Wednesday, June 4, 2008

ਟਾਹਲੀ - ਇੱਕ ਦਰਖਤ, ਇਹ ਸੱਭਿਆਚਾਰ

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ
ਹੇਠ ਵਗੇ ਦਰਿਆ
ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ
ਬਗਲਾ ਬਣ ਕੇ ਆ।

ਗੀਤ ਦੇ ਬੋਲ ਗੁਣਗੁਣਾਉਣੇ ਜਾਂ ਸੁਣਨ ਲੲੀ ਬੜੇ ਰਸਭਿੰਨੇ ਤੇ ਸੋਹਣੇ ਜਾਪਦੇ ਹਨ ਪਰ ਗੀਤ ਦੁਆਰਾ ਬਿਆਨ ਕੀਤੀ ਸਥਿਤੀ ਪੰਜਾਬ ਵਿਚੋਂ ਦਿਨ-ਬਦਿਨ ਘਟਦੀ ਜਾ ਰਹੀ ਹੈ। ਮਨੁੱਖ ਦੁਆਰਾ ਆਪਣੇ ਨਿੱਜੀ ਸਵਾਰਥਾਂ ਸਦਕਾ ਕੀਤੇ ਕਾਰਜਾਂ ਕਰਕੇ ਟਾਹਲੀਆਂ, ਕਿੱਕਰਾਂ ਤੇ ਹੋਰ ਅਨੇਕਾਂ ਰੁੱਖਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਕਾਫੀ ਜ਼ਿਆਦਾ ਤਾਦਾਦ ਵਿਚ ਟਾਹਲੀਆਂ ਪੰਜ-ਸੱਤ ਸਾਲ ਪਹਿਲਾਂ ਪੲੀ ਅਣਪਛਾਤੀ ਬਿਮਾਰੀ ਦੀ ਭੇਟ ਚੜ੍ਹ ਗੲੀਆਂ। ਰਹਿੰਦੀ-ਖੂੰਹਦੀ ਕਸਰ ਕਿਸਾਨ ਹਰ ਸਾਲ ਹਾੜ੍ਹੀ-ਸਾਉਣੀ ਕਣਕ-ਝੋਨੇ ਦੀ ਨਾੜ ਨੂੰ ਅੱਗ ਲਾਉਣ ਸਮੇਂ ਕੱਢ ਰਿਹਾ ਹੈ। ਅੱਗ ਲਾਉਣ ਸਦਕਾ ਟਾਹਲੀਆਂ, ਕਿੱਕਰਾਂ ਤੇ ਹੋਰ ਰੁੱਖ ਹੀ ਅਗਨ ਭੇਟ ਨਹੀਂ ਹੋ ਰਹੇ ਬਲਕਿ ਉਨ੍ਹਾਂ ਉੱਪਰ ਬਸੇਰਾ ਕਰਦੇ ਅਨੇਕਾਂ ਪੰਛੀ ਉਨ੍ਹਾਂ ਦੇ ਬੋਟ ਅਤੇ ਅੰਡੇ ਤੱਕ ਵੀ ਮਨੁੱਖਤਾ ਦਾ ਸ਼ਿਕਾਰ ਹੋ ਰਹੇ ਹਨ। ਟਾਹਲੀ ਨੂੰ ਪੰਜਾਬ ਦਾ ਰਾਜ ਦਰੱਖਤ ਹੋਣ ਦਾ ਮਾਣ ਮਿਲਿਆ ਹੋਇਆ ਹੈ ਅਤੇ ਇਹ ਉੱਨੀਵੀਂ ਸਦੀ ਦੇ ਪੰਜਾਬ ਦੀਆਂ ਸੜਕਾਂ ਕੰਢੇ ਲੱਗਿਆ ਸਭ ਤੋਂ ਬਿਹਤਰ ਅਤੇ ਗੁਣਕਾਰੀ ਰੁੱਖ ਹੈ।
ਹਿਮਾਲਿਆ ਪਰਬਤ ਦੀਆਂ ਹੇਠਲੀਆਂ ਪਹਾੜੀਆਂ ਤੋਂ ਲੈ ਕੇ ਪੰਜਾਬ, ਮਹਾਰਾਸ਼ਟਰ, ਕਰਨਾਟਕ ਅਤੇ ਦੱਖਣੀ ਸੂਬੇ ਕੇਰਲ, ਤਾਮਿਲਨਾਡੂ ਤੱਕ ਮਿਲਣ ਵਾਲਾ ਦਰਮਿਆਨੇ ਤੋਂ ਵੱਡੇ ਆਕਾਰ ਦਾ ਟਾਹਲੀ ਨਾਮੀ ਰੁੱਖ ਸੰਸਾਰ ਪੱਧਰ ’ਤੇ ਸ਼ੀਸ਼ਮ, ਬਲੈਕਵੁੱਡ, ਰੋਜ਼ਵੁੱਡ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਦਾ ਵਿਗਿਆਨਕ ਨਾਂਅ Dalbergia Sissoo ਹੈ। ਕੁਝ-ਕੁਝ ਦਿਲ ਦੀ ਸ਼ਕਲ ਵਾਲੇ ਪੱਤੇ ਰੁੱਖ ਉੱਪਰੋਂ ਸਰਦੀ ਦੇ ਦਿਨੀਂ ਝੜ ਜਾਂਦੇ ਹਨ ਅਤੇ ਫਰਵਰੀ ਅੰਤ ਜਾਂ ਮਾਰਚ ਦੇ ਸ਼ੁਰੂ ਵਿਚ ਰੁੱਖ ਦੁਬਾਰਾ ਹਰਾ-ਭਰਾ ਹੋਣਾ ਸ਼ੁਰੂ ਹੋਣ ਦੇ ਨਾਲ ਹੀ ਅੱਧ ਮਾਰਚ ਦੇ ਕਰੀਬ ਬਹੁਤ ਹੀ ਛੋਟੇ-ਛੋਟੇ ਸਫੈਦ-ਕਰੀਮ ਰੰਗ ਦੇ ਫੁੱਲਾਂ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ। ਬਹੁਤ ਹਲਕੀ ਜਿਹੀ ਸੁਗੰਧੀ ਵਾਲੇ ਫੁੱਲ ਰੁੱਖ ਉੱਪਰ ਜ਼ਿਆਦਾ ਸਮਾਂ ਦਿਖਾੲੀ ਨਹੀਂ ਦਿੰਦੇ ਅਤੇ ਜਲਦੀ ਹੀ ਫੀਤੀਆਂ ਵਰਗੀ ਦਿੱਖ ਰੱਖਣ ਵਾਲੀਆਂ ਚਪਟੀਆਂ ਫਲੀਆਂ ਰੂਪੀ ਫਲਾਂ ਵਿਚ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। ਚਾਬੀਆਂ ਦੇ ਗੁੱਛਿਆਂ ਦੀ ਤਰ੍ਹਾਂ ਦਿੱਖ ਰੱਖਣ ਵਾਲੀਆਂ ਫਲੀਆਂ ਕਾਫੀ ਮਹੀਨਿਆਂ ਤੱਕ ਰੁੱਖ ਉੱਪਰ ਲਟਕਦੀਆਂ ਦਿਖਾੲੀ ਦਿੰਦੀਆਂ ਹਨ। ਰੁੱਖ ਦਾ ਬੀਜ ਹਵਾ ਅਤੇ ਪਾਣੀ ਦੋਵਾਂ ਸਾਧਨਾਂ ਰਾਹੀਂ ਵੱਖ-ਵੱਖ ਦਿਸ਼ਾਵਾਂ ਵਿਚ ਵੰਡਿਆ ਜਾਂਦਾ ਹੈ ਅਤੇ ਸਿੱਲ੍ਹਾ ਵਾਤਾਵਰਨ ਇਸ ਰੁੱਖ ਲੲੀ ਪਸੰਦੀਦਾ ਹੋਣ ਕਰਕੇ ਅਕਸਰ ਟਾਹਲੀਆਂ ਦਰਿਆਵਾਂ ਅਤੇ ਵਗਦੇ ਪਾਣੀਆਂ ਦੇ ਕੰਢੇ ਜ਼ਿਆਦਾ ਗਿਣਤੀ ਵਿਚ ਦੇਖਣ ਨੂੰ ਮਿਲਦੀਆਂ ਹਨ। ਟਾਹਲੀ ਦੇ ਪੌਦੇ ਬੀਜ ਅਤੇ ਜੜ੍ਹਾਂ ਤੋਂ ਫੁੱਟੀਆਂ ਹੌੲੀਆਂ ਸ਼ਾਖਾਂ ਤੋਂ ਤਿਆਰ ਕੀਤੇ ਜਾਂਦੇ ਹਨ। ਪਨੀਰੀ ਤਿਆਰ ਕਰਨ ਲੲੀ ਫਰਵਰੀ ਜਾਂ ਬਰਸਾਤ ਰੁੱਤ ਬਿਲਕੁਲ ਢੁਕਵੀਂ ਹੁੰਦੀ ਹੈ। ਚੰਗੇ ਜਲ ਨਿਕਾਸ ਵਾਲੀਆਂ ਜ਼ਮੀਨਾਂ ਵਿਚ ਤਿਆਰ ਪਨੀਰੀ ਲਗਭਗ 9-10 ਮਹੀਨਿਆਂ ਦੌਰਾਨ ਢੁਕਵੇਂ ਸਥਾਨਾਂ ’ਤੇ ਲਾਉਣ ਯੋਗ ਹੋ ਜਾਂਦੀ ਹੈ।
ਟਾਹਲੀ ਦੀ ਲੱਕੜ ਦਾ ਗੁਣਾਂ ਵਜੋਂ ਕੋੲੀ ਜਵਾਬ ਨਹੀਂ ਹੈ ਅਤੇ ਭਾਰਤ ਵਿਚ ਮਿਲਣ ਵਾਲੀਆਂ ਅਤਿਅੰਤ ਮਜ਼ਬੂਤ ਅਤੇ ਉਪਯੋਗੀ ਲੱਕੜਾਂ ਵਿਚੋਂ ਇਕ ਹੈ। ਇਸ ਦੀ ਲੱਕੜ ਛੋਟੇ ਸੰਦਾਂ ਤੋਂ ਲੈ ਕੇ ਇਮਾਰਤੀ ਅਤੇ ਫਰਨੀਚਰ ਆਦਿ ਹਰ ਕੰਮਾਂ ਵਿਚ ਵਰਤੀ ਜਾਂਦੀ ਹੈ। ਟਾਹਲੀ ਹਵਾ ਵਿਚੋਂ ਨਾੲੀਟ੍ਰੋਜਨ ਲੈਂਦੀ ਹੋਣ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ-ਨਾਲ ਸੋਕੇ ਦੇ ਦਿਨਾਂ ਵਿਚ ਪਸ਼ੂਆਂ ਦੇ ਹਰੇ ਚਾਰੇ ਵਜੋਂ ਵੀ ਕੰਮ ਵਿਚ ਲਿਆਂਦੀ ਜਾਂਦੀ ਹੈ। ਚਾਹ ਦੇ ਬਾਗਾਂ ਵਿਚ ਛਾਂ ਰੁੱਖ ਵਜੋਂ ਵਰਤੇ ਜਾਣ ਦੇ ਨਾਲ-ਨਾਲ ਪੰਜਾਬ ਵਿਚ ਵੀ ਸਾਂਝੀਆਂ ਅਤੇ ਜਨਤਕ ਥਾਵਾਂ ’ਤੇ ਇਸ ਨੂੰ ਇਨਸਾਨਾਂ ਅਤੇ ਡੰਗਰਾਂ ਲੲੀ ਛਾਂ ਰੁੱਖ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਕੁਝ ਲੋਕ ਇਸ ਤੋਂ ਬਾਲਣ, ਲੱਕੜੀ, ਚਾਰਕੋਲ ਅਤੇ ਤੇਲ ਦੀ ਪ੍ਰਾਪਤੀ ਵੀ ਕਰਦੇ ਹਨ। ਟਾਹਲੀ ਤੋਂ ਨਿਕਲਣ ਵਾਲਾ ਤੇਲ ਚਮੜੀ ਰੋਗ, ਪੱਤੇ ਔਰਤਾਂ ਦੇ ਛਾਤੀ ਅਤੇ ਮਾਸਿਕ ਧਰਮ ਰੋਗਾਂ ਦੇ ਇਲਾਜ ਲੲੀ ਵਰਤੇ ਜਾਂਦੇ ਹਨ। ਟਾਹਲੀ ਦਾ ਸਬੰਧ ਸਿੱਖ ਧਰਮ ਨਾਲ ਕਾਫੀ ਹੋਣ ਸਦਕਾ ਪੰਜਾਬ ਦੇ ਅਨੇਕਾਂ ਸਥਾਨਾਂ ’ਤੇ ਗੁਰਦੁਆਰਾ ਟਾਹਲੀ ਸਾਹਿਬ ਬਣੇ ਹੋੲੇ ਹਨ। ਪੈਸੇ ਦੀ ਦੌੜ ਵਿਚ ਭੱਜ ਰਹੇ ਇਨਸਾਨ ਨੂੰ ਮੇਰੀ ਦਿਲੀ ਸਲਾਹ ਹੈ ਕਿ ਉਹ ਕੁਝ ਰੁੱਖ ਸਿਰਫ ਲੱਕੜ ਦੀ ਪ੍ਰਾਪਤੀ ਦੀ ਬਜਾੲੇ ਵਾਤਾਵਰਨ ਦੀ ਸੇਵਾ-ਸੰਭਾਲ ਖਾਤਿਰ ਵੀ ਲਾਵੇ। 5 ਜੂਨ ‘ਵਿਸ਼ਵ ਵਾਤਾਵਰਨ ਦਿਵਸ’ ਵਜੋਂ ਸੰਸਾਰ ਪੱਧਰ ’ਤੇ ਮਨਾਇਆ ਜਾ ਰਿਹਾ ਹੈ ਅਤੇ ਸਾਨੂੰ ਪੰਜਾਬੀਆਂ ਨੂੰ ਵੀ ਇਸ ਵਿਚ ਥੋੜ੍ਹਾ-ਬਹੁਤ ਹਿੱਸਾ ਪਾਉਣਾ ਚਾਹੀਦਾ ਹੈ।

ਬਲਵਿੰਦਰ ਸਿੰਘ ਲੱਖੇਵਾਲੀ
98142-3904
ਰੋਜ਼ਾਨਾ ਅਜੀਤ ਵਿੱਚੋਂ ਧੰਨਵਾਦ ਸਹਿਤ