੂਰਾ ਜ਼ੋਰ ਲੱਗਿਆ ਹੈ ਕਿ ਝੋਨਾ 15 ਜੂਨ ਤੋਂ ਪਹਿਲਾਂ ਨਾ ਲਾਵੋ ਤਾਂ ਉਸ ਵੇਲੇ ਇਹ ਗੱਲ ਕਹਿਣੀ ਕਿ ‘ਝੋਨਾ ਜਦੋਂ ਮਰਜ਼ੀ ਲਾਓ’ ਕੀ ਠੀਕ ਹੋਵੇਗੀ? ਹਾਂ ਜੀ, ਬਿਲਕੁਲ ਠੀਕ ਹੈ। ਅਸਲ ਵਿਚ ਅਸੀਂ ਇਕ ਮੁੱਖ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਕੲੀ ਦਹਾਕੇ ਪਹਿਲਾਂ ਸਾਡੇ ਵਿਗਿਆਨੀਆਂ ਨੇ ਝੋਨੇ ਨੂੰ ਪਾਣੀ ਵਿਚ ਹੋਣ ਵਾਲੀ ਫਸਲ ਮੰਨ ਲਿਆ। ਇਹ ਇਕ ਗਲਤੀ ਸੀ। ਝੋਨਾ ਖੜ੍ਹੇ ਪਾਣੀ ਨੂੰ ਸਹਾਰ ਸਕਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਖੜ੍ਹੇ ਪਾਣੀ ਦੀ ਲੋੜ ਹੈ। ਇਹ ਇਕ ਬਜਰ ਗਲਤੀ ਹੋੲੀ ਹੈ, ਜਿਸ ਕਰਕੇ ਅਸੀਂ ਆਪਣੀ ਧਰਤੀ ਦੇ ਪਾਣੀ ਦੇ ਦੁਸ਼ਮਣ ਬਣ ਗੲੇ। ਉੱਤੋਂ ਝੋਨਾ ਹੀ ਇਕ ਐਸੀ ਫਸਲ ਹੈ ਜਿਸ ਵਿਚੋਂ ਕਿਸਾਨ ਨੂੰ ਚਾਰ ਪੈਸੇ ਬਚਦੇ ਹਨ। ਇਨ੍ਹਾਂ ਦੋਵਾਂ ਗੱਲਾਂ ਕਰਕੇ ਅਸੀਂ ਝੋਨੇ ਦੇ ਸੁਭਾਅ ਨੂੰ ਉਸ ਦੀ ਲੋੜ ਸਮਝਦੇ ਰਹੇ।
ਪਰ ਹੁਣ ਦਲੇਰ ਵੱਟ ਦੇ ਆਉਣ ਨਾਲ ਇਹ ਸਚਾੲੀ ਸਾਹਮਣੇ ਆ ਗੲੀ ਹੈ ਕਿ ਝੋਨਾ ਸਿਰਫ ਮੀਂਹ ਦੇ ਪਾਣੀ ਨਾਲ ਹੀ ਨਹੀਂ ਹੋ ਸਕਦਾ, ਸਗੋਂ ਬਹੁਤੇ ਮੀਂਹ ਦਾ ਪਾਣੀ ਧਰਤੀ ਨੂੰ ਦਾਨ ਵੀ ਕਰਦਾ ਹੈ। ਹੁਣ ਦੋ ਹੀ ਮਸਲੇ ਹਨ। ਇਕ ਸਾਨੂੰ ਖੇਤ ਮਜ਼ਦੂਰਾਂ ਦੀ ਘਾਟ ਹੈ ਤੇ ਦੂਜੀ ਬਿਨਾਂ ਪਾਣੀ ਤੋਂ ਝੋਨੇ ਦੇ ਨਦੀਨ ਮਾਰਨੇ। ਦੋਵੇਂ ਹੀ ਮਸਲੇ ਅੱਜ ਹੱਲ ਹਨ। ਝੋਨੇ ਲੲੀ ਆਲੂਆਂ ਵਾਂਗ ਵੱਟਾਂ ਬਣਾ ਜਾਂ ਢਾੲੀ ਫੁੱਟੇ ਬੈੱਡ ਬਣਾਓ। ਹਲਕਾ ਪਾਣੀ ਦੇ ਕੇ ਇਸ ’ਤੇ ‘ਪ੍ਰੀ ਇਮਰਜੈਂਸ’ ‘ਉੱਗਣ ਤੋਂ ਪਹਿਲਾਂ ਨਦੀਨ ਨਾਸ਼ਕ’ ਕਿਸੇ ਵੀ ਚੰਗੀ ਕੰਪਨੀ ਦੀ ਦਵਾੲੀ ਛਿੜਕੋ। ਇਕ-ਦੋ ਦਿਨ ਵਿਚ ਝੋਨੇ ਦੇ ਬੀਜ ਨੂੰ ਮੂਲੀਆਂ ਵਾਂਗ ਵੱਟ ਦੇ ਦੋਵੇਂ ਪਾਸੇ ਅੱਧ ਵਿਚ ਡਰਿਬਲਰ ਨਾਲ ਵੱਟ ਜਾਂ ਬੈੱਡ ਉੱਤੇ ਲਗਾ ਦਿਓ। ਇਹ ਸਾਰਾ ਕੰਮ ਪਨੀਰੀ ਲਾਉਣ ਦੀ ਮਿਹਨਤ ਬਚਾ ਦੇਵੇਗਾ। ਖੇਤ ਨੂੰ ਕੱਦੂ ਕਰਨ ਦੀ ਲੋੜ ਨਹੀਂ। ਘੱਟੋ-ਘੱਟ ਇਕ ਖੇਤ ਪਿੱਛੇ 2000 ਤੋਂ 3000 ਰੁਪੲੇ ਦੀ ਬੱਚਤ ਹੋਵੇਗੀ, ਪਾਣੀ ਤਾਂ ਬਚੇਗਾ ਹੀ ।

ਵੱਟਾਂ ਉੱਤੇ ਲੱਗਾ ਝੋਨਾ

ਜਿਨ੍ਹਾਂ ਕਿਸਾਨਾਂ ਨੇ ਇਹ ਤਜਰਬੇ ਕੀਤੇ ਹਨ, ਉਨ੍ਹਾਂ ਅਨੁਸਾਰ ਇਕ ਮੋਟਰ ਨਾਲ ਹੀ 10–10 ਖੇਤ ਬਿਨਾਂ ਡੀਜ਼ਲ ਇੰਜਣ ਚਲਾੲੇ, ਝੋਨੇ ਦੇ ਪਾਲ ਲੲੇ। ਇਕ ਗੱਲ ਯਾਦ ਰੱਖੋ, ਝਾੜ ਵੱਧ ਲੈਣਾ ਓਨੀ ਦੇਰ ਅਕਲਮੰਦੀ ਨਹੀਂ, ਜਿੰਨੀ ਦੇਰ ਅਸੀਂ ਆਪਣੇ ਖਰਚੇ ਨਹੀਂ ਘਟਾਉਂਦੇ। ਜਿਹੜੇ ਕਿਸਾਨ ਇਹ ਤਜਰਬਾ ਕਰਨਾ ਚਾਹੁੰਦੇ ਹਨ, ਉਹ ਕੲੀ ਥਾਵਾਂ ’ਤੇ ਲੱਗੇ ਪ੍ਰਦਰਸ਼ਨੀ ਪਲਾਟ ਵੀ ਦੇਖ ਸਕਦੇ ਹਨ। ਕੁਦਰਤ ਦੇ ਨੇਮ ਅਨੁਸਾਰ ਝੋਨੇ ਦਾ ਉੱਗਣ ਦਾ ਸਮਾਂ ਮੲੀ ਦੇ ਪਹਿਲੇ ਤੋਂ ਤੀਜਾ ਹਫਤਾ ਹੈ। ਇਸ ਲੲੀ ਇਹੋ ਹੀ ਝੋਨਾ ਸਿੱਧਾ ਬੀਜਣ ਦਾ ਸਹੀ ਸਮਾਂ ਹੈ। ਕਿਉਂਕਿ ਪੁੱਟ ਕੇ ਪਨੀਰੀ ਲਾਉਣੀ ਹੀ ਨਹੀਂ, ਇਸ ਲੲੀ ਆਪੇ ਸਰਕਾਰੂ 15 ਜੂਨ ਦੀ ਤਰੀਕ ਦਾ ਵੀ ਕੋੲੀ ਵਿਰੋਧ ਨਹੀਂ। ਗੱਲ ਉਥੇ ਹੀ ਪਹੁੰਚ ਜਾਂਦੀ ਹੈ। ਜੇਕਰ ਇਹ ਤਕਨੀਕ ਅਸੀਂ ਕਾਮਯਾਬ ਕਰ ਲੲੀੲੇ ਤਾਂ ਫਿਰ ਝੋਨਾ ਕਣਕ ਦੇ ਵੱਢ ਵਿਚ ਭਾਵੇਂ ਮਾਰਚ ਦੇ ਅੱਧ ਵਿਚ ਲਾ ਕੇ ਅੱਗੇ ਇਕ ਹੋਰ ਵਾਧੂ ਫਸਲ ਵੀ ਲੲੀ ਜਾ ਸਕਦੀ ਹੈ। ਪਾਣੀ ਦੀ ਤੇ ਬਿਜਲੀ ਦੀ ਥੋੜ੍ਹ ਵੀ ਨਹੀਂ ਰਹੇਗੀ। ਆਓ ‘ਨਵੀਂ ਸੋਚ ਨਾਲ ਨਵੀਂ ਦਿਸ਼ਾ’ ਵਿਚ ਤੁਰੀੲੇ।

ਕੈਮਰਾ ਬੋਲ ਪਿਆ
ਜਨਮੇਜਾ ਸਿੰਘ ਜੌਹਲ 98159–45018
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)
http://www.ajitjalandhar.com/20080515/mags/pind2.htm

Monday, May 28, 2007

ਘੱਟ ਲਾਗਤ ਅਤੇ ਵਧੇਰੇ ਗੁਣਾਂ ਵਾਲੀ ਤੇਲ ਬੀਜ ਫ਼ਸਲ : ਤਿਲ

ਭਾਰਤ ਵਿਚ ਆਦਿਕਾਲ ਤੋਂ ਹੀ ਤਿਲ ਦੀ ਕਾਸ਼ਤ ਇਕ ਮੁੱਖ ਤੇਲ ਬੀਜ ਫਸਲ ਵਜੋਂ ਕੀਤੀ ਜਾਂਦੀ ਰਹੀ ਹੈ। ਪੁਰਾਤਨ ਇਤਿਹਾਸ ਵਿਚ ਇਸ ਫਸਲ ਦਾ ਵਧੇਰੇ ਜ਼ਿਕਰ ਲੱਭਦਾ ਹੈ। ਤਿਲ ਵਿਚ 40-55 ਫੀਸਦੀ ਤੇਲ, 20-25 ਫੀਸਦੀ ਪ੍ਰੋਟੀਨ, 15 ਫੀਸਦੀ ਕਾਰਬੋਹਾਈਡਰੇਟਸ ਅਤੇ ਕੁਝ ਖਣਿਜ ਪਦਾਰਥ ਹੁੰਦੇ ਹਨ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਬੀਜ ਅਤੇ ਤੇਲ ਦੀ ਗੁਣਵਤਾ ਨੂੰ ਲੰਬੇ ਚਿਰ ਤੱਕ ਖਰਾਬ ਨਹੀਂ ਹੋਣ ਦਿੰਦੇ। ਤਿਲ ਦਾ ਤੇਲ ਖਾਣ ਪੱਖੋਂ ਬਹੁਤ ਵਧੀਆ ਸਮਝਿਆ ਜਾਂਦਾ ਹੈ, ਕਿਉਂਕਿ ਇਹ ਨਸਾਂ ਵਿਚ ਜੰਮਦਾ ਨਹੀਂ ਅਤੇ ਕੋਲੈਸਟਰੋਲ ਦੀ ਮਾਤਰਾ ਘਟਾਉਂਦਾ ਹੈ। ਇਹ ਸਰੀਰ ਨੂੰ ਤਰੋਤਾਜ਼ਾ ਵੀ ਰੱਖਦਾ ਹੈ। ਇਸ ਦਾ ਤੇਲ ਖਾਣ ਤੋਂ ਇਲਾਵਾ ਮਾਲਿਸ਼ ਕਰਨ ਅਤੇ ਰੂਪ ਸ਼ਿੰਗਾਰ ਲਈ ਵਰਤੇ ਜਾਣ ਵਾਲੇ ਕਾਸਮੈਟਿਕਸ ਵਿਚ ਵਧੇਰੇ ਵਰਤਿਆ ਜਾਂਦਾ ਹੈ। ਵਿਦੇਸ਼ਾਂ ਵਿਚ ਤਿਲਾਂ ਦੀ ਬਹੁਤ ਮੰਗ ਹੈ। ਪੱਛਮੀ ਦੇਸ਼ਾਂ ਵਿਚ ਤਿਲ ਦੀ ਵਰਤੋਂ ਬੇਕਰੀ ਅਤੇ ਸ਼ਿਸ਼ੂ ਆਹਾਰ (ਬੱਚਿਆਂ ਦੇ ਖਾਣ ਲਈ) ਕੀਤੀ ਜਾਂਦੀ ਹੈ।
ਤਿਲ ਦੀਆਂ ਖੂਬੀਆਂ ਅਤੇ ਇਸ ਦੀ ਵਧ ਰਹੀ ਮੰਗ ਨੂੰ ਦੇਖਦੇ ਹੋੲੇ ਇਸ ਫਸਲ ਹੇਠਾਂ ਰਕਬਾ ਅਤੇ ਇਸ ਦਾ ਝਾੜ ਵਧਾਉਣ ਦੀ ਲੋੜ ਹੈ ਤਾਂ ਜੋ ਇਸ ਫਸਲ ਦਾ ਮੁਨਾਫਾ ਵਧਾਇਆ ਜਾ ਸਕੇ। ਸੁਚੱਜੀਆਂ ਫਸਲ ਤਕਨੀਕਾਂ ਅਪਣਾਅ ਕੇ ਇਸ ਫਸਲ ਦੀ ਪੈਦਾਵਾਰ ਵਿਚ ਵਾਧਾ ਕੀਤਾ ਜਾ ਸਕਦਾ ਹੈ।
ਹੇਠ ਲਿਖੀਆਂ ਤਕਨੀਕਾਂ ਅਪਣਾਅ ਕੇ ਤਿਲ ਦੀ ਪੈਦਾਵਾਰ ਵਿਚ ਵਾਧਾ ਕੀਤਾ ਜਾ ਸਕਦਾ ਹੈ :
• ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ।
• ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ। ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ। ਖੇਤ ਦੀ ਤਿਆਰੀ ਲਈ 2-3 ਵਾਰ ਹਲ ਵਾਹੋ ਅਤੇ ਹਰ ਵਾਰ ਸੁਹਾਗਾ ਜ਼ਰੂਰ ਲਗਾਓ।
ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਤਿਲ ਦੀਆਂ ਉੱਨਤ ਕਿਸਮਾਂ : ਟੀ. ਸੀ.-289-ਇਸ ਦਾ ਔਸਤ ਝਾੜ 210 ਕਿਲੋ ਪ੍ਰਤੀ ੲੇਕੜ ਹੈ।
ਪੰਜਾਬ ਤਿਲ ਨੰ: 1-ਇਸ ਦਾ ਔਸਤ ਝਾੜ 200 ਕਿਲੋ ਪ੍ਰਤੀ ੲੇਕੜ
ਹੈ।
• ਪੌਦੇ ਇਕਸਾਰ ਵਧਣ-ਫੁੱਲਣ ਅਤੇ ਗੋਡੀ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਬਿਜਾਈ ਹਮੇਸ਼ਾ ਲਾਈਨਾਂ ਵਿਚ ਕਰੋ। ਇਕ ੲੇਕੜ ਬਿਜਾਈ ਲਈ ਇਕ ਕਿਲੋ ਬੀਜ ਹੀ ਕਾਫੀ ਹੈ। ਕਿਉਂਕਿ ਬੀਜ ਦੀ ਮਾਤਰਾ ਬਹੁਤ ਘੱਟ ਹੈ ਅਤੇ ਬੀਜ ਬਹੁਤ ਛੋਟਾ ਹੁੰਦਾ ਹੈ, ਬੀਜ ਵਿਚ ਲੋੜ ਅਨੁਸਾਰ ਰੇਤ, ਮਿੱਟੀ ਜਾਂ ਬਰੀਕ ਛਾਣੀ ਹੋਈ ਰੂੜੀ ਰਲਾ ਲੈਣੀ ਚਾਹੀਦੀ ਹੈ। ਲਾਈਨਾਂ ਵਿਚ 30 ਸੈਂਟੀਮੀਟਰ (ਇਕ ਫੁੱਟ) ਦਾ ਫਾਸਲਾ ਰੱਖੋ। ਬੀਜ ਉੱਗਣ ਤੋਂ ਤਿੰਨ ਹਫਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਂਟੀਮੀਟਰ ਰੱਖੋ। ਫਸਲ ਦੀ ਇਕਸਾਰ ਪਕਾਈ ਅਤੇ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਤੋਂ ਵੱਧ ਨਾ ਹੋਵੇ। ਬਿਜਾਈ ਪੈਰਾਂ ਜਾਂ ਡਰਿੱਲ ਨਾਲ ਕਰੋ।
• ਸੇਂਜੂ ਜ਼ਮੀਨਾਂ ਵਿਚ ਤਿਲ ਦੀ ਬਿਜਾਈ ਅੱਧ-ਜੂਨ ਵਿਚ ਭਰਵੀਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ। ਜਿਥੇ ਪਾਣੀ ਦੀ ਸਹੂਲਤ ਨਹੀਂ ਹੈ, ਉਥੇ ਤਿਲ ਦੀ ਬਿਜਾਈ ਵਰਖਾ ਸ਼ੁਰੂ ਹੋਣ ’ਤੇ ਜੋ ਕਿ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਹੁੰਦੀ ਹੈ, ਕਰ ਲੈਣੀ ਚਾਹੀਦੀ ਹੈ। ਬਹੁਤੀ ਅਗੇਤੀ ਬਿਜਾਈ ਕਰਨ ਨਾਲ ਤਿਲ ਦੀ ਫਸਲ ਫਿਲੌਡੀ ਰੋਗ ਦਾ ਸ਼ਿਕਾਰ ਬਣ ਜਾਂਦੀ ਹੈ।
• ਤਿਲ ਦੀ ਫਸਲ ਲਈ ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ੲੇਕੜ ਪਾਉਣਾ ਬਹੁਤ ਲਾਭਦਾਇਕ ਹੈ। ਘੱਟ ਉਪਜਾਊ ਜ਼ਮੀਨਾਂ ਵਿਚ 14 ਕਿਲੋ ਨਾਈਟ੍ਰੋਜਨ ਤੱਤ (30 ਕਿਲੋ ਯੂਰੀਆ) ਬਿਜਾਈ ਤੋਂ ਪਹਿਲਾਂ ਡਰਿੱਲ ਨਾਲ ਪਾਓ। ਜ਼ਿਆਦਾ ਖਾਦ ਦੀ ਵਰਤੋਂ ਨਾ ਕਰੋ।
• ਜੇਕਰ ਫਸਲ ਨਰੋਈ ਹੈ ਅਤੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਫਸਲ ਉੱਗਣ ਤੋਂ ਤਿੰਨ ਹਫਤਿਆਂ ਬਾਅਦ ਇਕ ਗੋਡੀ ਜ਼ਰੂਰ ਕਰ ਦਿਉ।
• ਆਮ ਤੌਰ ’ਤੇ ਤਿੱਲ ਦੀ ਖੇਤੀ ਬਰਾਨੀ ਹਾਲਤਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਮਗਰੋਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਲੰਮੇ ਸਮੇਂ ਤੱਕ ਵਰਖਾ ਨਾ ਹੋਵੇ ਅਤੇ ਸੋਕਾ ਪੈਣ ਲੱਗੇ ਤਾਂ ਇਕ ਪਾਣੀ ਫੁੱਲ ਪੈਣ ਤੋਂ ਫਲੀਆਂ ਬਨਣ ਵੇਲੇ ਜ਼ਰੂਰ ਲਾ ਦੇਣਾ ਚਾਹੀਦਾ ਹੈ।
• ਇਸ ਫਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ। ਜਦੋਂ ਪੌਦਿਆਂ ਦੇ ਤਣੇ ਪੀਲੇ ਪੈਣ ਲੱਗਣ ਅਤੇ ਫਲੀਆਂ ਵੀ ਰੰਗ ਬਦਲਣ ਲੱਗਣ ਤਾਂ ਸਮਝੋ ਕਿ ਫਸਲ ਪੱਕ ਗਈ ਹੈ। ਫਸਲ ਨੂੰ ਥੋੜ੍ਹੀ ਨਰਮ ਹਾਲਤ ਵਿਚ ਵੱਢ ਕੇ ਇਸ ਦੇ ਨਿੱਕੇ-ਨਿੱਕੇ ਪੂਲੇ ਬਣਾ ਦਿਉ। ਪੂਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਦੋ-ਤਿੰਨ ਵਾਰ ਝਾੜਨ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ।

-ਵੀਰੇਂਦਰ ਸਰਦਾਨਾ, ਸ਼ਸ਼ੀ ਬਾਂਗਾ ਅਤੇ ਪਰਵਿੰਦਰ ਸ਼ਯੋਰਾਣ,
ਤੇਲ ਬੀਜ ਸੈਕਸ਼ਨ, ਪਲਾਂਟ ਬਰੀਡਿੰਗ, ਜੈਨੇਟਿਕਸ ਅਤੇ ਬਾਇਓਤਕਨਾਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ-141004.