Showing posts with label ਕਿਸਾਨ. Show all posts
Showing posts with label ਕਿਸਾਨ. Show all posts

Wednesday, June 4, 2008

ਟਾਹਲੀ - ਇੱਕ ਦਰਖਤ, ਇਹ ਸੱਭਿਆਚਾਰ

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ
ਹੇਠ ਵਗੇ ਦਰਿਆ
ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ
ਬਗਲਾ ਬਣ ਕੇ ਆ।

ਗੀਤ ਦੇ ਬੋਲ ਗੁਣਗੁਣਾਉਣੇ ਜਾਂ ਸੁਣਨ ਲੲੀ ਬੜੇ ਰਸਭਿੰਨੇ ਤੇ ਸੋਹਣੇ ਜਾਪਦੇ ਹਨ ਪਰ ਗੀਤ ਦੁਆਰਾ ਬਿਆਨ ਕੀਤੀ ਸਥਿਤੀ ਪੰਜਾਬ ਵਿਚੋਂ ਦਿਨ-ਬਦਿਨ ਘਟਦੀ ਜਾ ਰਹੀ ਹੈ। ਮਨੁੱਖ ਦੁਆਰਾ ਆਪਣੇ ਨਿੱਜੀ ਸਵਾਰਥਾਂ ਸਦਕਾ ਕੀਤੇ ਕਾਰਜਾਂ ਕਰਕੇ ਟਾਹਲੀਆਂ, ਕਿੱਕਰਾਂ ਤੇ ਹੋਰ ਅਨੇਕਾਂ ਰੁੱਖਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਕਾਫੀ ਜ਼ਿਆਦਾ ਤਾਦਾਦ ਵਿਚ ਟਾਹਲੀਆਂ ਪੰਜ-ਸੱਤ ਸਾਲ ਪਹਿਲਾਂ ਪੲੀ ਅਣਪਛਾਤੀ ਬਿਮਾਰੀ ਦੀ ਭੇਟ ਚੜ੍ਹ ਗੲੀਆਂ। ਰਹਿੰਦੀ-ਖੂੰਹਦੀ ਕਸਰ ਕਿਸਾਨ ਹਰ ਸਾਲ ਹਾੜ੍ਹੀ-ਸਾਉਣੀ ਕਣਕ-ਝੋਨੇ ਦੀ ਨਾੜ ਨੂੰ ਅੱਗ ਲਾਉਣ ਸਮੇਂ ਕੱਢ ਰਿਹਾ ਹੈ। ਅੱਗ ਲਾਉਣ ਸਦਕਾ ਟਾਹਲੀਆਂ, ਕਿੱਕਰਾਂ ਤੇ ਹੋਰ ਰੁੱਖ ਹੀ ਅਗਨ ਭੇਟ ਨਹੀਂ ਹੋ ਰਹੇ ਬਲਕਿ ਉਨ੍ਹਾਂ ਉੱਪਰ ਬਸੇਰਾ ਕਰਦੇ ਅਨੇਕਾਂ ਪੰਛੀ ਉਨ੍ਹਾਂ ਦੇ ਬੋਟ ਅਤੇ ਅੰਡੇ ਤੱਕ ਵੀ ਮਨੁੱਖਤਾ ਦਾ ਸ਼ਿਕਾਰ ਹੋ ਰਹੇ ਹਨ। ਟਾਹਲੀ ਨੂੰ ਪੰਜਾਬ ਦਾ ਰਾਜ ਦਰੱਖਤ ਹੋਣ ਦਾ ਮਾਣ ਮਿਲਿਆ ਹੋਇਆ ਹੈ ਅਤੇ ਇਹ ਉੱਨੀਵੀਂ ਸਦੀ ਦੇ ਪੰਜਾਬ ਦੀਆਂ ਸੜਕਾਂ ਕੰਢੇ ਲੱਗਿਆ ਸਭ ਤੋਂ ਬਿਹਤਰ ਅਤੇ ਗੁਣਕਾਰੀ ਰੁੱਖ ਹੈ।
ਹਿਮਾਲਿਆ ਪਰਬਤ ਦੀਆਂ ਹੇਠਲੀਆਂ ਪਹਾੜੀਆਂ ਤੋਂ ਲੈ ਕੇ ਪੰਜਾਬ, ਮਹਾਰਾਸ਼ਟਰ, ਕਰਨਾਟਕ ਅਤੇ ਦੱਖਣੀ ਸੂਬੇ ਕੇਰਲ, ਤਾਮਿਲਨਾਡੂ ਤੱਕ ਮਿਲਣ ਵਾਲਾ ਦਰਮਿਆਨੇ ਤੋਂ ਵੱਡੇ ਆਕਾਰ ਦਾ ਟਾਹਲੀ ਨਾਮੀ ਰੁੱਖ ਸੰਸਾਰ ਪੱਧਰ ’ਤੇ ਸ਼ੀਸ਼ਮ, ਬਲੈਕਵੁੱਡ, ਰੋਜ਼ਵੁੱਡ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਦਾ ਵਿਗਿਆਨਕ ਨਾਂਅ Dalbergia Sissoo ਹੈ। ਕੁਝ-ਕੁਝ ਦਿਲ ਦੀ ਸ਼ਕਲ ਵਾਲੇ ਪੱਤੇ ਰੁੱਖ ਉੱਪਰੋਂ ਸਰਦੀ ਦੇ ਦਿਨੀਂ ਝੜ ਜਾਂਦੇ ਹਨ ਅਤੇ ਫਰਵਰੀ ਅੰਤ ਜਾਂ ਮਾਰਚ ਦੇ ਸ਼ੁਰੂ ਵਿਚ ਰੁੱਖ ਦੁਬਾਰਾ ਹਰਾ-ਭਰਾ ਹੋਣਾ ਸ਼ੁਰੂ ਹੋਣ ਦੇ ਨਾਲ ਹੀ ਅੱਧ ਮਾਰਚ ਦੇ ਕਰੀਬ ਬਹੁਤ ਹੀ ਛੋਟੇ-ਛੋਟੇ ਸਫੈਦ-ਕਰੀਮ ਰੰਗ ਦੇ ਫੁੱਲਾਂ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ। ਬਹੁਤ ਹਲਕੀ ਜਿਹੀ ਸੁਗੰਧੀ ਵਾਲੇ ਫੁੱਲ ਰੁੱਖ ਉੱਪਰ ਜ਼ਿਆਦਾ ਸਮਾਂ ਦਿਖਾੲੀ ਨਹੀਂ ਦਿੰਦੇ ਅਤੇ ਜਲਦੀ ਹੀ ਫੀਤੀਆਂ ਵਰਗੀ ਦਿੱਖ ਰੱਖਣ ਵਾਲੀਆਂ ਚਪਟੀਆਂ ਫਲੀਆਂ ਰੂਪੀ ਫਲਾਂ ਵਿਚ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। ਚਾਬੀਆਂ ਦੇ ਗੁੱਛਿਆਂ ਦੀ ਤਰ੍ਹਾਂ ਦਿੱਖ ਰੱਖਣ ਵਾਲੀਆਂ ਫਲੀਆਂ ਕਾਫੀ ਮਹੀਨਿਆਂ ਤੱਕ ਰੁੱਖ ਉੱਪਰ ਲਟਕਦੀਆਂ ਦਿਖਾੲੀ ਦਿੰਦੀਆਂ ਹਨ। ਰੁੱਖ ਦਾ ਬੀਜ ਹਵਾ ਅਤੇ ਪਾਣੀ ਦੋਵਾਂ ਸਾਧਨਾਂ ਰਾਹੀਂ ਵੱਖ-ਵੱਖ ਦਿਸ਼ਾਵਾਂ ਵਿਚ ਵੰਡਿਆ ਜਾਂਦਾ ਹੈ ਅਤੇ ਸਿੱਲ੍ਹਾ ਵਾਤਾਵਰਨ ਇਸ ਰੁੱਖ ਲੲੀ ਪਸੰਦੀਦਾ ਹੋਣ ਕਰਕੇ ਅਕਸਰ ਟਾਹਲੀਆਂ ਦਰਿਆਵਾਂ ਅਤੇ ਵਗਦੇ ਪਾਣੀਆਂ ਦੇ ਕੰਢੇ ਜ਼ਿਆਦਾ ਗਿਣਤੀ ਵਿਚ ਦੇਖਣ ਨੂੰ ਮਿਲਦੀਆਂ ਹਨ। ਟਾਹਲੀ ਦੇ ਪੌਦੇ ਬੀਜ ਅਤੇ ਜੜ੍ਹਾਂ ਤੋਂ ਫੁੱਟੀਆਂ ਹੌੲੀਆਂ ਸ਼ਾਖਾਂ ਤੋਂ ਤਿਆਰ ਕੀਤੇ ਜਾਂਦੇ ਹਨ। ਪਨੀਰੀ ਤਿਆਰ ਕਰਨ ਲੲੀ ਫਰਵਰੀ ਜਾਂ ਬਰਸਾਤ ਰੁੱਤ ਬਿਲਕੁਲ ਢੁਕਵੀਂ ਹੁੰਦੀ ਹੈ। ਚੰਗੇ ਜਲ ਨਿਕਾਸ ਵਾਲੀਆਂ ਜ਼ਮੀਨਾਂ ਵਿਚ ਤਿਆਰ ਪਨੀਰੀ ਲਗਭਗ 9-10 ਮਹੀਨਿਆਂ ਦੌਰਾਨ ਢੁਕਵੇਂ ਸਥਾਨਾਂ ’ਤੇ ਲਾਉਣ ਯੋਗ ਹੋ ਜਾਂਦੀ ਹੈ।
ਟਾਹਲੀ ਦੀ ਲੱਕੜ ਦਾ ਗੁਣਾਂ ਵਜੋਂ ਕੋੲੀ ਜਵਾਬ ਨਹੀਂ ਹੈ ਅਤੇ ਭਾਰਤ ਵਿਚ ਮਿਲਣ ਵਾਲੀਆਂ ਅਤਿਅੰਤ ਮਜ਼ਬੂਤ ਅਤੇ ਉਪਯੋਗੀ ਲੱਕੜਾਂ ਵਿਚੋਂ ਇਕ ਹੈ। ਇਸ ਦੀ ਲੱਕੜ ਛੋਟੇ ਸੰਦਾਂ ਤੋਂ ਲੈ ਕੇ ਇਮਾਰਤੀ ਅਤੇ ਫਰਨੀਚਰ ਆਦਿ ਹਰ ਕੰਮਾਂ ਵਿਚ ਵਰਤੀ ਜਾਂਦੀ ਹੈ। ਟਾਹਲੀ ਹਵਾ ਵਿਚੋਂ ਨਾੲੀਟ੍ਰੋਜਨ ਲੈਂਦੀ ਹੋਣ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ-ਨਾਲ ਸੋਕੇ ਦੇ ਦਿਨਾਂ ਵਿਚ ਪਸ਼ੂਆਂ ਦੇ ਹਰੇ ਚਾਰੇ ਵਜੋਂ ਵੀ ਕੰਮ ਵਿਚ ਲਿਆਂਦੀ ਜਾਂਦੀ ਹੈ। ਚਾਹ ਦੇ ਬਾਗਾਂ ਵਿਚ ਛਾਂ ਰੁੱਖ ਵਜੋਂ ਵਰਤੇ ਜਾਣ ਦੇ ਨਾਲ-ਨਾਲ ਪੰਜਾਬ ਵਿਚ ਵੀ ਸਾਂਝੀਆਂ ਅਤੇ ਜਨਤਕ ਥਾਵਾਂ ’ਤੇ ਇਸ ਨੂੰ ਇਨਸਾਨਾਂ ਅਤੇ ਡੰਗਰਾਂ ਲੲੀ ਛਾਂ ਰੁੱਖ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਕੁਝ ਲੋਕ ਇਸ ਤੋਂ ਬਾਲਣ, ਲੱਕੜੀ, ਚਾਰਕੋਲ ਅਤੇ ਤੇਲ ਦੀ ਪ੍ਰਾਪਤੀ ਵੀ ਕਰਦੇ ਹਨ। ਟਾਹਲੀ ਤੋਂ ਨਿਕਲਣ ਵਾਲਾ ਤੇਲ ਚਮੜੀ ਰੋਗ, ਪੱਤੇ ਔਰਤਾਂ ਦੇ ਛਾਤੀ ਅਤੇ ਮਾਸਿਕ ਧਰਮ ਰੋਗਾਂ ਦੇ ਇਲਾਜ ਲੲੀ ਵਰਤੇ ਜਾਂਦੇ ਹਨ। ਟਾਹਲੀ ਦਾ ਸਬੰਧ ਸਿੱਖ ਧਰਮ ਨਾਲ ਕਾਫੀ ਹੋਣ ਸਦਕਾ ਪੰਜਾਬ ਦੇ ਅਨੇਕਾਂ ਸਥਾਨਾਂ ’ਤੇ ਗੁਰਦੁਆਰਾ ਟਾਹਲੀ ਸਾਹਿਬ ਬਣੇ ਹੋੲੇ ਹਨ। ਪੈਸੇ ਦੀ ਦੌੜ ਵਿਚ ਭੱਜ ਰਹੇ ਇਨਸਾਨ ਨੂੰ ਮੇਰੀ ਦਿਲੀ ਸਲਾਹ ਹੈ ਕਿ ਉਹ ਕੁਝ ਰੁੱਖ ਸਿਰਫ ਲੱਕੜ ਦੀ ਪ੍ਰਾਪਤੀ ਦੀ ਬਜਾੲੇ ਵਾਤਾਵਰਨ ਦੀ ਸੇਵਾ-ਸੰਭਾਲ ਖਾਤਿਰ ਵੀ ਲਾਵੇ। 5 ਜੂਨ ‘ਵਿਸ਼ਵ ਵਾਤਾਵਰਨ ਦਿਵਸ’ ਵਜੋਂ ਸੰਸਾਰ ਪੱਧਰ ’ਤੇ ਮਨਾਇਆ ਜਾ ਰਿਹਾ ਹੈ ਅਤੇ ਸਾਨੂੰ ਪੰਜਾਬੀਆਂ ਨੂੰ ਵੀ ਇਸ ਵਿਚ ਥੋੜ੍ਹਾ-ਬਹੁਤ ਹਿੱਸਾ ਪਾਉਣਾ ਚਾਹੀਦਾ ਹੈ।

ਬਲਵਿੰਦਰ ਸਿੰਘ ਲੱਖੇਵਾਲੀ
98142-3904
ਰੋਜ਼ਾਨਾ ਅਜੀਤ ਵਿੱਚੋਂ ਧੰਨਵਾਦ ਸਹਿਤ

Tuesday, May 20, 2008

ਬੈਂਕ (ਸਟੇਟ ਬੈਂਕ ਆਫ਼ ਇੰਡੀਆ) ਵਲੋਂ ਕਿਸਾਨਾਂ ਨੂੰ ਕਰਜ਼ਾ ਦੇਣ ਤੋਂ ਨਾਹ

ਕੱਲ੍ਹ ਦੀ ਖ਼ਬਰ ਮੁਤਾਬਕ ਕਿਸਾਨਾਂ ਨੂੰ ਬੈਂਕ ਨੇ ਕਰਜ਼ਾ ਦੇਣ ਤੋਂ
ਨਾਂਹ ਕਰ ਦਿੱਤੀ ਹੈ। ਖ਼ਬਰ ਮੁਤਾਬਕ ਸਰਕਾਰ ਦੇ ਕਿਸਾਨਾਂ ਦੀ
ਕਰਜ਼ਾ ਮੁਆਫ਼ੀ ਤੋਂ ਬਾਅਦ ਬੈਂਕ ਦੀਆਂ ਕਿਸ਼ਤਾਂ ਦੇਣੀਆਂ ਕਿਸਾਨਾਂ
ਨੇ ਬੰਦ ਕਰ ਦਿੱਤੀਆਂ ਸਨ ਅਤੇ ਹੁਣ ਬੈਂਕ ਨੇ ਟਰੈਕਰਟਰ,
ਕੰਬਾਇਨਾਂ ਅਤੇ ਹੋਰ ਖੇਤੀਬਾੜੀ ਸੰਦ ਲੈਣ ਵਾਸਤੇ ਕਰਜ਼ੇ ਦੇਣ
ਉੱਤੇ ਰੋਕ ਲਾ ਦਿੱਤੀ ਹੈ। ਇਸ ਨਾਲ ਕਿਸਾਨਾਂ ਵਾਸਤੇ ਮੁਸ਼ਕਲਾਂ
ਖੜ੍ਹੀਆਂ ਹੋ ਗਈਆਂ ਹਨ ਅਤੇ ਬੇਸ਼ੱਕ ਇਸ ਲਈ ਸਰਕਾਰ
ਸਿੱਧੇ-ਅਸਿੱਧੇ ਰੂਪ ਵਿੱਚ ਜੁੰਮੇਵਾਰ ਹੈ। ਖ਼ਬਰ ਤਾਂ ਇਹ ਹੈ
ਕਿ ਭਾਰਤ ਦੀ ਸਭ ਤੋਂ ਵੱਡੀ ਬੈਂਕ ਸਟੇਟ ਬੈਂਕ ਆਫ਼ ਇੰਡੀਆ
ਵਲੋਂ ਨਾਂਹ ਕਰਨ ਦਾ ਮਤਲਬ ਹੈ ਕਿ ਹੋਰ ਛੋਟੀਆਂ ਬੈਂਕਾਂ ਅਤੇ
ਪ੍ਰਾਈਵੇਟ ਬੈਂਕ ਵਲੋਂ ਨਾਂਹ ਕਰਨੀ!!

ਇਸ ਦਾ ਗਲਤ ਪਰਭਾਵ ਸਿੱਧੇ ਰੂਪ ਵਿੱਚ ਸ਼ਾਹੂਕਾਰਾਂ ਅਤੇ
ਆੜਤੀਆਂ ਤੋਂ ਕਰਜ਼ੇ ਦੇ ਵਾਧੇ ਦੇ ਰੂਪ ਵਿੱਚ ਪਵੇਗਾ!
ਜਿੱਥੇ ਉਹ ਕਿਸਾਨਾਂ ਨਾਲ ਮਨਮਾਨੀ ਕਰ ਸਕਣਗੇ, ਉੱਥੇ
ਹੀ ਕਿਸਾਨ ਦੀ ਹਾਲਤ ਹੋਰ ਪਤਲੀ ਹੋਣ ਅਤੇ ਖੇਤੀਬਾੜੀ
ਦੇ ਉਤਪਾਦਨ (ਪਰੋਡੱਕਸ਼ਨ), ਜਿਸ ਦੀਆਂ ਫੜ੍ਹਾਂ ਇਸ ਵਾਰ
ਸਰਕਾਰ 2 ਕਰੋੜ ਟਨ ਕਣਕ ਖਰੀਦ ਕੇ ਕਰ ਰਹੀ ਹੈ, 'ਚ
ਫ਼ਰਕ ਪੈਣ ਦੀ ਹੈ। ਸਰਕਾਰ ਹਮੇਸ਼ਾਂ ਵਾਂਗ ਕਿਸਾਨ ਨੂੰ
ਅਣਡਿੱਠਾ ਕਰਕੇ ਰਾਜਨੀਤਿਕ ਰੋਟੀਆਂ ਸੇਕ ਰਹੀ ਹੈ!!

ਇਹ ਭਾਰਤ ਦੇ ਭਵਿੱਖ ਲਈ ਗਲਤ ਹੈ, ਇੱਕ ਮੂਰਖਤਾ ਪੂਰਨ
ਕਦਮ। ਕਰਜ਼ੇ ਮੁਆਫ਼ੀ ਤੋਂ ਪਹਿਲਾਂ ਆਈਆਂ ਕੁਝ ਟਿੱਪਣੀਆਂ
ਅੱਜ ਸੱਚੀਆਂ ਹੋ ਰਹੀਆਂ ਹਨ ਕਿ ਸਰਕਾਰ ਫ਼ਸਲ ਉੱਤੇ
ਭਾਅ ਵਧਾਉਣ ਦੀ ਬਜਾਏ ਕਰਜ਼ੇ ਮੁਆਫ਼ ਕਰਕੇ ਕਿਸਾਨਾਂ
ਲਈ ਅਤੇ ਆਪਣੇ ਲਈ ਕੰਢੇ ਬੀਜ ਹੈ!!!

Wednesday, May 14, 2008

ਝੋਨਾ ਜਦੋਂ ਮਰਜ਼ੀ ਲਾਓ...

ਸਰਕਾਰ ਦਾ, ਖੇਤੀ ’ਵਰਸਿਟੀ ਦਾ ਤੇ ਕੲੀ ਹੋਰਨਾਂ ਦਾ ਜਦੋਂ ਪੂਰਾ ਜ਼ੋਰ ਲੱਗਿਆ ਹੈ ਕਿ ਝੋਨਾ 15 ਜੂਨ ਤੋਂ ਪਹਿਲਾਂ ਨਾ ਲਾਵੋ ਤਾਂ ਉਸ ਵੇਲੇ ਇਹ ਗੱਲ ਕਹਿਣੀ ਕਿ ‘ਝੋਨਾ ਜਦੋਂ ਮਰਜ਼ੀ ਲਾਓ’ ਕੀ ਠੀਕ ਹੋਵੇਗੀ? ਹਾਂ ਜੀ, ਬਿਲਕੁਲ ਠੀਕ ਹੈ। ਅਸਲ ਵਿਚ ਅਸੀਂ ਇਕ ਮੁੱਖ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਕੲੀ ਦਹਾਕੇ ਪਹਿਲਾਂ ਸਾਡੇ ਵਿਗਿਆਨੀਆਂ ਨੇ ਝੋਨੇ ਨੂੰ ਪਾਣੀ ਵਿਚ ਹੋਣ ਵਾਲੀ ਫਸਲ ਮੰਨ ਲਿਆ। ਇਹ ਇਕ ਗਲਤੀ ਸੀ। ਝੋਨਾ ਖੜ੍ਹੇ ਪਾਣੀ ਨੂੰ ਸਹਾਰ ਸਕਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਖੜ੍ਹੇ ਪਾਣੀ ਦੀ ਲੋੜ ਹੈ। ਇਹ ਇਕ ਬਜਰ ਗਲਤੀ ਹੋੲੀ ਹੈ, ਜਿਸ ਕਰਕੇ ਅਸੀਂ ਆਪਣੀ ਧਰਤੀ ਦੇ ਪਾਣੀ ਦੇ ਦੁਸ਼ਮਣ ਬਣ ਗੲੇ। ਉੱਤੋਂ ਝੋਨਾ ਹੀ ਇਕ ਐਸੀ ਫਸਲ ਹੈ ਜਿਸ ਵਿਚੋਂ ਕਿਸਾਨ ਨੂੰ ਚਾਰ ਪੈਸੇ ਬਚਦੇ ਹਨ। ਇਨ੍ਹਾਂ ਦੋਵਾਂ ਗੱਲਾਂ ਕਰਕੇ ਅਸੀਂ ਝੋਨੇ ਦੇ ਸੁਭਾਅ ਨੂੰ ਉਸ ਦੀ ਲੋੜ ਸਮਝਦੇ ਰਹੇ।
ਪਰ ਹੁਣ ਦਲੇਰ ਵੱਟ ਦੇ ਆਉਣ ਨਾਲ ਇਹ ਸਚਾੲੀ ਸਾਹਮਣੇ ਆ ਗੲੀ ਹੈ ਕਿ ਝੋਨਾ ਸਿਰਫ ਮੀਂਹ ਦੇ ਪਾਣੀ ਨਾਲ ਹੀ ਨਹੀਂ ਹੋ ਸਕਦਾ, ਸਗੋਂ ਬਹੁਤੇ ਮੀਂਹ ਦਾ ਪਾਣੀ ਧਰਤੀ ਨੂੰ ਦਾਨ ਵੀ ਕਰਦਾ ਹੈ। ਹੁਣ ਦੋ ਹੀ ਮਸਲੇ ਹਨ। ਇਕ ਸਾਨੂੰ ਖੇਤ ਮਜ਼ਦੂਰਾਂ ਦੀ ਘਾਟ ਹੈ ਤੇ ਦੂਜੀ ਬਿਨਾਂ ਪਾਣੀ ਤੋਂ ਝੋਨੇ ਦੇ ਨਦੀਨ ਮਾਰਨੇ। ਦੋਵੇਂ ਹੀ ਮਸਲੇ ਅੱਜ ਹੱਲ ਹਨ। ਝੋਨੇ ਲੲੀ ਆਲੂਆਂ ਵਾਂਗ ਵੱਟਾਂ ਬਣਾ ਜਾਂ ਢਾੲੀ ਫੁੱਟੇ ਬੈੱਡ ਬਣਾਓ। ਹਲਕਾ ਪਾਣੀ ਦੇ ਕੇ ਇਸ ’ਤੇ ‘ਪ੍ਰੀ ਇਮਰਜੈਂਸ’ ‘ਉੱਗਣ ਤੋਂ ਪਹਿਲਾਂ ਨਦੀਨ ਨਾਸ਼ਕ’ ਕਿਸੇ ਵੀ ਚੰਗੀ ਕੰਪਨੀ ਦੀ ਦਵਾੲੀ ਛਿੜਕੋ। ਇਕ-ਦੋ ਦਿਨ ਵਿਚ ਝੋਨੇ ਦੇ ਬੀਜ ਨੂੰ ਮੂਲੀਆਂ ਵਾਂਗ ਵੱਟ ਦੇ ਦੋਵੇਂ ਪਾਸੇ ਅੱਧ ਵਿਚ ਡਰਿਬਲਰ ਨਾਲ ਵੱਟ ਜਾਂ ਬੈੱਡ ਉੱਤੇ ਲਗਾ ਦਿਓ। ਇਹ ਸਾਰਾ ਕੰਮ ਪਨੀਰੀ ਲਾਉਣ ਦੀ ਮਿਹਨਤ ਬਚਾ ਦੇਵੇਗਾ। ਖੇਤ ਨੂੰ ਕੱਦੂ ਕਰਨ ਦੀ ਲੋੜ ਨਹੀਂ। ਘੱਟੋ-ਘੱਟ ਇਕ ਖੇਤ ਪਿੱਛੇ 2000 ਤੋਂ 3000 ਰੁਪੲੇ ਦੀ ਬੱਚਤ ਹੋਵੇਗੀ, ਪਾਣੀ ਤਾਂ ਬਚੇਗਾ ਹੀ ।

ਵੱਟਾਂ ਉੱਤੇ ਲੱਗਾ ਝੋਨਾ

ਜਿਨ੍ਹਾਂ ਕਿਸਾਨਾਂ ਨੇ ਇਹ ਤਜਰਬੇ ਕੀਤੇ ਹਨ, ਉਨ੍ਹਾਂ ਅਨੁਸਾਰ ਇਕ ਮੋਟਰ ਨਾਲ ਹੀ 10–10 ਖੇਤ ਬਿਨਾਂ ਡੀਜ਼ਲ ਇੰਜਣ ਚਲਾੲੇ, ਝੋਨੇ ਦੇ ਪਾਲ ਲੲੇ। ਇਕ ਗੱਲ ਯਾਦ ਰੱਖੋ, ਝਾੜ ਵੱਧ ਲੈਣਾ ਓਨੀ ਦੇਰ ਅਕਲਮੰਦੀ ਨਹੀਂ, ਜਿੰਨੀ ਦੇਰ ਅਸੀਂ ਆਪਣੇ ਖਰਚੇ ਨਹੀਂ ਘਟਾਉਂਦੇ। ਜਿਹੜੇ ਕਿਸਾਨ ਇਹ ਤਜਰਬਾ ਕਰਨਾ ਚਾਹੁੰਦੇ ਹਨ, ਉਹ ਕੲੀ ਥਾਵਾਂ ’ਤੇ ਲੱਗੇ ਪ੍ਰਦਰਸ਼ਨੀ ਪਲਾਟ ਵੀ ਦੇਖ ਸਕਦੇ ਹਨ। ਕੁਦਰਤ ਦੇ ਨੇਮ ਅਨੁਸਾਰ ਝੋਨੇ ਦਾ ਉੱਗਣ ਦਾ ਸਮਾਂ ਮੲੀ ਦੇ ਪਹਿਲੇ ਤੋਂ ਤੀਜਾ ਹਫਤਾ ਹੈ। ਇਸ ਲੲੀ ਇਹੋ ਹੀ ਝੋਨਾ ਸਿੱਧਾ ਬੀਜਣ ਦਾ ਸਹੀ ਸਮਾਂ ਹੈ। ਕਿਉਂਕਿ ਪੁੱਟ ਕੇ ਪਨੀਰੀ ਲਾਉਣੀ ਹੀ ਨਹੀਂ, ਇਸ ਲੲੀ ਆਪੇ ਸਰਕਾਰੂ 15 ਜੂਨ ਦੀ ਤਰੀਕ ਦਾ ਵੀ ਕੋੲੀ ਵਿਰੋਧ ਨਹੀਂ। ਗੱਲ ਉਥੇ ਹੀ ਪਹੁੰਚ ਜਾਂਦੀ ਹੈ। ਜੇਕਰ ਇਹ ਤਕਨੀਕ ਅਸੀਂ ਕਾਮਯਾਬ ਕਰ ਲੲੀੲੇ ਤਾਂ ਫਿਰ ਝੋਨਾ ਕਣਕ ਦੇ ਵੱਢ ਵਿਚ ਭਾਵੇਂ ਮਾਰਚ ਦੇ ਅੱਧ ਵਿਚ ਲਾ ਕੇ ਅੱਗੇ ਇਕ ਹੋਰ ਵਾਧੂ ਫਸਲ ਵੀ ਲੲੀ ਜਾ ਸਕਦੀ ਹੈ। ਪਾਣੀ ਦੀ ਤੇ ਬਿਜਲੀ ਦੀ ਥੋੜ੍ਹ ਵੀ ਨਹੀਂ ਰਹੇਗੀ। ਆਓ ‘ਨਵੀਂ ਸੋਚ ਨਾਲ ਨਵੀਂ ਦਿਸ਼ਾ’ ਵਿਚ ਤੁਰੀੲੇ।

ਕੈਮਰਾ ਬੋਲ ਪਿਆ
ਜਨਮੇਜਾ ਸਿੰਘ ਜੌਹਲ 98159–45018
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)
http://www.ajitjalandhar.com/20080515/mags/pind2.htm